ਨਸ਼ੀਲੇ ਪਦਾਰਥਾਂ ਸਮੇਤ ਮੈਡੀਕਲ ਸਟੋਰ ਮਾਲਕ ਕਾਬੂ
ਸਮਾਣਾ, (ਸੁਨੀਲ ਚਾਵਲਾ)। ਸੀਆਈਏ ਸਮਾਣਾ ਵੱਲੋਂ ਸ਼ਹਿਰ ਦੇ ਇੱਕ ਮੈਡੀਕਲ ਸਟੋਰ ‘ਤੇ ਛਾਪਾਮਾਰੀ ਕਰਕੇ 5800 ਨਸ਼ੀਲੀਆਂ ਗੋਲੀਆਂ (drugs) ਅਤੇ 1600 ਮਿਲੀ ਲਿਟਰ ਨਸ਼ੀਲੇ ਤਰਲ ਪਦਾਰਥ ਸਣੇ ਕੈਮਿਸਟ ਸ਼ਾਪ ਮਾਲਿਕ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਮੁੱਖੀ ਸਵਰਣ ਗਾਂਧੀ ਨੇ ਦੱਸਿਆ ਕਿ ਏਐਸਆਈ ਕੁਲਦੀਪ ਸਿੰਘ ਧਨੌਆ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਸਰੈਂ ਪੱਤੀ ਚੌਂਕ ਵਿੱਚ ਮੌਜੂਦ ਸੀ ਇਸ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਇੱਕ ਮੈਡੀਕਲ ਸਟੋਰ ਮਾਲਕ ਜੋ ਕਿ ਹੋਲਸੇਲ ਵਿੱਚ ਦਵਾਈ ਵੇਚਦਾ ਹੈ ਦੀ ਦੁਕਾਨ ‘ਤੇ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਤੁਰੰਤ ਡਰੱਗ ਇਸੰਪੈਕਟਰ ਸੰਤੋਸ਼ ਕੁਮਾਰ ਦੀ ਮੌਜੂਦਗੀ ਵਿਚ ਰੇਡ ਕਰਕੇ ਦੁਕਾਨ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ 5800 ਨਸ਼ੀਲੀਆਂ ਗੋਲੀਆਂ ਅਤੇ 1600 ਮਿਲੀ ਲਿਟਰ ਨਸ਼ੀਲਾ ਤਰਲ ਬਰਾਮਦ ਕੀਤਾ। ਫੜੇ ਗਏ ਦੋਸ਼ੀ ਦੀ ਪਹਿਚਾਣ ਵਿਜੈ ਕੁਮਾਰ ਪੁੱਤਰ ਨਰਾਇਣ ਦਾਸ ਵਾਸੀ ਘੜਾਮੀ ਪੱਤੀ ਸਮਾਣਾ ਵਜੋਂ ਹੋਈ ਹੈ।
ਮੁਲਜ਼ਮ ਖ਼ਿਲਾਫ਼ ਸਮਾਣਾ ਸਿਟੀ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਦੇ ਕਾਰੋਬਾਰ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਦੇ ਕੈਮਿਸਟਾਂ ਨੂੰ ਤਾੜਨਾ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਨਾ ਵੇਚਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।