ਸਰਵੇ ‘ਚ 63 ਫੀਸਦੀ ਪੰਜਾਬੀਆਂ ਨੇ ਰਿਸ਼ਵਤ ਦੇਣ ਦੀ ਗੱਲ ਮੰਨੀ
ਕਾਂਗਰਸ ਸਰਕਾਰ ਤੋਂ ਲੋਕ ਬੁਰੀ ਤਰ੍ਹਾਂ ਦੁਖੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅਮਰਿੰਦਰ ਸਿੰਘ (Amarinder performance) ਦੀ ਸਰਕਾਰ ਦੀ ਕਾਰਗੁਜਾਰੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਵਿੱਚ ਚੋਟੀ ਦਾ ਸਥਾਨ ਦਿਵਾਇਆ ਹੈ। ਇੱਥੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਮੌਕੇ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਰੱਪਸ਼ਨ ਸਰਵੇ ਆਫ਼ ਇੰਡੀਆ 2019 ਵਿੱਚ ਪੰਜਾਬ ਨੂੰ ਭ੍ਰਿਸ਼ਟਾਚਾਰ ਵਿੱਚ ਵੀ ਛੇਵਾਂ ਸਥਾਨ ਮਿਲਿਆ ਹੈ ਅਤੇ ਕਾਂਗਰਸ ਦੇ ਰਾਜਕਾਲ ਵਾਲੇ ਰਾਜਸਥਾਨ ਨੂੰ ਪਹਿਲਾ ਸਥਾਨ ਮਿਲਿਆ ਹੈ।
ਉਹਨਾਂ ਕਿਹਾ ਕਿ ਸਰਵੇਖਣ ਦੇ ਅੰਕੜਿਆਂ ਮੁਤਾਬਕ 63 ਫੀਸਦੀ ਪੰਜਾਬੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰੀ ਵਿਭਾਗਾਂ ਵਿਚ ਕੰਮ ਕਰਵਾਉਣ ਲਈ ਰਿਸ਼ਵਤ ਦੇਣ ਵਾਸਤੇ ਮਜਬੂਰ ਹੋਣਾ ਪਿਆ ਹੈ ਜਦਕਿ 37 ਫੀਸਦੀ ਹੋਰਨਾਂ ਨੇ ਕਿਹਾ ਹੈ ਕਿ ਉਹਨਾਂ ਇਕ ਵਾਰ ਤੋਂ ਵੱਧ ਰਿਸ਼ਵਤ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਸਰਵੇਖਣ ਦੇ ਨਤੀਜੇ ਹੀ ਪੰਜਾਬ ਦੇ ਹਾਲਾਤ ਬਿਆਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਅਤੇ ਉਹਨਾਂ ਦੀ ਭਲਾਈ ਵਾਸਤੇ ਇਕ ਵੀ ਚੰਗਾ ਕੰਮ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਸਭ ਤੋਂ ਤਰਸਯੋਗ ਹਾਲਾਤ ਗੰਨਾ ਉਤਪਾਦਕ ਕਿਸਾਨਾਂ ਦੀ ਬਣੀ ਹੋਈ ਹੈ ਜਿਹਨਾਂ ਨੂੰ ਗਵਾਂਢੀ ਰਾਜ ਹਰਿਆਣਾ ਨਾਲੋਂ ਵੀ ਘੱਟ ਮੁੱਲ ਮਿਲ ਰਿਹਾ ਹੈ। ਯੂ. ਪੀ. ਵਿਚ ਗੰਨੇ ਦੀ ਕੀਮਤ 340 ਰੁਪਏ ਫੀ ਕੁਇੰਟਲ ਹੈ ਅਤੇ ਹਰਿਆਣਾ ਵਿਚ 310 ਰੁਪਏ ਜਦਕਿ ਪੰਜਾਬ ਵਿਚ ਇਹ 300 ਰੁਪਏ ਫੀ ਕੁਇੰਟਲ ਹੈ।
ਉਹਨਾਂ ਕਿਹਾ ਕਿ ਘੱਟ ਕੀਮਤ ਕਾਰਨ ਗੰਨਾ ਉਤਪਾਦਕ ਕਿਸਾਨਾਂ ਨੂੰ ਸਾਲਾਨਾ 267 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ ਕਿਉਂਕਿ ਇਹਨਾਂ ਨੂੰ 9000 ਰੁਪਏ ਪ੍ਰਤੀ ਏਕੜ ਦਾ ਘਾਟਾ ਸਹਿਣਾ ਪੈ ਰਿਹਾ ਹੈ। ਬਿਜਲੀ ਦੇ ਮੁੱਦੇ ਤੇ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਨੂੰ ਬਿਜਲੀ ਦੀਆਂ ਭਾਰੀ ਕੀਮਤਾਂ ਦੀ ਮਾਰ ਹੇਠ ਕੁਚਲ ਕੇ ਰੱਖ ਦਿੱਤਾ ਹੈ। ਘਰੇਲੂ ਖਪਤਕਾਰ ਨੂੰ 8.37 ਰੁਪਏ ਪ੍ਰਤੀ ਯੂਨਿਟ ਜਦਕਿ ਉਦਯੋਗਿਕ ਖਪਤਕਾਰ 7.85 ਰੁਪਏ ਪ੍ਰਤੀ ਯੂਨਿਟ ਦੀ ਦਰ ਤੇ ਬਿੱਲ ਭਰਨ ਲਈ ਮਜਬੂਰ ਹੈ ਜੋ ਕਿ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਵੇਲੇ ਦੀਆਂ ਦਰਾਂ ਤੋਂ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਸਰਕਾਰ ਨੇ 17 ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ।
ਉਹਨਾਂ ਕਿਹਾ ਕਿ ਕੈਪਟਨ ਵੱਲੋਂ 11 ਲੱਖ ਨੌਕਰੀਆਂ ਦੇਣ ਦੇ ਛੱਡੇ ਸ਼ੋਸੇ ਦਾ ਮਤਲਬ ਹੈ ਕਿ 84 ਵਿਅਕਤੀਆਂ ਨੂੰ ਪ੍ਰਤੀ ਪਿੰਡ ਨੌਕਰੀਆਂ ਮਿਲੀਆਂ ਹਨ ਜਦਕਿ ਅਸਲੀਅਤ ਵਿਚ ਉਹਨਾਂ ਇਕ ਵੀ ਨੌਕਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰਾਂ ਕੈਪਟਨ ਵੱਲੋਂ 5500 ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕੀਤਾ ਗਿਆ ਜਦਕਿ ਪਿਛਲੇ ਇਕ ਸਾਲ ਦੌਰਾਨ ਹੀ 384 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਮੌਕੇ ਗੁਰਮੁੱਖ ਸਿੰਘ ਢਿੱਲੋਂ, ਭਗਵਾਨ ਦਾਸ ਜੁਨੇਜਾ, ਕਬੀਰ ਦਾਸ ਨਾਭਾ, ਹਰਪਾਲ ਜੁਨੇਜਾ, ਹਰਵਿੰਦਰ ਸਿੰਘ ਹਰਪਾਲਪੁਰ, ਸੁਰਜੀਤ ਸਿੰਘ ਅਬਲੋਵਾਲ ਸਮੇਤ ਹੋਰ ਆਗੂ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।