ਯੂਥ ਕਾਂਗਰਸ ਨੇ ਵੀ ਮੰਨਿਆ ਕਿ ਕਾਂਗਰਸ ਸਰਕਾਰ ਆਮ ਲੋਕਾਂ ਤਾਂ ਦੂਰ ਪਾਰਟੀ ਲੀਡਰਾਂ ਦੇ ਮਾਪ-ਦੰਡ ‘ਤੇ ਵੀ ਨਹੀਂ ਉੱਤਰੀ ਖਰੀ
ਚੰਡੀਗੜ, (ਅਸ਼ਵਨੀ ਚਾਵਲਾ)। ਆਲ ਇੰਡੀਆ ਯੂਥ ਕਾਂਗਰਸ (BV srinivas) ਨੇ ਵੀ ਮੰਨਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਵਿੱਚ ਕੀਤੇ ਗਏ ਵਾਅਦਿਆਂ ਨੂੰ ਮੁਕੰਮਲ ਕਰਨ ਵੱਲ ਕੋਈ ਵੀ ਕਦਮ ਹੀ ਨਹੀਂ ਚੁੱਕਿਆ ਹੈ, ਜਿਸ ਕਾਰਨ ਆਮ ਲੋਕਾਂ ਤਾਂ ਦੂਰ ਦੀ ਗੱਲ, ਪਾਰਟੀ ਦੇ ਲੀਡਰਾਂ ਦੇ ਮਾਪ-ਦੰਡ ‘ਤੇ ਵੀ ਸਰਕਾਰ ਖਰੀ ਨਹੀਂ ਉੱਤਰੀ ਹੈ। ਜਿਸ ਵਿੱਚ ਹਰ ਉਹ ਵਾਅਦਾ ਸ਼ਾਮਲ ਹੈ, ਜਿਸ ਵਾਅਦੇ ਨੇ ਚੋਣਾਂ ਵਿੱਚ ਜਿਤਾਉਣ ਲਈ ਕਾਂਗਰਸ ਦਾ ਸਾਥ ਦਿੱਤਾ ਸੀ ਪਰ ਹਰ ਉਸ ਵਾਅਦੇ ਨੂੰ ਹੀ ਪੂਰਾ ਕਰਨ ਵਿੱਚ ਸਰਕਾਰ ਕਾਮਯਾਬ ਸਾਬਤ ਨਹੀਂ ਹੋਈ ਹੈ।
ਚੰਡੀਗੜ ਵਿਖੇ ਪੰਜਾਬ ਯੂਥ ਕਾਂਗਰਸ ਨਾਲ ਮੀਟਿੰਗ ਕਰਨ ਲਈ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ੍ਰੀ ਨਿਵਾਸ ਆਏ ਹੋਏ ਸਨ, ਉਨ੍ਹਾਂ ਦੇ ਨਾਲ ਹੀ ਪਾਰਟੀ ਦੇ ਅਹੁਦੇਦਾਰ ਵੀ ਆਏ ਸਨ। ਇਸ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਯੂਥ ਕਾਂਗਰਸ ਦੇ ਜ਼ਿਆਦਾਤਰ ਪਾਰਟੀ ਲੀਡਰਾਂ ਅਤੇ ਮੀਡੀਆ ਇੰਚਾਰਜ ਅਮਰੀਸ਼ ਰੰਜਨ ਪਾਂਡੇ ਨੇ ਕਿਹਾ ਕਿ ਉਹ ਅੱਜ ਪੰਜਾਬ ਵਿੱਚ ਸੂਬਾ ਸਰਕਾਰ ਦਾ ਕੋਈ ਵੀ ਮੁੱਦਾ ਵਿਚਾਰ ਕਰਨ ਲਈ ਨਹੀਂ ਆਏ ਹਨ, ਉਹ ਤਾਂ ਕੇਂਦਰ ‘ਚ ਨਰਿੰਦਰ ਮੋਦੀ ਦੀ ਸਰਕਾਰ ਬਾਰੇ ਗੱਲਬਾਤ ਕਰਨ ਲਈ ਆਏ ਹਨ। ਇਸ ਲਈ ਪੰਜਾਬ ਦੀ ਕਾਂਗਰਸ ਸਰਕਾਰ ਬਾਰੇ ਕੋਈ ਗੱਲਬਾਤ ਨਾ ਹੀ ਕੀਤੀ ਜਾਵੇ ਤਾਂ ਠੀਕ ਹੈ।
ਆਲ ਇੰਡੀਆ ਯੂਥ ਕਾਂਗਰਸ ਅਹੁਦੇਦਾਰਾਂ ਤੋਂ ਮੀਡੀਆ ਵੱਲੋਂ ਪੰਜਾਬ ਸਰਕਾਰ ਬਾਰੇ ਹੀ ਸੁਆਲ ਕੀਤੇ ਜਾ ਰਹੇ ਸਨ ਕਿਉਂਕਿ ਜਿਹੜੇ ਮੁੱਦੇ ‘ਤੇ ਉਹ ਨਰਿੰਦਰ ਮੋਦੀ ਨੂੰ ਘੇਰਣ ਲਈ ਗੱਲ ਕਰ ਰਹੇ ਸਨ, ਉਨ੍ਹਾਂ ਸਾਰੇ ਮੁੱਦਿਆਂ ‘ਤੇ ਸੂਬੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਵੀ ਕੋਈ ਸਫ਼ਲ ਸਾਬਤ ਨਹੀਂ ਹੋਈ ਹੈ। ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਤੱਕ ਸਿਰਫ਼ 57 ਹਜ਼ਾਰ ਨੌਜਵਾਨਾਂ ਨੂੰ ਹੀ ਰੁਜ਼ਗਾਰ ਦੇ ਸਕੀ ਹੈ, ਜਦੋਂ ਕਿ ਸਰਕਾਰ ਵੱਲੋਂ 12 ਲੱਖ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸੇ ਤਰਾਂ ਮੋਬਾਇਲ ਫੋਨ ਦੀ ਵੰਡ ਬਾਰੇ ਕਈ ਵਾਰ ਐਲਾਨ ਕੀਤਾ ਜਾ ਚੁੱਕਾ ਹੈ ਪਰ ਹੁਣ ਤੱਕ ਸਰਕਾਰ ਇੱਕ ਵੀ ਮੋਬਾਇਲ ਫੋਨ ਨਹੀਂ ਵੰਡ ਪਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।