ਪੜ੍ਹਾਈ ਦੌਰਾਨ ਪਿਤਾ ਜਾਂ ਕਮਾਊ ਮੈਂਬਰ ਦੀ ਮੌਤ ਹੋਣ ‘ਤੇ ਪੂਰੀ ਪੜ੍ਹਾਈ ਮੁਫਤ ਕਰਵਾਉਣਗੇ ਪ੍ਰਾਈਵੇਟ ਸਕੂਲ

ਜਿਸ ਸਕੂਲ ਨੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਸਕੂਲਾਂ ਦੀ ਸ਼ਿਕਾਇਤ ਕਰਾਂਗੇ : ਗੁਰਪ੍ਰੀਤ ਧਮੋਲੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਡਾਇਰੈਕਟਰ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਨੂੰ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਅਦਾਰਿਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦੌਰਾਨ ਜੇਕਰ ਉਨ੍ਹਾਂ ਦੇ ਪਿਤਾ ਜਾਂ ਕਮਾਊ ਮੈਂਬਰ ਦੀ ਮੌਤ ਹੋ ਜਾਂਦੀ ਹੈ ਅਤੇ ਫੀਸ ਜਾਂ ਫੰਡ ਦੀ ਅਦਾਇਗੀ ਨਹੀਂ ਹੁੰਦੀ ਤਾਂ ਇਹਨਾਂ ਵਿਦਿਆਰਥੀਆਂ ਨੂੰ ਸਕੂਲ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿਦਿਆਰਥੀਆਂ ਦੀ ਉਸ ਸੰਸਥਾ ਵਿਚ ਪੜ੍ਹਾਈ ਮੁਕੰਮਲ ਹੋਣ ਤੱਕ ਕੋਈ ਵੀ ਫੀਸ ਵਸੂਲੀ ਨਹੀਂ ਜਾ ਸਕੇਗੀ। ਇਹ ਪ੍ਰਗਟਾਵਾ ਆਲ ਸਟੂਡੈਂਟਸ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਸ੍ਰੀ ਧਮੋਲੀ ਨੇ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ ਨੇ 13 ਮਾਰਚ 2020 ਨੂੰ ਪੱਤਰ ਨੰਬਰ 4/2/2020 ਜਾਰੀ ਕੀਤਾ ਹੈ ਜਿਸ ਵਿਚ ਇਹ ਹੁਕਮ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਹੁਕਮ ਆਪਣੇ ਆਪ ਵਿਚ ਬਹੁਤ ਵੱਡੀ ਅਹਿਮੀਅਤ ਰੱਖਦੇ ਹਨ ਕਿਉਂਕਿ ਅਜਿਹੇ ਹਜ਼ਾਰਾਂ ਹੀ ਕੇਸ ਸਾਹਮਣੇ ਆਉਂਦੇ ਹਨ ਜਿਥੇ ਮੰਦਭਾਗਾਂ ਨੂੰ ਵਿਦਿਆਰਥੀਆਂ ਦੇ ਪਿਤਾ ਜਾਂ ਕਮਾਊ ਮੈਂਬਰ ਦੀ ਮੌਤ ਹੋ ਜਾਂਦੀ ਹੈ।

ਉਹਨਾਂ ਕਿਹਾ ਕਿ ਕਈ ਕੇਸਾਂ ਵਿਚ ਇਹ ਕਮਾਊ ਮੈਂਬਰ ਵਿਦਿਆਰਥੀ ਦੀ ਮਾਂ, ਦਾਦਾ ਜਾਂ ਹੋਰ ਪਰਿਵਾਰ ਮੈਂਬਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸਮਾਜਿਕ ਸਮੱਸਿਆ ਹੈ ਜਿਸਦੇ ਹੱਲ ਲਈ ਸਿੱਖਿਆ ਵਿਭਾਗ ਨੇ ਵੱਡੀ ਪਹਿਲ ਕੀਤੀ ਹੈ।

ਧਮੋਲੀ ਨੇ ਪਟਿਆਲਾ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਜੇਕਰ ਅਜਿਹਾ ਕੋਈ ਮਾਮਲਾ ਉਹਨਾਂ ਦੇ ਧਿਆਨ ਵਿਚ ਆਉਂਦਾ ਹੈ ਜਿਥੇ ਵਿਦਿਆਰਥੀ ਦੇ ਪਿਤਾ ਜਾਂ ਕਮਾਊ ਮੈਂਬਰ ਦੀ ਮੌਤ ਹੋ ਗਈ ਹੋਵੇ ਅਤੇ ਪ੍ਰਾਈਵੇਟ ਸਕੂਲ ਵਾਲੇ ਉਸਨੂੰ ਫੀਸਾਂ ਜਾਂ ਹੋਰ ਫੰਡਾਂ ਦੀ ਅਦਾਇਗੀ ਵਾਸਤੇ ਮਜਬੂਰ ਕਰਨ ਤਾਂ ਅਜਿਹੇ ਮਾਮਲੇ ਐਸੋਸੀਏਸ਼ਨ ਦੇ ਧਿਆਨ ਵਿਚ ਲਿਆਂਦੇ ਜਾਣ, ਉਹ ਇਹ ਮਾਮਲੇ ਜ਼ਰੂਰ ਹੱਲ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਜੇਕਰ ਐਸੋਸੀਏਸ਼ਨ ਅਜਿਹੇ ਵਿਦਿਆਰਥੀ ਦੇ ਮਸਲੇ ਹੱਲ ਨਾ ਕਰਵਾ ਸਕੀ ਤਾਂ ਖੁਦ ਆਪਣੀ ਜੇਬ ਵਿਚੋਂ ਅਜਿਹੇ ਵਿਦਿਆਰਥੀਆਂ ਦੀਆਂ ਫੀਸਾਂ ਅਦਾ ਕਰੇਗੀ। ਉਹਨਾਂ ਸਪਸ਼ਟ ਕੀਤਾ ਕਿ ਜਾਰੀ ਕੀਤੇ ਗਏ ਹੁਕਮਾਂ ਦਾ ਅਰਥ ਹੈ ਕਿ ਜੇਕਰ ਕੋਈ ਵਿਦਿਆਰਥੀ ਦੂਜੀ ਕਲਾਸ ਵਿਚ ਪੜਦਾ ਹੈ ਅਤੇ ਸਕੂਲ 12ਵੀਂ ਕਲਾਸ ਤੱਕ ਹੈ ਤਾਂ ਫਿਰ 12ਵੀਂ ਤੱਕ ਸਿੱਖਿਆ ਮੁਫਤ ਪ੍ਰਦਾਨ ਕਰਨੀ ਪਵੇਗੀ ਜਾਂ ਫਿਰ ਜਦੋਂ ਵੀ ਵਿਦਿਆਰਥੀ ਸਕੂਲ ਛੱਡੇ ਉਦੋਂ ਤੱਕ ਮੁਫਤ ਸਿੱਖਿਆ ਦੇਣੀ ਪਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਗੁਰਪ੍ਰੀਤ ਸਿੰਘ ਚੰਢੋਕ, ਸੁਖਜਿੰਦਰ ਸਿੰਘ ਸੁੱਖੀ, ਬਲਜਿੰਦਰ ਸਿੰਘ ਅਬਦਲਪੁਰ, ਰਵਿੰਦਰਪਾਲ ਸਿੰਘ ਬਿੰਦਰਾ, ਕੀਰਤ ਸਿੰਘ ਸੇਹਰਾ, ਗੁਰਜੋਤ ਸਿੰਘ ਕੌਲੀ, ਸੰਦੀਪ ਕੌਲੀ, ਅਤਰਪਰੀਤ ਸਿੰਘ ਕੌਲੀ, ਅਜੈਪਾਲ ਸਿੰਘ ਤੇ ਹੋਰ ਸਾਥੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।