ਕਾਂਗਰਸੀ ਵਿਧਾਇਕ ਨੇ ਘੇਰਿਆ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ
ਸਾਰੀ ਸੜਕ ਹੀ ਟੁੱਟੀ ਪਈ ਐ, ਕਿਥੇ ਕਿਥੇ ਪੈਚਵਰਕ ਲਾਇਆ ਐ, ਇਹ ਖ਼ੁਦ ਦੇਖ ਲੈਣ
ਚੰਡੀਗੜ, (ਅਸ਼ਵਨੀ ਚਾਵਲਾ)। ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਨੇ ਆਪਣੀ ਹੀ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾਂ ਨੂੰ ਘੇਰਦੇ ਹੋਏ ਸਦਨ ਵਿੱਚ ਮੰਤਰੀ ਵਲੋਂ ਦਿੱਤੇ ਗਏ ਬਿਆਨ ਨੂੰ ਹੀ ਝੂਠਾ ਕਰਾਰ ਦੇ ਦਿੱਤਾ ਹੈ। ਦਰਸ਼ਨ ਬਰਾੜ ਵੱਲੋਂ ਨਾਨਕਸਰ ਸਮਾਧ ਭਾਈ ਤੋਂ ਮੋਗਾ ਅਤੇ ਬਾਘਾਪੁਰਾਣਾ ਤੋਂ ਭਗਤਾ ਦੀਆਂ ਸੜਕਾਂ ਦੀ ਮੁਰੰਮਤ ਬਾਰੇ ਪੁੱਛਿਆ ਸੀ ਤਾਂ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਜੁਆਬ ਦਿੱਤਾ ਗਿਆ ਕਿ ਮੋਗਾ ਬਾਈਪਾਸ ਤੋਂ ਨਾਨਕਸਰ ਗੁਰੂਦੁਆਰਾ ਨੂੰ ਜਾਂਦੀ ਸੜਕੀ ਦੀ ਲੰਬਾਈ 24.40 ਕਿਲੋਮੀਟਰ ਹੈ ਅਤੇ ਇਸ ਸੜਕ ਉਪਰ ਪੈਚ ਵਰਕ ਨਾਲ ਮੁਰੰਮਤ ਦਾ ਕੰਮ ਸਤੰਬਰ 2019 ਵਿੱਚ ਕਰਵਾਇਆ ਗਿਆ ਹੈ। ਦੂਜੀ ਸੜਕ ਬਾਘਾਪੁਰਾਣਾ ਨਾਥਾਣਾ ਦੀ ਲੰਬਾਈ 18.60 ਕਿਲੋਮੀਟਰ ਹੈ ਅਤੇ ਵਿਧਾਇਕ ਦਰਸ਼ਨ ਬਰਾੜ ਇਸ ਸੜਕ ਨੂੰ ਚੌੜਾ ਕਰਵਾਉਣਾ ਚਾਹੁੰਦੇ ਹਨ, ਜਿਹੜਾ ਕਿ ਨੈਸ਼ਨਲ ਹਾਈਵੇ ਹੈ। ਇਸ ਸੜਕ ‘ਤੇ ਪੈਚਵਰਕ ਕਰਵਾਉਣ ਲਈ ਟੈਂਡਰ ਪ੍ਰਾਪਤ ਹੋ ਚੁੱਕਾ ਹੈ।
ਇਸ ਜੁਆਬ ‘ਤੇ ਬੋਲਦੇ ਹੋਏ ਵਿਧਾਇਕ ਦਰਸ਼ਨ ਬਰਾੜ ਨੇ ਕਿਹਾ ਕਿ ਸੜਕ ਉਥੇ ਹੀ ਪਈ ਹੈ ਅਤੇ ਜਾ ਕੇ ਕੋਈ ਵੀ ਪੁੱਛ ਸਕਦਾ ਹੈ ਕਿਸੇ ਨੇ ਕਦੋਂ ਪੈਚਵਰਕ ਕੀਤਾ ਹੈ। ਕਿਥੇ ਕਿਥੇ ਪੈਚਵਰਕ ਕੀਤਾ ਗਿਆ ਹੈ, ਇਸ ਮਾਮਲੇ ਵਿੱਚ ਕਮੇਟੀ ਬਣਾ ਕੇ ਦੇਖ ਲੈਣ ਕਿ ਕਿਥੇ ਕਿਥੇ ਪੈਚਵਰਕ ਲੱਗਿਆ ਹੈ। ਦਰਸ਼ਨ ਬਰਾੜ ਨੇ ਕਿਹਾ ਕਿ ਦੂਜੀ ਸੜਕ ਦੀ ਗਲ ਕਰਦੇ ਹਾਂ ਕਿ ਉਥੇ ਪੈਚਵਰਕ ਕਰਵਾਇਆ ਜਾ ਰਿਹਾ ਹੈ ਪਰ ਪੈਚਵਰਕ ਕਰਵਾਉਣਗੇ ਕਿਥੇ ?
ਉਨਾਂ ਕਿਹਾ ਕਿ ਉਥੇ ਤਾਂ ਸੜਕ ਹੀ ਸਾਰੀ ਟੁੱਟੀ ਪਈ ਹੈ ਅਤੇ ਪੈਚ ਵਰਕ ਤਾਂ ਹੁੰਦਾ ਜੇਕਰ ਸੜਕ ਹੁੰਦੀ ਉਥੇ, ਉਥੇ ਤਾਂ ਭੋਰਾ ਵੀ ਸੜਕ ਨਹੀਂ ਹੈ। ਉਨਾਂ ਕਿਹਾ ਕਿ ਇਥੇ ਹੀ ਮੰਤਰੀ ਗੁਰਪ੍ਰੀਤ ਕਾਂਗੜ ਬੈਠਾ ਹੈ, ਇਹ ਹੀ ਦੱਸ ਦੇਣ ਕਿ ਸੜਕ ਕਿਵੇਂ ਦੀ ਹੈ, ਜਮ੍ਹਾ ਹੀ ਸੜਕ ਟੁੱਟੀ ਪਈ ਹੈ। ਮੇਰੀ ਸੜਕ ਬਣਾ ਦਿਓ, ਕਾਫ਼ੀ ਜਿਆਦਾ ਟੁੱਟੀ ਪਈ ਹੈ। ਇਸ ‘ਤੇ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਕੁਆਲਿਟੀ ਕੰਟਰੋਲ ਤੋਂ ਚੈੱਕ ਕਰਵਾ ਲੈਣਗੇ, ਕਿਉਂਕਿ ਉਨਾਂ ਨੇ ਖੁਦ ਹੀ ਸੜਕ ਬਣਵਾਈ ਹੈ।
ਕਦੋਂ ਮਿਲੇਗੀ ਚਾਹ-ਪੱਤੀ, ਹਰ ਵਾਰ ਰੱਖ ਲਏ ਜਾਂਦੇ ਹਨ ਪੈਸੇ : ਐਨ. ਕੇ. ਸ਼ਰਮਾ
ਵਿਧਾਇਕ ਐਨ. ਕੇ. ਸ਼ਰਮਾ ਨੇ ਵਿਧਾਨ ਸਭਾ ਵਿੱਚ ਮੰਤਰੀ ਭਾਰਤ ਭੂਸ਼ਨ ਆਸੂ ਨੂੰ ਘੇਰਦੇ ਹੋਏ ਪੁੱਛਿਆ ਕਿ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਆਟਾ ਦਾਲ ਦੇ ਨਾਲ ਚਾਹ ਅਤੇ ਪੱਤੀ ਵੀ ਦਿੱਤੀ ਜਾਏਗੀ ਪਰ ਤਿੰਨ ਸਾਲ ਬੀਤ ਗਏ ਅਜੇ ਤੱਕ ਕਿਸੇ ਨੂੰ ਵੀ ਚਾਹ ਪੱਤੀ ਨਹੀਂ ਮਿਲੀ ਹੈ। ਉਨਾਂ ਪੁੱਛਿਆ ਕਿ ਖਜਾਨਾ ਮੰਤਰੀ ਹਰ ਵਾਰ ਬਜਟ ਵਿੱਚ ਪੈਸੇ ਰੱਖ ਲੈਂਦੇ ਹਨ ਪਰ ਚਾਹ ਪੱਤੀ ਨਹੀਂ ਮਿਲਦੀ ਹੈ। ਇਸ ਨਾਲ ਹੀ ਇਹ ਵੀ ਦੱਸਿਆ ਜਾਵੇ ਕਿ ਸਾਰੀਆਂ ਨੂੰ ਚਾਹ ਪੱਤੀ ਇਕੱਠੀ ਬੈਕਲਾਗ ਨਾਲ ਹੀ ਦਿੱਤੀ ਜਾਏਗੀ ਜਾਂ ਫਿਰ ਨਹੀਂ। ਭਾਰਤ ਭੂਸ਼ਨ ਆਸੂ ਤੋਂ ਪੁੱਛੇ ਗਏ ਇਹ ਸੁਆਲ ਸਪਲੀਮੈਂਟਰ ਸਨ ਅਤੇ ਵੱਖਰਾ ਸੁਆਲ ਹੋਣ ਦੇ ਕਾਰਨ ਜਿਆਦਾ ਇਨਾਂ ਦਾ ਜੁਆਬ ਆ ਹੀ ਨਹੀਂ ਸਕਿਆਂ।
ਨਹੀਂ ਕੀਤਾ ਕਦੇ 2500 ਦਾ ਵਾਅਦਾ, 1500 ਪੈਨਸ਼ਨ ਕਰਨਾ ਵਿਚਾਰ ਅਧੀਨ
ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਲਗਾਏ ਸੁਆਲ ਵਿੱਚ ਸਰਕਾਰ ਵਲੋਂ ਬੁਢਾਪਾ ਅਤੇ ਵਿਧਵਾ ਸਣੇ ਦਿਵਿਆਂਗ ਦੀ ਪੈਨਸ਼ਨ 2500 ਰੁਪਏ ਮਹੀਨਾ ਕਰਨ ਦੇ ਮਾਮਲੇ ਵਿੱਚ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਅਸੀਂ ਕਦੇ ਵੀ 2500 ਪੈਨਸ਼ਨ ਕਰਨ ਦਾ ਵਾਅਦਾ ਨਹੀਂ ਕੀਤਾ ਸੀ ਅਤੇ ਉਹ ਆਪਣੇ ਨਾਲ ਕਾਂਗਰਸ ਪਾਰਟੀ ਚੋਣ ਮਨੋਰਥ ਪੱਤਰ ਲੈ ਕੇ ਆਏ ਹਨ। ਉਨਾਂ ਵਲੋਂ ਪੈਨਸ਼ਨ 1500 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਸਾਰਿਆਂ ਦੀ ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ ਲਈ ਵਿਚਾਰ ਚਲ ਰਿਹਾ ਹੈ।
ਜਲਦ 3 ਹਜ਼ਾਰ ਰੁਪਏ ਮਿਲੇਗਾ ਮਿਡ ਡੇ ਮੀਲ ਵਰਕਰਾਂ ਨੂੰ ਮਾਣ ਭੱਤਾ
ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰ ਦੇ ਵਿਚਾਰ ਅਧੀਨ ਚਲ ਰਿਹਾ ਹੈ ਕਿ ਮਿਡ ਡੇ ਮੀਲ ਵਰਕਰਾਂ ਦਾ ਮਾਣ ਭੱਤਾ 1700 ਤੋਂ ਵਧਾ ਕੇ 3 ਹਜ਼ਾਰ ਰੁਪਏ ਕਰ ਦਿੱਤਾ ਜਾਵੇ। ਇਸ ਸਬੰਧੀ ਵਿਭਾਗ ਵਲੋਂ ਪ੍ਰਸਤਾਵ ਵਿੱਤ ਵਿਭਾਗ ਨੂੰ ਵੀ ਭੇਜ ਦਿੱਤਾ ਗਿਆ ਹੈ, ਜਿਥੋਂ ਇਜਾਜ਼ਤ ਮਿਲਣ ਤੋਂ ਬਾਅਦ ਇਸ ਬਾਰੇ ਆਖਰੀ ਐਲਾਨ ਕਰ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਇਨਾਂ ਵਰਕਰਾਂ ਨੂੰ 60:40 ਰੇਸ਼ੋ ਨਾਲ ਤਨਖ਼ਾਹ ਦਿੱਤੀ ਜਾ ਰਹੀਂ ਹੈ। ਇਸ ਸਮੇਂ 42205 ਮਿਡ ਡੇ ਮੀਲ ਵਰਕਰ ਕੰਮ ਕਰ ਰਹੇ ਹਨ ਅਤੇ ਪਹਿਲਾਂ ਵੀ 1200 ਤੋਂ ਮਾਣ ਭੱਤਾ ਵਧਾਉਂਦੇ ਹੋਏ 1700 ਇਸੇ ਕਾਂਗਰਸ ਸਰਕਾਰ ਨੇ ਕੀਤੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।