ਸਰਕਾਰ ਨੇ ਬਜਟ ਰੱਖਿਆ ਸਬਸਿਡੀ ਲਈ 8275 ਕਰੋੜ ਰੁਪਏ, ਪਿਛਲੇ ਸਾਲ ਦੀ 5664 ਕਰੋੜ ਰੁਪਏ ਸਬਸਿਡੀ ਪੈਂਡਿੰਗ
ਸਮੇਂ ਸਿਰ ਸਬਸਿਡੀ ਜਾਰੀ ਨਾ ਕਰਨ ਕਰਕੇ ਪਾਵਰਕੌਮ ਦਾ ਵਿੱਤੀ ਢਾਂਚਾ ਹਿੱਲਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਟਿਊਬਵੈੱਲਾਂ ਸਮੇਤ ਹੋਰ ਕੈਟਾਗਰੀਆਂ ਨੂੰ ਦਿੱਤੀ ਜਾ ਰਹੀ ਰਿਆਇਤੀ ਮੁਫ਼ਤ ਬਿਜਲੀ ਸਬੰਧੀ ਪਾਵਰਕੌਮ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਸਰਕਾਰ ਵੱਲ ਪਿਛਲੇ ਕਾਫੀ ਸਮੇਂ ਤੋਂ ਪੈਡਿੰਗ ਖੜ੍ਹੀ ਹੈ। ਉਂਜ ਸਰਕਾਰ ਵੱਲੋਂ ਹਰ ਬਜਟ ਵਿੱਚ ਸਬਸਿਡੀ ਦੇ ਰੂਪ ਵਿੱਚ ਹਜ਼ਾਰਾਂ ਕਰੋੜ ਰੁਪਏ ਰੱਖਣ ਦੀ ਤਜਵੀਜ਼ ਤਾਂ ਰੱਖ ਦਿੱਤੀ ਜਾਂਦੀ ਹੈ, ਪਰ ਪਾਵਰਕੌਮ ਨੂੰ ਇਹ ਸਹੀ ਸਮੇਂ ਤੇਂ ਨਾ ਮਿਲਣ ਕਾਰਨ ਪਾਵਰਕੌਮ ਦਾ ਤਵਾਜਨ ਵਿਗੜ ਰਿਹਾ ਹੈ।
ਇਕੱਤਰ ਹੋਈ ਜਾਣਕਾਰੀ ਮੁਤਾਬਿਕ ਖਜਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਆਪਣੇ ਬਜਟ ‘ਚ ਕਿਸਾਨਾਂ ਸਮੇਤ ਹੋਰ ਵੱਖ-ਵੱਖ ਵਰਗ ਨੂੰ ਦਿੱਤੀ ਜਾਣ ਵਾਲੀ ਰਿਆਇਤੀ ਬਿਜਲੀ ਲਈ ਸਬਸਿਡੀ ਦੇ ਤੌਰ ‘ਤੇ 8275 ਕਰੋੜ ਰੁਪਏ ਰੱਖਣ ਦੀ ਤਜ਼ਵੀਜ਼ ਰੱਖੀ ਗਈ ਹੈ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਹ ਸਬਸਿਡੀ ਪਾਵਰਕੌਮ ‘ਤੇ ਭਾਰੀ ਪੈ ਰਹੀ ਹੈ। ਸਰਕਾਰ ਵੱਲੋਂ ਪਾਵਰਕੌਮ ਨੂੰ ਇਸ ਸਾਲ ਦੀ 31 ਮਾਰਚ ਤੱਕ 13704 ਕਰੋੜ ਰੁਪਏ ਰਿਆਇਤੀ ਬਿਜਲੀ ਵਾਲੀ ਸਬਸਿਡੀ ਦਿੱਤੀ ਜਾਣੀ ਹੈ।
ਸਰਕਾਰ ਵੱਲੋਂ ਇਸ ਵਿੱਚੋਂ ਸਿਰਫ਼ 8040 ਕਰੋੜ ਪਾਵਰਕੌਮ ਨੂੰ ਦਿੱਤਾ ਜਾ ਚੁੱਕਾ ਹੈ । ਪਤਾ ਲੱਗਾ ਹੈ ਕਿ ਸਰਕਾਰ ਵੱਲ ਅਜੇ ਪਿਛਲੇ ਸਾਲਾਂ ਦੀ 5650 ਕਰੋੜ ਤੋਂ ਵੱਧ ਦੀ ਸਬਸਿਡੀ ਪੈਡਿੰਗ ਖੜ੍ਹੀ ਹੈ। ਸਮੇਂ ਸਿਰ ਸਬਸਿਡੀ ਨਾ ਮਿਲਣ ਕਾਰਨ ਪਾਵਰਕੌਮ ਦਾ ਆਰਥਿਕ ਤਵਾਜਨ ਬਿਗੜ ਰਿਹਾ ਹੈ। ਸਬਸਿਡੀ ਨਾ ਮਿਲਣ ਕਾਰਨ ਸਥਿਤੀ ਇੱਥੋਂ ਤੱਕ ਪਹੁਚ ਜਾਂਦੀ ਹੈ ਕਿ ਪਾਵਰਕੌਮ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦੇ ਸਕਦੀ।
ਪਿਛਲੇ ਕੁਝ ਮਹੀਨੇ ਪਾਵਰਕੌਮ ਨੂੰ ਵੱਡੀ ਤੰਗੀ ਆਈ ਹੈ ਅਤੇ ਮੁਲਾਜ਼ਮਾਂ ਵੱਲੋਂ ਆਪਣੀ ਤਨਖਾਹ ਰਿਲਿਜ਼ ਕਰਵਾਉਣ ਲਈ ਤਿੰਨ ਦਿਨ ਧਰਨੇ ਦੇਣੇ ਪਏ ਸਨ। ਧਰਨਿਆਂ ਤੋਂ ਬਾਅਦ ਸਰਕਾਰ ਵੱਲੋਂ ਕੁਝ ਸਬਸਿਡੀ ਦੀ ਰਕਮ ਜਾਰੀ ਕੀਤੀ ਗਈ ਜਿਸ ਤੋਂ ਬਾਅਦ ਪਾਵਰਕੌਮ ਵੱਲੋਂ ਆਪਣੇ ਮੁਲਾਜ਼ਮਾਂ ਦੀ ਤਨਖਾਹ ਪਾਈ ਗਈ। ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਹਰ ਬਜਟ ਵਿੱਚ ਸਬਸਿਡੀ ਦੀ ਕਰੋੜਾਂ ਰੁਪਏ ਰਕਮ ਤਾ ਦਿਖਾਵੇ ਤੇ ਤੌਰ ਤੇ ਰੱਖ ਦਿੰਦੀ ਹੈ, ਪਰ ਇਸ ਦਾ ਫਾਇਦਾ ਫੇਰ ਹੀ ਹੈ ਜੇਕਰ ਇਹ ਰਕਮ ਆਏ ਮਹੀਨੇ ਪਾਵਰਕੌਮ ਦੇ ਖਾਤੇ ਵਿੱਚ ਪਾਈ ਜਾਵੇ।
ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਹਾਲਤ ਤਾ ਤਰਸਯੋਗ ਬਣੀ ਹੋਈ ਹੈ ਜਦਕਿ ਸਰਕਾਰ ਵੱਲੋਂ ਪਾਵਰਕੌਮ ਨੂੰ ਫਾਇਦੇ ਵਿੱਚ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਸਰਕਾਰਾਂ ਆਮ ਲੋਕਾਂ ਨਾਲ ਜੁੜੇ ਬਿਜਲੀ ਦੇ ਮਸਲਿਆਂ ਤੇ ਕਿਉਂ ਧਿਆਨ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਸਰਕਾਰਾਂ ਪਾਵਰਕੌਮ ਨੂੰ ਹੁਲਾਰਾਂ ਦੇਣ ਦੀ ਥਾਂ ਇਸ ਦੀ ਹਾਲਤ ਨੂੰ ਨਕਾਰਾਂ ਕਰਨ ਤੇ ਤੁਲੀਆ ਹੋਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਅੰਦਰ ਮੁਲਾਜ਼ਮਾਂ ਦੀਆਂ ਅਸਾਮੀਆਂ ਲਗਾਤਾਰ ਘਟ ਰਹੀਆਂ ਹਨ ਅਤੇ ਇੱਕ ਇੱਕ ਮੁਲਾਜ਼ਮ ਦੇ ਸਿਰ ਕਈ-ਕਈ ਜਣਿਆਂ ਦਾ ਕੰਮ ਥੋਪਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।