ਅਕਾਲੀਆਂ ਨੂੰ ਸੁਹਿਰਦਤਾ ਦਿਖਾਉਣ ਲਈ ਕੇਂਦਰ ਨਾਲੋ ਨਾਤਾ ਤੋੜਣ ਅਤੇ ਸਪੱਸ਼ਟ ਸਟੈਂਡ ਲੈਣ ਦੀ ਚੁਣੌਤੀ
ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (amrinder singh) ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਮੁੱਦੇ ‘ਤੇ ਭਾਜਪਾ ਨਾਲ ਮੱਤਭੇਦਾਂ ਕਰਕੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਬਾਰੇ ਕੀਤੇ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਅਕਾਲੀਆਂ ਨੂੰ ਇਸ ਗੈਰ-ਸੰਵਿਧਾਨਕ ਕਾਨੂੰਨ ਦੇ ਸਬੰਧ ਵਿੱਚ ਆਪਣੀ ਸੁਹਿਰਦਾ ਸਿੱਧ ਕਰਨ ਲਈ ਕੇਂਦਰ ਨਾਲ ਗੱਠਜੋੜ ਤੋੜਨ ਦੀ ਚੁਣੌਤੀ ਦਿੱਤੀ ਹੈ
ਮੁੱਖ ਮੰਤਰੀ ਨੇ ਕਿਹਾ,”ਤੁਸੀਂ ਸਿੱਧਾ ਤੇ ਸਪੱਸ਼ਟ ਫੈਸਲਾ ਕਿਉਂ ਨਹੀਂ ਲੈਂਦੇ ਅਤੇ ਲੋਕਾਂ ਨੂੰ ਇਹ ਹੀਂ ਕਿਉਂ ਦੱਸਦੇ ਕਿ ਤੁਸੀਂ ਫੁੱਟਪਾਊ ਅਤੇ ਮਾਰੂ ਕਾਨੂੰਨ ਸੀ.ਏ.ਏ. ਖਿਲਾਫ਼ ਸੱਚਮੁੱਚ ਖੜੇ ਹੋ।” ਉਨਾਂ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਅਕਾਲੀ ਮੰਤਰੀਆਂ ਨੂੰ ਵਿਵਾਦਤ ਕਾਨੂੰਨ ‘ਤੇ ਲਏ ਸਟੈਂਡ ਦੇ ਹੱਕ ਵਿੱਚ ਨਿੱਤਰਨ ਲਈ ਤੁਰੰਤ ਅਸਤੀਫਾ ਦੇਣ ਵਾਸਤੇ ਆਖਿਆ
ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੁੱਛਿਆ,”ਜੇਕਰ ਤਹਾਨੂੰ ਸੀ.ਏ.ਏ. ਮੁਸਲਿਮ ਵਿਰੋਧੀ ਲਗਦਾ ਸੀ ਤਾਂ ਫਿਰ ਤੁਸੀਂ ਰਾਜ ਸਭਾ ਅਤੇ ਲੋਕ ਸਭਾ ਵਿੱਚ ਇਸ ਕਾਨੂੰਨ ਦੇ ਹੱਕ ਵਿੱਚ ਮੇਜ਼ ਕਿਉਂ ਥਪਥਪਾਇਆ?” ਉਨਾਂ ਕਿਹਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਤੋਂ ਬਾਅਦ ਦਿੱਲੀ ਦੂਜਾ ਸੂਬਾ ਹੈ ਜਿੱਥੇ ਅਕਾਲੀ ਦਲ ਨੇ ਆਪਣੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਨਾ ਤੁਰਨ ਦਾ ਫੈਸਲਾ ਕੀਤਾ ਹੈ ਪਰ ਅਕਾਲੀਆਂ ਵੱਲੋਂ ਦਿੱਲੀ ਚੋਣਾਂ ਸੀ.ਏ.ਏ. ‘ਤੇ ਮਤਭੇਦ ਹੋਣ ਕਰਕੇ ਨਾ ਲੜਨ ਦਾ ਕੀਤਾ ਦਾਅਵਾ ਬੇਹੂਦਾ ਅਤੇ ਨਾਸਵਿਕਾਰਨਯੋਗ ਹੈ।
ਉਨਾਂ ਕਿਹਾ ਕਿ ਦਿੱਲੀ ਚੋਣਾਂ ਵਿੱਚੋਂ ਬਾਹਰ ਨਿਕਲਣਾ ਸਪੱਸ਼ਟ ਤੌਰ ‘ਤੇ ਅਕਾਲੀ ਦਲ ਦੀ ਮਜਬੂਰੀ ਸੀ ਕਿਉਂਕਿ ਇਨਾਂ ਨੂੰ ਇਸ ਗੱਲ ਦਾ ਭਲੀਭਾਂਤ ਅਹਿਸਾਸ ਹੈ ਕਿ ਜ਼ਮੀਨੀ ਪੱਧਰ ‘ਤੇ ਉਸ ਨੂੰ ਕੋਈ ਸਮੱਰਥਨ ਨਹੀਂ ਹੈ ਅਤੇ ਕੌਮੀ ਰਾਜਧਾਨੀ ਵਿੱਚ ਇਹ ਇਕ ਸੀਟ ਵੀ ਨਹੀਂ ਜਿੱਤ ਸਕਦੇ। ਅਜਿਹਾ ਵੀ ਜਾਪਦਾ ਹੈ ਕਿ ਭਾਜਪਾ, ਅਕਾਲੀ ਦਲ ਨੂੰ ਉਹ ਕੁਝ ਦੇਣ ਲਈ ਤਿਆਰ ਨਹੀਂ ਸੀ ਜੋ ਸੀਟਾਂ ਦੇ ਰੂਪ ਵਿੱਚ ਅਕਾਲੀ ਚਾਹੁੰਦੇ ਸਨ ਜਿਸ ਕਰਕੇ ਉਨਾਂ ਨੇ ਸਥਿਤੀ ‘ਚੋਂ ਬਾਹਰ ਨਿਕਲਣ ਦਾ ਬਿਹਤਰ ਢੰਗ ਲੱਭਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।