ਜਲਦ ਹੀ ਪੰਜਾਬ ਵਿੱਚ ਰੇਟ ਘਟਾਉਣ ਦੇ ਆਦੇਸ਼, ਬਿਜਲੀ ਦੇ ਮਾਮਲੇ ‘ਚ ਮੰਗੀ ਡਿਟੇਲ ਰਿਪੋਰਟ
ਚੰਡੀਗੜ, (ਅਸ਼ਵਨੀ ਚਾਵਲਾ)। ਬਿਜਲੀ ਦੇ ਮੁੱਦੇ ‘ਤੇ ਕਾਂਗਰਸ ਹਾਈ ਕਮਾਨ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ (amrinder singh) ਤੋਂ ਨਰਾਜ਼ ਹੋ ਗਈ ਹੈ, ਜਿਸ ਕਾਰਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਵੱਲੋਂ ਸਿੱਧਾ ਹੀ ਇਸ ਮਾਮਲੇ ਵਿੱਚ ਜੁਆਬ ਮੰਗ ਲਿਆ ਗਿਆ ਹੈ ਅਤੇ ਜਲਦ ਹੀ ਬਿਜਲੀ ਦੇ ਰੇਟਾਂ ਨੂੰ ਘਟਾਉਣ ਤੱਕ ਦੇ ਆਦੇਸ਼ ਕੀਤੇ ਹਨ, ਕਿਉਂਕਿ ਪੰਜਾਬ ‘ਚ ਮਹਿੰਗੇ ਬਿਜਲੀ ਦੇ ਰੇਟ ਦਾ ਮੁੱਦਾ ਦਿੱਲੀ ਦੀ ਚੋਣਾਂ ਵਿੱਚ ਕਾਂਗਰਸ ਪਾਰਟੀ ‘ਤੇ ਕਾਫ਼ੀ ਜਿਆਦਾ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਵਿਸ਼ਵਾਸ ਦਿੱਤਾ ਗਿਆ ਹੈ ਕਿ ਜਲਦ ਹੀ ਪੰਜਾਬ ਵਿੱਚ ਬਿਜਲੀ ਦੇ ਰੇਟ ਨੂੰ ਕੰਟਰੋਲ ਕਰਦੇ ਹੋਏ ਇਸ ਦਾ ਹਲ ਕੱਢ ਲਿਆ ਜਾਏਗਾ।
- ਪੰਜਾਬ ਸਰਕਾਰ ਤੋਂ ਸੋਨੀਆ ਗਾਂਧੀ ਪਹਿਲੀ ਵਾਰ ਇੰਨੇ ਜਿਆਦਾ ਨਰਾਜ਼ ਹੋਏ ਹਨ,
- ਕਿਉਂਕਿ ਇਸ ਤੋਂ ਪਹਿਲਾਂ ਸੋਨੀਆ ਗਾਂਧੀ ਵੱਲੋਂ ਸਰਕਾਰ ਦੇ ਕੰਮਕਾਜ ਲਈ ਕੋਈ ਜਿਆਦਾ ਰਿਪੋਰਟ ਨਹੀਂ ਮੰਗੀ ਗਈ ਸੀ।
- ਜਿਸ ਸਮੇਂ ਸੋਨੀਆ ਗਾਂਧੀ ਬਿਜਲੀ ਦੇ ਮਹਿੰਗੇ ਰੇਟ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ ਤਾਂ ਮੌਕੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ
- ਪਰ ਉਨਾਂ ਵਲੋਂ ਇਸ ਮਾਮਲੇ ਵਿੱਚ ਜਿਆਦਾ ਸਮਾਂ ਚੁੱਪ ਹੀ ਵੱਟ ਕੇ ਰੱਖੀ ਗਈ।
- ਇਥੇ ਹੀ ਅਮਰਿੰਦਰ ਸਿੰਘ ਵਲੋਂ ਪ੍ਰਤਾਪ ਬਾਜਵਾ ਦੀ ਸ਼ਿਕਾਇਤ ਕਰਦੇ ਹੋਏ ਕੁਝ ਸਬੂਤ ਵੀ ਸੋਨੀਆ ਗਾਂਧੀ ਨੂੰ ਸੌਂਪੇ ਗਏ
- ਪਰ ਸੋਨੀਆ ਗਾਂਧੀ ਵੱਲੋਂ ਇਸ ਮਾਮਲੇ ਵਿੱਚ ਕੁਝ ਠੋਸ ਨਹੀਂ ਕਿਹਾ ਗਿਆ
ਬਜਟ ਤੋਂ ਬਾਅਦ ਮਾਰਚ ਵਿੱਚ ਕੀਤਾ ਜਾਏਗਾ ਮੰਤਰੀ ਮੰਡਲ ‘ਚ ਫੇਰਬਦਲ ‘ਤੇ ਵਿਚਾਰ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਹਾਈ ਕਮਾਨ ਨਾਲ ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦਾ ਫੇਰ ਬਦਲ ਜਾਂ ਫਿਰ ਨਵੇਂਂ ਮੰਤਰੀ ਬਣਾਉਣ ਬਾਰੇ ਕੋਈ ਚਰਚਾ ਹੀ ਨਹੀਂ ਕੀਤੀ ਗਈ।
- ਇਸ ਬਾਰੇ ਅਮਰਿੰਦਰ ਸਿੰਘ ਪਹਿਲਾਂ ਹੀ ਫੈਸਲਾ ਕਰਕੇ ਗਏ ਸਨ ਕਿ ਉਹ ਕਾਂਗਰਸ ਹਾਈ ਕਮਾਨ ਕੋਲ ਇਸ ਤਰਾਂ ਦੀ ਕੋਈ ਗੱਲਬਾਤ ਨਹੀਂ ਕਰਨਗੇ।
ਉਨ੍ਹਾਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਹੀ ਆਪਣੇ ਕੁਝ ਕਰੀਬੀ ਮੰਤਰੀਆਂ ਨਾਲ ਇਸ ਬਾਰੇ ਚਰਚਾ ਕਰ ਲਈ ਸੀ ਕਿ ਬਜਟ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਜਦੋਂ ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋ ਜਾਣਗੇ, ਉਸ ਤੋਂ ਬਾਅਦ ਹੀ ਮੰਤਰੀ ਮੰਡਲ ਵਿੱਚ ਫੇਰ ਬਦਲ ਬਾਰੇ ਵਿਚਾਰ ਕੀਤਾ ਜਾਏ।
- ਮੌਜੂਦਾ ਮੰਤਰੀ ਵੀ ਨਹੀਂ ਚਾਹੁੰਦੇ ਕਿ ਇੰਨੀ ਜਲਦੀ ਵਿਭਾਗਾਂ ਵਿੱਚ ਫੇਰ ਬਦਲ ਕੀਤਾ ਜਾਵੇ
- ਇਸ ਲਈ ਅਮਰਿੰਦਰ ਸਿੰਘ ਨਾਲ ਕਈ ਮੰਤਰੀਆਂ ਨੇ ਸਹਿਮਤੀ ਜਤਾਉਂਦੇ ਹੋਏ
- ਇਸ ਮਾਮਲੇ ਨੂੰ ਅਗਲੇ 2-3 ਮਹੀਨੇ ਲਈ ਠੱਪ ਕਰਨ ਕਹਿ ਦਿੱਤਾ ਹੈ।
ਸੀਏਏ ਨੂੰ ਲੈ ਕੇ ਜਨਤਾ ‘ਚ ਜਾਣ ਦੇ ਆਦੇਸ਼, ਸੁਪਰੀਮ ਕੋਰਟ ਵੀ ਜਾਵੇ ਸਰਕਾਰ
ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਦੇਸ਼ ਦਿੱਤੇ ਹਨ ਕਿ ਸਰਕਾਰ ਪੱਧਰ ਦੇ ਨਾਲ ਹੀ ਪਾਰਟੀ ਪੱਧਰ ‘ਤੇ ਆਮ ਜਨਤਾ ‘ਚ ਜਾ ਕੇ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਕਿਹੜੇ ਕਾਰਨਾਂ ਦੇ ਚਲਦੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
- ਸੋਨੀਆ ਗਾਂਧੀ ਨੇ ਜਨਤਾ ਦੀ ਕਚਹਿਰੀ ਵਿੱਚ ਕੀਤੇ ਗਏ ਪ੍ਰਚਾਰ ਦੀ ਰਿਪੋਰਟ ਭੇਜਣ ਲਈ ਵੀ ਕਿਹਾ ਹੈ
- ਤਾਂ ਕਿ ਹਾਈ ਕਮਾਨ ਨੂੰ ਪਤਾ ਲੱਗ ਸਕੇ ਕਿ ਇਸ ਐਕਟ ਨੂੰ ਲੈ ਕੇ ਸੰਗਠਨ ਅਤੇ ਸਰਕਾਰ ਪੰਜਾਬ ਵਿੱਚ ਕੀ ਕਰ ਰਹੀ ਹੈ।
- ਇਥੇ ਹੀ ਸੋਨੀਆ ਗਾਂਧੀ ਵੱਲੋਂ ਨਾਗਰਿਕਤਾ ਸੋਧ ਐਕਟ ਨੂੰ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਚੁਨੌਤੀ ਦੇਣ ਲਈ ਕਿਹਾ ਗਿਆ ਹੈ।
- ਅਮਰਿੰਦਰ ਸਿੰਘ ਨੂੰ ਜਲਦ ਹੀ ਵੱਡੇ ਵਕੀਲ ਕਰਨ ਦੇ ਆਦੇਸ਼ ਦਿੱਤੇ ਹਨ
ਸੋਨੀਆ ਗਾਂਧੀ ਨੂੰ ਇਕੱਲੇ ਵੀ ਮਿਲੇ ਅਮਰਿੰਦਰ ਸਿੰਘ
- ਦਿੱਲੀ ਵਿਖੇ ਅਮਰਿੰਦਰ ਸਿੰਘ ਨੇ ਕੁਝ ਸਮੇਂ ਲਈ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਵੀ ਇਕੱਲੇ ਤੌਰ ‘ਤੇ ਮੁਲਾਕਾਤ ਕੀਤੀ ਹੈ,
- ਜਿਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ।
ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੌਰਾਨ ਅਮਰਿੰਦਰ ਸਿੰਘ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਕੇ ‘ਤੇ ਮੌਜੂਦ ਸਨ
- ਪਰ ਇਨਾਂ ਦੋਹਾਂ ਨੂੰ ਇੱਕ ਪਾਸੇ ਕਰਕੇ ਅਮਰਿੰਦਰ ਸਿੰਘ ਨੇ ਕੁਝ ਮਿੰਟ ਖ਼ੁਦ ਮੁਲਾਕਾਤ ਕੀਤੀ
- ਉਸ ਤੋਂ ਬਾਅਦ ਤਿੰਨਾਂ ਨਾਲ ਸੋਨੀਆ ਗਾਂਧੀ ਨੇ ਲਗਭਗ ਅੱਧਾ ਘੰਟਾ ਮੀਟਿੰਗ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।