ਬੈਂਕ ਦਾ ਕਰਜ਼ਾ ਲਾਹੁਣ ਲਈ ਮੰਗੀ ਫ਼ਿਰੌਤੀ, ਨਾ ਮਿਲਣ ‘ਤੇ ਦਿੱਤੀਆਂ ਨਤੀਜੇ ਭੁਗਤਣ ਦੀਆਂ ਧਮਕੀਆਂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ (extortion money) ਦੇ ਇੱਕ ਮਾਮਲੇ ‘ਚ ਪਟਿਆਲਾ ਪਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਜਣੇ ਪੇਸੇ ਤੋਂ ਟੈਕਸੀ ਚਾਲਕ ਹਨ। ਇਨ੍ਹਾਂ ਵੱਲੋਂ ਆਪਣੇ ਉੱਪਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਹੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਵਿਉਤਬੰਦੀ ਬਣਾਈ ਸੀ।
ਇਸ ਮਾਮਲੇ ਸਬੰਧੀ ਐਸਪੀ ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਲੇਟ ਤੇਜਾ ਸਿੰਘ ਵਾਸੀ ਬੋਲੜ ਕਲਾਂ ਨੂੰ ਪਿਛਲੇ ਸਾਲ 7 ਦਸੰਬਰ ਨੂੰ ਅਣਪਛਾਤੇ ਵਿਅਕਤੀਆਂ ਨੇ ਇੱਕ ਧਮਕੀ ਭਰਿਆ ਪੱਤਰ ਪਹੁੰਚਾ ਕੇ 50 ਲੱਖ ਰੁਪਏ ਦੀ ਰਕਮ ਦੀ ਮੰਗ ਕੀਤੀ ਸੀ ਅਤੇ ਇਹ ਰਕਮ ਗੁਰਦੁਆਰਾ ਸ਼ਹੀਦ ਸਿੰਘਾਂ ਘਨੌਰ ਰੋਡ ਨੇੜੇ ਚੱਪੜ ਵਿਖੇ 14 ਦਸੰਬਰ ਨੂੰ ਦੇਣ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ‘ਚ ਉਸ ਸਮੇਤ ਉਸਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਫ਼ੋਨ ਰਾਹੀਂ ਵੀ ਧਮਕੀ ਦਿੱਤੀ ਕਿ ਉਸ ਨੇ ਰਕਮ ਦਿੱਤੀ ਹੋਈ ਜਗ੍ਹਾ ‘ਤੇ ਨਹੀਂ ਪਹੁੰਚਾਈ, ਹੁਣ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੁਰਦੀਪ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਇਹ ਮੁਕਦਮਾ ਦਰਜ ਕਰਕੇ ਇਸਨੂੰ ਹੱਲ ਕਰਨ ਲਈ ਡੀ.ਐਸ.ਪੀ. ਦਿਹਾਤੀ ਅਜੈ ਪਾਲ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਸਨੌਰ ਇੰਸਪੈਕਟਰ ਕਰਮਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੁਰਦੇਵ ਸਿੰਘ ਵਾਸੀ ਬੋਲੜ ਕਲਾਂ ਤੇ ਚਮਨਪੀ੍ਰਤ ਸਿੰਘ ਉਰਫ ਮਨੀ ਵਾਸੀ ਜੁਝਾਰ ਨਗਰ ਪਟਿਆਲਾ ਰੋਡ ਸਨੌਰ ਨੂੰ ਅੱਜ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਐਸ.ਪੀ. ਸਿਟੀ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆਂ ਕਿ ਉਨ੍ਹਾਂ ਸਿਰ ਬੈਂਕ ਦਾ ਕਾਫ਼ੀ ਕਰਜ਼ਾ ਹੋ ਗਿਆ ਸੀ ਅਤੇ ਬੈਂਕ ਵਾਲੇ ਉਹਨਾਂ ਦੇ ਘਰ ਗੇੜੇ ਮਾਰਦੇ ਸਨ ਜਿਸ ਕਰਕੇ ਉਨ੍ਹਾਂ ਦੋਵਾਂ ਨੇ ਜੋ ਕਿ ਪਹਿਲਾਂ ਸਨੌਰ ਵਿਖੇ ਟੈਕਸੀ ਚਲਾਉਂਦੇ ਸਨ, ਨੇ ਰਲਕੇ ਗੁਰਦੀਪ ਸਿੰਘ ਤੋਂ ਫ਼ਿਰੌਤੀ ਮੰਗਣ ਦੀ ਸਾਜਿਸ਼ ਰਚੀ। ਪਹਿਲਾਂ ਗੁਰਦੀਪ ਸਿੰਘ ਦੇ ਨੌਕਰ ਵਿਜੈ ਕੁਮਾਰ ਨੂੰ ਰਸਤੇ ਵਿੱਚ ਇੱਕ ਲਿਫ਼ਾਫਾ ਆਪਣੇ ਮਾਲਕ ਨੂੰ ਦੇਣ ਲਈ ਫੜਾਇਆ, ਜਿਸ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੰਦਿਆਂ ਪੰਜਾਹ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਇਸ ਤੋਂ ਬਾਅਦ ਇਹ ਰਕਮ ਨਾ ਮਿਲਣ ‘ਤੇ ਇਨ੍ਹਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਫ਼ੋਨ ਲੈ ਕੇ ਗੁਰਦੀਪ ਸਿੰਘ ਨੂੰ ਧਮਕੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।