ਜੇਕਰ ਅਸੀਂ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਨਹੀਂ ਬਚਾਵਾਂਗੇ ਤਾਂ ਸਾਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ : ਸੀਚੇਵਾਲ
ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ)। ਸਮੂਹ ਕਾਰਜ ਸਾਧਕ ਅਫਸਰ ਸ਼ਹਿਰਾਂ ਨੂੰ ਕੂੜਾ ਕਰਕਟ ਅਤੇ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਕੂੜੇ ਦੀ ਡੋਰ ਟੂ ਡੋਰ ਕੁਨੈਕਸ਼ਨ ਨੂੰ 100 ਫ਼ੀਸਦੀ ਯਕੀਨੀ ਬਣਾਇਆ ਜਾਵੇ ਅਤੇ ਕੂੜਾ ਕਰਕਟ ਇਕੱਠਾ ਕਰਨ ਲਈ ਬਣਾਏ ਗਏ ਡੰਪਿੰਗ ਗਰਾਊਂਡਾਂ ਦੀ ਚਾਰ ਦੀਵਾਰੀ ਅਤੇ ਉਨ੍ਹਾਂ ਨੇੜੇ ਗਰੀਨ ਬੈਲਟ ਬਣਾਉਣ ਨੂੰ ਯਕੀਨੀ ਬਣਾਇਆ ਜਾਵੇ। (Municipal councils)
ਸੋਲਿਡ ਵੇਸਟ ਮੈਨੇਜਮੈਂਟ ਦੇ ਰੂਲਾਂ ਦੀ ਸੁਚਾਰੂ ਢੰਗ ਨਾਲ ਪਾਲਣਾ ਨਾ ਕਰਨ ਵਾਲੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਤੋਂ 31 ਮਾਰਚ ਤੋਂ ਜ਼ੁਰਮਾਨੇ ਵਸੂਲੇ ਜਾਣਗੇ। ਇਹ ਹਦਾਇਤਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਮੋਨੀਟਰਿੰਗ ਕਮੇਟੀ ਦੇ ਚੇਅਰਮੈਨ ਸੇਵਾ ਮੁਕਤ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਜਸਵੀਰ ਸਿੰਘ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੱਧਰੀ ਸਪੈਸ਼ਲ ਟਾਸਕ ਫੋਰਸ ਤੇ ਕਾਰਜ ਸਾਧਕ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀਆਂ।
ਚੇਅਰਮੈਨ ਜਸਵੀਰ ਸਿੰਘ ਨੇ ਕਾਰਜ ਸਾਧਕ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ
ਚੇਅਰਮੈਨ ਐਨ.ਜੀ.ਟੀ. ਮੋਨੀਟਰਿੰਗ ਕਮੇਟੀ ਨੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ‘ਤੇ ਮੁਕੰਮਲ ਰੋਕ ਲਗਾਉਣ ਲਈ ਆਖਿਆ ਅਤੇ ਵਰਤੋਂ ਕਰਨ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਸ ਮੌਕੇ ਵਾਤਾਵਰਨ ਪ੍ਰੇਮੀ ਤੇ ਐਨ.ਜੀ.ਟੀ. ਦੀ ਮੋਨੀਟਰਿੰਗ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗਾਂ ‘ਤੇ ਚੱਲ ਕੇ ਵਾਤਾਵਰਨ ਦੀ ਸੁੱਧਤਾ ਲਈ, ਹਵਾ ਪਾਣੀ ਅਤੇ ਧਰਤੀ ਨੂੰ ਗੰਧਲਾ ਨਾ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਨੂੰ ਬਚਾਉਣ ਲਈ ਸੁਚੇਤ ਨਾ ਹੋਏ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਸ਼ਹਿਰਾਂ ਦੇ ਕੂੜਾ ਕਰਕਟ ਨੂੰ ਸਾਂਭਣ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਐਨ.ਜੀ.ਟੀ. ਦੀ ਹੁਣ ਸੋਲਡ ਵੇਸਟ ਮੈਨੇਜਮੈਂਟ ‘ਤੇ 24 ਘੰਟੇ ਨਿਗ੍ਹਾਂ ਰਹੇਗੀ ਕਿਉਂਕਿ ਸਾਰਾ ਕੰਮ ਆਨ ਲਾਈਨ ਹੋ ਚੁੱਕਾ ਹੈ ਅਤੇ ਕੰਮ ਪ੍ਰਤੀ ਅਧਿਕਾਰੀਆਂ ਨੂੰ ਜਵਾਬਦੇਹ ਹੋਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।