ਵੱਡੀ ਗਿਣਤੀ ਵਿਆਹ ਦੀਆਂ ਤਰੀਕਾਂ ‘ਚ ਰੱਦੋ ਬਦਲ, ਬਰਸੀ ਸਮਾਗਮ ਵੀ ਹੋਏ ਰੱਦ
ਸੰਗਰੂਰ, (ਗੁਰਪ੍ਰੀਤ ਸਿੰਘ) ਚੀਨ ਸਮੇਤ ਦਰਜ਼ਨਾਂ ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਅਸਰ ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਵੀ ਵੇਖਣ ਨੂੰ ਮਿਲਣ ਲੱਗਿਆ ਹੈ ਪੰਜਾਬ ਦੇ ਵੱਡੀ ਗਿਣਤੀ ਸਮਾਗਮ ਇਸ ਕਾਰਨ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ ਪੰਜਾਬ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸਣ ਵਾਲੇ ਪ੍ਰਵਾਸੀਆਂ ਦੀਆਂ ਟਿਕਟਾਂ ਰੱਦ ਹੋਣ ਕਾਰਨ ਹੀ ਇਹ ਸਮਾਗਮ ਰੱਦ ਹੋ ਰਹੇ ਹਨ ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਬਰਸੀਆਂ ਦੇ ਵੱਡੇ ਸਮਾਗਮ ਜਿਹੜੇ ਹਰ ਸਾਲ ਕਰਵਾਏ ਜਾਂਦੇ ਹਨ, ਉਹ ਵੀ ਰੱਦ ਹੋ ਗਏ ਹਨ
ਜਾਣਕਾਰੀ ਮੁਤਾਬਕ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦੀ ਦਸਤਕ ਕਾਰਨ ਉਥੋਂ ਦੀਆਂ ਸਰਕਾਰਾਂ ਇਸ ਨੂੰ ਲੈ ਕੇ ਚੌਕਸ ਹੋ ਗਈਆਂ ਹਨ ਇਨ੍ਹਾਂ ਦੇਸ਼ਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵਸ ਰਿਹਾ ਹੈ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੇਸ਼ਾਂ ਵਿੱਚੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਫਿਲਹਾਲ ਰੋਕ ਦਿੱਤਾ ਹੈ
ਜਿਸ ਕਾਰਨ ਵੱਡੀ ਗਿਣਤੀ ਲੋਕਾਂ ਦੀਆਂ ਟਿਕਟਾਂ ਖਰੀਦੀਆਂ ਬੇਕਾਰ ਹੋ ਗਈਆਂ ਹਨ ਇੱਕ ਅਮਰੀਕਾ ਦੇ ਨਿਊਜ਼ਰਸੀ ਸਟੇਟ ਦੇ ਨਜ਼ਦੀਕ ਰਹਿੰਦੇ ਪੰਜਾਬੀ ਪ੍ਰਵਾਸੀ ਨੌਜਵਾਨ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 12 ਸਾਲਾਂ ਤੋਂ ਅਮਰੀਕਾ ਵਿੱਚ ਪੱਕੇ ਤੌਰ ‘ਤੇ ਰਹਿ ਰਿਹਾ ਹੈ ਜਦੋਂ ਕਿ ਉਨ੍ਹਾਂ ਦਾ ਬਾਕੀ ਪਰਿਵਾਰ ਜਗਰਾਓਂ ਤੇ ਇਸ ਦੇ ਹੋਰ ਨੇੜੇ ਤੇੜੇ ਦੇ ਪਿੰਡਾਂ ਵਿੱਚ ਵਸਦਾ ਹੈ
ਉਸ ਨੇ ਦੱਸਿਆ ਕਿ 20 ਮਾਰਚ ਨੂੰ ਉਨ੍ਹਾਂ ਦੀ ਮਾਸੀ ਦੇ ਲੜਕੇ ਦਾ ਵਿਆਹ ਸਮਾਗਮ ਸੀ ਅਤੇ ਸਮੁੱਚੇ ਪਰਿਵਾਰ ਨੇ ਭਾਰਤ ਆਉਣਾ ਸੀ ਪਰ ਕੋਰੋਨਾ ਕਾਰਨ ਭਾਰਤ ਸਰਕਾਰ ਵੱਲੋਂ ਫਿਲਹਾਲ ਉਨ੍ਹਾਂ ਦੇ ਆਉਣ ‘ਤੇ ਰੋਕ ਲਾ ਦਿੱਤੀ ਅਤੇ ਉਨ੍ਹਾਂ ਨੂੰ ਖਰੀਦੀਆਂ ਟਿਕਟਾਂ ਵੀ ਕੈਂਸਲ ਕਰਵਾਉਣੀਆਂ ਪਈਆਂ ਸਮੁੱਚਾ ਪਰਿਵਾਰ ਨਿਰਾਸ਼ਾ ਵਿੱਚ ਹੈ ਇੱਧਰ ਜਗਰਾਓਂ ਵਾਲੇ ਪਰਿਵਾਰ ਵੱਲੋਂ ਇਸ ਕਾਰਨ ਵਿਆਹ ਦੀ ਤਾਰੀਖ ਵਿੱਚ ਬਦਲਾਅ ਕੀਤਾ ਗਿਆ ਹੈ
ਆਸਟਰੇਲੀਆ ਵਿੱਚ ਰਹਿ ਰਹੇ ਪੰਜਾਬੀ ਪਰਿਵਾਰ ਜਸਵੀਰ ਸਿੰਘ ਨੇ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਉਸ ਨੇ ਵੀ ਆਪਣੀ ਭਤੀਜੀ ਦੇ ਵਿਆਹ ਵਿੱਚ ਆਉਣਾ ਸੀ ਪਰ ਉਨ੍ਹਾਂ ਨੂੰ ਵੀ ਆਪਣੀਆਂ ਟਿਕਟਾਂ ਕੈਂਸਲ ਕਰਵਾਉਣੀਆਂ ਪਈਆਂ ਇਸੇ ਤਰ੍ਹਾਂ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀ ਗੁਰਦੀਪ ਸਿੰਘ ਬਰਮੀ ਨੂੰ ਵੀ ਆਪਣੀ ਟਿਕਟ ਕੈਂਸਲ ਕਰਵਾਉਣੀ ਪਈ
ਇਸੇ ਤਰ੍ਹਾਂ ਪਿੰਡ ਦੌਧਰ ਵਿਖੇ ਹਰ ਸਾਲ ਹੋਣ ਵਾਲੇ ਵੱਡੇ ਧਾਰਮਿਕ ਬਰਸੀ ਸਮਾਗਮ ਨੂੰ ਵੀ ਰੱਦ ਕਰ ਦਿੱਤਾ ਗਿਆ ਇਸ ਵੱਡੇ ਸਮਾਗਮ ਦੇ ਰੱਦ ਹੋਣ ਦੀ ਸੂਚਨਾ ਦੇਣ ਲਈ ਪ੍ਰਬੰਧਕਾਂ ਨੂੰ ਵੱਖ-ਵੱਖ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ ਪਿਆ ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੇ ਨਾ ਆਉਣ ਕਰਕੇ ਫਿਲਹਾਲ ਇਸ ਸਮਾਗਮ ਨੂੰ ਰੱਦ ਕੀਤਾ ਗਿਆ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਇਸ ਬਰਸੀ ਸਮਾਗਮ ਨੂੰ ਰੱਦ ਕੀਤਾ ਗਿਆ ਹੋਵੇ
ਕੋਰੋਨਾ ਦੇ ਡਰ ਦਾ ਫਾਇਦਾ ਲੈਣ ਦੀ ਲੱਗੀ ਹੋੜ
ਕੋਰੋਨਾ ਵਾਇਰਸ ਫੈਲਣ ਦੇ ਡਰ ਕਾਰਨ ਇਸ ਤੋਂ ਫਾਇਦਾ ਲੈਣ ਦੀ ਹੋੜ ਲੱਗੀ ਹੋਈ ਹੈ ਦਵਾਈਆਂ ਦੀਆਂ ਦੁਕਾਨਾਂ ‘ਤੇ ਵਿਕਣ ਵਾਲੇ ਸੈਨੇਟਾਈਜ਼ਰ ਵੀ ਬਲੈਕ ਵਿੱਚ ਮਿਲਣ ਲੱਗੇ ਹਨ ਜਾਂ ਫਿਰ ਆਮ ਨਾਲੋਂ ਦੁੱਗਣੀ ਕੀਮਤ ‘ਤੇ ਵਿਕ ਰਹੇ ਹਨ ਇਸ ਤੋਂ ਇਲਾਵਾ ਮੂੰਹ ਢਕਣ ਵਾਲੇ ਮਾਸਕ ਜਿਹੜੇ ਮਹਿਜ਼ 10 ਰੁਪਏ ਦੇ ਵਿਕਦੇ ਸੀ, ਉਹ ਅੱਜ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੀ ਕੀਮਤ ਵਿੱਚ ਵਿਕ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।