7 ਜਣਿਆਂ ਵੱਲੋਂ ਹੀ 10 ਮੋਟਰ ਕੁਨੈਕਸ਼ਨਾਂ ‘ਤੇ ਛੱਡੀ ਗਈ ਹੈ ਮੁਫ਼ਤ ਸਬਸਿਡੀ
ਬਾਦਲ ਪਰਿਵਾਰ ਚੋਂ ਸਿਰਫ਼ ਮਨਪ੍ਰੀਤ ਬਾਦਲ ਨੇ ਹੀ 3 ਮੋਟਰ ਕੂਨੈਕਸ਼ਨਾਂ ‘ਤੇ ਤਿਆਗੀ ਸਬਸਿਡੀ
ਇਨ੍ਹਾਂ 7 ਜਣਿਆਂ ਵਿੱਚ ਜਿਆਦਾਤਰ ਕਾਂਗਰਸੀ, ਹੋਰ ਧਨਾਂਢ ਕਾਂਗਰਸੀਆਂ ‘ਤੇ ਨਹੀਂ ਹੋਇਆ ਮੁੱਖ ਮੰਤਰੀ ਦੀ ਅਪੀਲ ਦਾ ਅਸਰ
ਪੰਜਾਬ ਅੰਦਰ 14.5 ਲੱਖ ਹਨ ਟਿਊਬਵੈੱਲ ਕੁਨੈਕਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਟਿਊਬਵੈੱਲਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੇ ਬੁੱਲੇ ਧਨਾਢਾਂ ਵੱਲੋਂ ਖੁੱਲ੍ਹ ਕੇ ਲੁੱਟੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵੱਡੇ ਰਾਜਨੀਤਿਕ ਆਗੂ ਵੀ ਮੁਫ਼ਤ ਬਿਜਲੀ ਦਾ ਮੋਹ ਨਹੀਂ ਛੱਡ ਰਹੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਾਵੇਂ ਆਪਣੀ ਸਰਕਾਰ ਆਉਣ ਤੋਂ ਬਾਅਦ ਸਰਦੇ-ਪੁੱਜਦੇ ਲੋਕਾਂ ਨੂੰ ਟਿਊਬਵੈੱਲਾਂ ‘ਤੇ ਮੁਫ਼ਤ ਮਿਲਣ ਵਾਲੀ ਬਿਜਲੀ ‘ਤੇ ਸਬਸਿਡੀ ਤਿਆਗਣ ਦੀ ਅਪੀਲ ਕੀਤੀ ਗਈ ਸੀ, ਪਰ ਉਨ੍ਹਾਂ ਨੇ ਤਾਂ ਕੀ ਛੱਡਣੀ ਸੀ, ਸਗੋਂ ਧਨਾਢ ਕਾਂਗਰਸੀਆਂ ਨੇ ਵੀ ਮਹਾਰਾਜਾ ਸਾਹਬ ਦੇ ਬੋਲ ਨਹੀਂ ਪੁਗਾਏ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਸੱਤ ਵਿਅਕਤੀਆਂ ਵੱਲੋਂ ਹੀ ਮੁਫ਼ਤ ਬਿਜਲੀ ਦਾ ਤਿਆਗ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਕਾਂਗਰਸੀ ਆਗੂ ਹਨ। ਉਂਜ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਗਰੀਬ ਅਤੇ ਆਮ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਵੇਲੇ 14.5 ਲੱਖ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਹਨ ਜਿਨ੍ਹਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੁਫ਼ਤ ਬਿਜਲੀ ਦੇ ਇਵਜ਼ ਵਜੋਂ ਪਾਵਰਕੌਮ ਨੂੰ ਸਰਕਾਰ ਵੱਲੋਂ 6060. 27 ਕਰੋੜ ਰੁਪਏ ਸਬਸਿਡੀ ਵਜੋਂ ਦਿੱਤੇ ਜਾ ਰਹੇ ਹਨ। ਸਬਸਿਡੀ ਦਾ ਜਿਆਦਾ ਭਾਰ ਪੈਣ ਕਾਰਨ ਸਰਕਾਰ ਪਾਵਰਕੌਮ ਨੂੰ ਸਮੇਂ ਸਿਰ ਸਬਸਿਡੀ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਪਾਵਰਕੌਮ ਦਾ ਆਪਣਾ ਤਵਾਜਨ ਬਿਗੜ ਰਿਹਾ ਹੈ।
ਮੁਫ਼ਤ ਬਿਜਲੀ ਗਰੀਬ ਅਤੇ ਕੁਝ ਏਕੜ ਵਾਲੇ ਕਿਸਾਨਾਂ ਲਈ ਹੀ ਲਾਭਦਾਇਕ ਹੈ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸਰਦੇ ਪੁੱਜਦੇ ਅਤੇ ਧਨਾਂਢਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਮੁਫ਼ਤ ਸਬਸਿਡੀ ਦਾ ਤਿਆਗ ਕਰਨ, ਕਿਉਂਕਿ ਇਹ ਮੁਫ਼ਤ ਬਿਜਲੀ ਗਰੀਬ ਅਤੇ ਕੁਝ ਏਕੜ ਵਾਲੇ ਕਿਸਾਨਾਂ ਲਈ ਹੀ ਲਾਭਦਾਇਕ ਹੈ। ਇਸ ਅਪੀਲ ਦਾ ਅਸਰ ਹੋਰਨਾਂ ਪਾਰਟੀਆਂ ਦੇ ਰਾਜਨੀਤਿਕ ਆਗੂਆਂ ‘ਤੇ ਤਾਂ ਦੂਰ ਦੀ ਗੱਲ, ਸਗੋਂ ਖੁਦ ਕਾਂਗਰਸੀਆਂ ‘ਤੇ ਵੀ ਨਹੀਂ ਹੋਇਆ। ਪਾਵਰਕੌਮ ਤੋਂ ਜੋ ਜਾਣਕਾਰੀ ਹਾਸਲ ਹੋਈ ਹੈ, ਉਹ ਹੈਰਾਨ ਕਰਨ ਵਾਲੀ ਹੈ। 14 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨਾਂ ਵਿੱਚੋਂ ਸਿਰਫ਼ 10 ਕੁਨੈਕਸ਼ਨਾਂ ‘ਤੇ ਹੀ 7 ਵਿਅਕਤੀਆਂ ਵੱਲੋਂ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਇਨ੍ਹਾਂ 7 ਵਿਅਕਤੀਆਂ ‘ਚੋਂ ਜਿਆਦਾਤਰ ਕਾਂਗਰਸੀ ਹੀ ਹਨ। ਜਿਨ੍ਹਾਂ ਵੱਲੋਂ ਸਬਸਿਡੀ ਛੱਡੀ ਗਈ ਹੈ ਉਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਵਾਸੀ ਧਾਰੋਵਾਲੀ ਸ਼ਾਮਲ ਹਨ। ਸੁਖਜਿੰਦਰ ਸਿੰਘ ਕੈਬਨਿਟ ਮੰਤਰੀ ਹਨ ਜਿਨ੍ਹਾਂ ਵੱਲੋਂ ਆਪਣੇ ਦੋ ਮੋਟਰ ਕੁਨੈਕਸ਼ਨਾਂ ‘ਤੇ ਸਬਸਿਡੀ ਛੱਡੀ ਗਈ ਹੈ। ਇੱਕ ਕੁਨੈਕਸ਼ਨ ‘ਤੇ ਮਈ 2017 ਜਦਕਿ ਦੂਜੇ ਕੁਨੈਕਸ਼ਨ ‘ਤੇ ਜੂਨ 2018 ਨੂੰ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਵਰਕੌਮ ਦੇ ਰਿਕਾਰਡ ਅਨੁਸਾਰ ਸੁਨੀਲ ਕੁਮਾਰ ਵਾਸੀ ਪੰਜਕੋਸੀ ਜ਼ਿਲ੍ਹਾ ਫਾਜਿਲਕਾ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਬਿਜਲੀ ਸਬਸਿਡੀ ਛੱਡੀ ਗਈ ਹੈ। ਇਹ ਸੁਨੀਲ ਕੁਮਾਰ ਜਾਖੜ ਹਨ, ਜੋ ਕਾਂਗਰਸ ਦੇ ਪ੍ਰਧਾਨ ਹਨ। ਪੰਜਕੋਸੀ ਦੇ ਹੀ ਅਜੇਵੀਰ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ।
ਸਿਰਫ਼ ਮਨਪ੍ਰੀਤ ਬਾਦਲ ਵੱਲੋਂ ਹੀ ਆਪਣੇ ਤਿੰਨ ਮੋਟਰ ਕੁਨੈਕਸ਼ਨਾਂ ‘ਤੇ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ
ਬਾਦਲ ਪਰਿਵਾਰ ਵਿੱਚੋਂ ਸਿਰਫ਼ ਮਨਪ੍ਰੀਤ ਬਾਦਲ ਵੱਲੋਂ ਹੀ ਆਪਣੇ ਤਿੰਨ ਮੋਟਰ ਕੁਨੈਕਸ਼ਨਾਂ ‘ਤੇ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ ਜਦਕਿ ਬਾਦਲ ਪਰਿਵਾਰ ਵਿੱਚੋਂ ਹੋਰ ਕਿਸੇ ਵੱਲੋਂ ਵੀ ਸਬਸਿਡੀ ਨਹੀਂ ਛੱਡੀ ਗਈ ਹੈ। ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮਈ 2017 ਤੇ ਮਈ 2018 ਵਿੱਚ ਇਸ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ। ਇਸ ਤੋਂ ਇਲਾਵਾ ਸੁਖਪ੍ਰੀਤ ਕੌਰ ਕਾਂਗੜ ਵੱਲੋਂ ਇੱਕ ਟਿਊੱਬਵੈੱਲ ਕੁਨੈਕਸ਼ਨ ‘ਤੇ ਬਿਜਲੀ ਸਬਸਿਡੀ ਛੱਡੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਹੀ ਮਹਿਰਾਜ ਵਾਸੀ ਕਮਲਜੀਤ ਦਿਓਲ ਵੱਲੋਂ ਆਪਣੇ ਇੱਕ ਮੋਟਰ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ। ਇਸ ਤਰ੍ਹਾਂ ਉਂਗਲਾਂ ‘ਤੇ ਗਿਣਨ ਜੋਗੇ 7 ਜਣਿਆਂ ਵੱਲੋਂ ਹੀ ਮੁਫ਼ਤ ਬਿਜਲੀ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਸੁਆਲ ਇਹ ਪੈਦਾ ਹੋ ਰਿਹਾ ਹੈ ਕਿ ਜਦੋਂ ਵੱਖ-ਵੱਖ ਪਾਰਟੀਆਂ ਦੇ ਧਨਾਂਢ ਰਾਜਨੀਤਿਕ ਆਗੂ ਹੀ ਮੁਫ਼ਤ ਦੀ ਬਿਜਲੀ ਦਾ ਖਹਿੜਾ ਨਹੀਂ ਛੱਡ ਰਹੇ ਤਾਂ ਪੰਜਾਬ ਦੇ ਹੋਰਨਾਂ ਘਰਾਣਿਆ ਤੋਂ ਕਿੱਥੋਂ ਉਮੀਦ ਕੀਤੀ ਜਾ ਸਕਦੀ ਹੈ। ਉਂਜ ਇਨ੍ਹਾਂ ਆਗੂਆਂ ਵੱਲੋਂ ਸਟੇਜਾਂ ‘ਤੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਸੰਘ ਪਾੜ-ਪਾੜ ਕੇ ਜ਼ਰੂਰ ਕੀਤੀਆਂ ਜਾਦੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਅੰਦਰ 80 ਫੀਸਦੀ ਤੋਂ ਵੱਧ ਮੋਟਰ ਕੁਨੈਕਸ਼ਨ ਧਨਾਢ ਤੇ ਅਮੀਰ ਕਿਸਾਨਾਂ ਦੇ ਹਨ ਜਦਕਿ 18.48 ਫੀਸਦੀ ਉਹ ਕਿਸਾਨ ਹਨ ਜੋ 2.5 ਤੋਂ 5 ਏਕੜ ਤੱਕ ਰਕਬੇ ਦੇ ਮਾਲਕ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਦੀ ਸਬਸਿਡੀ ਦਾ ਵੱਡਾ ਹਿੱਸਾ ਪੂੰਜੀਪਤੀ ਕਿਸਾਨਾਂ ਨੂੰ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।