ਮਾਮਲਾ ਐਸ.ਸੀ ਕੈਟਾਗਿਰੀ ਦੀਆਂ ਈ.ਟੀ.ਟੀ ਬੈਕਲਾਗ ਦੀਆਂ 595 ਪੋਸਟਾਂ ਦਾ
ਐਸ.ਸੀ ਕਮਿਸ਼ਨ ਵੱਲੋਂ ਦਲਿਤ ਆਗੂ ਦੀ ਸ਼ਿਕਾਇਤ ‘ਤੇ ਸਿੱਖਿਆ ਸਕੱਤਰ ਤਲਬ
ਯੋਗਤਾ ਟੈਸਟ ਐਸ.ਸੀ ਉਮੀਦਵਾਰਾਂ ਨੂੰ ਭਰਤੀ ਤੋਂ ਬਾਹਰ ਰੱਖਣ ਦੀ ਸਾਜ਼ਿਸ਼ : ਡਾ. ਜਤਿੰਦਰ ਸਿੰਘ ਮੱਟੂ
ਚੰਡੀਗੜ, (ਅਸ਼ਵਨੀ ਚਾਵਲਾ)। ਐਸ.ਸੀ. ਕਮਿਸ਼ਨ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ 20 ਫਰਵਰੀ ਨੂੰ ਤਲਬ ਕਰ ਲਿਆ ਹੈ। ਉਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਐਸ.ਸੀ. ਕੈਟਾਗਿਰੀ ਨਾਲ ਕੀਤੇ ਜਾਣ ਵਾਲੇ ਕਥਿਤ ਧੱਕੇ ਸਬੰਧੀ ਜੁਆਬ ਦੇਣਾ ਪਏਗਾ। ਦਲਿਤ ਆਗੂਆਂ ਨੇ ਐਸ.ਸੀ. ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ 595 ਅਧਿਆਪਕ ਦੀਆਂ ਪੋਸਟਾਂ ਨੂੰ ਐਸ.ਸੀ. ਕੋਟੇ ਤਹਿਤ ਬਿਨਾਂ ਟੈਟ ਪਾਸ ਉਮੀਦਵਾਰਾਂ ਲਈ ਭਰੇ ਜਾਣ ਦੇ ਆਦੇਸ਼ ਹੋਣ ਦੇ ਬਾਵਜੂਦ ਟੈਟ ਪਾਸ ਵਾਲੇ ਉਮੀਦਵਾਰਾਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਐਸ.ਸੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਡਾ. ਅੰਬੇਡਕਰ ਕਰਮਚਾਰੀ ਮਹਾਂ ਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਸਿੱਖਿਆ ਵਿਭਾਗ ਨੂੰ ਇਸ ਮਾਮਲੇ ‘ਤੇ ਘੇਰਿਆ ਗਿਆ ਹੈ। ਦਲਿਤ ਆਗੂ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪਾਸ ਕੀਤੀ ਸ਼ਿਕਾਇਤ ਤੋਂ ਬਾਅਦ ਐਸ.ਸੀ ਕਮਿਸ਼ਨ ਨੇ ਸਿੱਖਿਆ ਸਕੱਤਰ ਨੂੰ ਪਹਿਲਾਂ 6 ਫਰਵਰੀ ਅਤੇ ਹੁਣ 20 ਫਰਵਰੀ ਨੂੰ ਤਲਬ ਕੀਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਲ 2015-16 ਵਿਚ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੀ ਗਈ 4500 ਅਤੇ ਫਿਰ 2005 ਕੁੱਲ 6505 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਬਿਨਾਂ ਕਿਸੇ ਯੋਗਤਾ ਟੈਸਟ ਰਾਹੀਂ ਕੀਤੀ ਗਈ ਸੀ। ਉਨਾਂ ਦੱਸਿਆ ਕਿ ਅਪ੍ਰੈਲ 2019 ਵਿੱਚ 6505 ਅਧਿਆਪਕ ਭਰਤੀ ਦੇ ਹੈਂਡੀਕੈਪਡ ਕੈਟਾਗਿਰੀ ਦੇ ਬੈਕਲਾਗ ਦੀਆਂ 161 ਪੋਸਟਾਂ ਵੀ ਬਿਨਾਂ ਕਿਸੇ ਯੋਗਤਾ ਟੈਸਟ ਦੇ ਭਰੀਆਂ ਜਾ ਚੁੱਕੀਆਂ ਹਨ।
ਉਮੀਦਵਾਰਾਂ ਦੀ ਨਿਰਧਾਰਿਤ ਯੋਗਤਾ ਅਤੇ ਟੈਟ ਦੀ ਬਣਾਈ ਗਈ ਮੈਰਿਟ ਦੇ ਅਧਾਰ ‘ਤੇ ਭਰਤੀ ਕੀਤੀ ਗਈ ਸੀ। ਹੁਣ ਅਦਾਲਤ ਦੇ ਹੁਕਮਾਂ ‘ਤੇ ਸਿੱਖਿਆ ਵਿਭਾਗ ਪੋਸਟਾਂ ਭਰਨ ਲਈ ਰਾਜ਼ੀ ਤਾਂ ਹੋਇਆ ਪਰ ਇੰਨ੍ਹਾਂ ਪੋਸਟਾਂ ਲਈ ਯੋਗਤਾ ਟੈਸਟ ਦੀ ਲਗਾਈ ਜਾ ਰਹੀ ਸ਼ਰਤ ਐਸ.ਸੀ ਵਰਗ ਦੇ ਉਮੀਦਵਾਰਾਂ ਨੂੰ ਸਿੱਧਾ ਭਰਤੀ ਪ੍ਰਕ੍ਰਿਆ ਤੋਂ ਬਾਹਰ ਕੀਤੇ ਜਾਣ ਦੀ ਸਾਜ਼ਿਸ਼ ਹੈ। ਸਿਰਫ਼ ਐਸ.ਸੀ ਵਰਗ ਦੀਆਂ ਪੋਸਟਾਂ ਦੇ ਬੈਕਲਾਗ ਨੂੰ ਭਰਨ ਸਮੇਂ ਹੀ ਟੈਸਟ ਦੀ ਰੱਖੀ ਜਾ ਰਹੀ ਸ਼ਰਤ ਗੈਰ ਬਰਾਬਰੀ ਵਾਲਾ ਪਾੜਾ ਪਾ ਰਹੀ ਹੈ। ਸ੍ਰੀ ਮੱਟੂ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਈ.ਟੀ.ਟੀ ਬੈਕਲਾਗ ਦੀਆਂ ਇਨਾਂ 595 ਅਸਾਮੀਆਂ ਲਈ ਕੋਈ ਯੋਗਤਾ ਟੈਸਟ ਲਿਆ ਜਾਂਦਾ ਹੈ ਤਾਂ ਪੰਜਾਬ ਦਾ ਸਮੁੱਚਾ ਦਲਿਤ ਭਾਈਚਾਰਾ ਪੰਜਾਬ ਵਿਚ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।