ਵਿਸ਼ਵ ਕੱਪ : ਪੋਲੋ ਗਰਾਊਂਡ ‘ਚ ਕਬੱਡੀ ਦੇ ਜੱਫੇ

World Cup, Kabaddi , Polo Ground

ਕੀਨੀਆ ਤੇ ਸ੍ਰੀਲੰਕਾ ਦੇ ਖਿਡਾਰੀਆਂ ਦੀ ਕਬੱਡੀ ਪ੍ਰਤੀ ਦਿਲਚਸਪੀ ਬਣੀ ਖਿੱਚ ਦਾ ਕੇਂਦਰ

-ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਅਤੇ ਨਿਊਜ਼ੀਲੈਂਡ ਨੇ ਕੀਨੀਆ ਨੂੰ ਕੀਤਾ ਚਿੱਤ

ਖੁਸ਼ਵੀਰ ਸਿੰਘ ਤੂਰ/ਪਟਿਆਲਾ।   ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਅੱਜ ਇੱਥੇ ਹੋਏ ਮੁਕਾਬਲਿਆਂ ਵਿੱਚ ਪਹਿਲੇ ਮੁਕਾਬਲੇ ‘ਚ ਆਸਟ੍ਰੇਲੀਆ ਦੀ ਟੀਮ ਨੇ ਸ੍ਰੀਲੰਕਾ ਨੂੰ ਹਰਾ ਕੇ ਅਤੇ ਦੂਜੇ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਕੀਨੀਆ ਨੂੰ ਚਿੱਤ ਕਰਕੇ ਆਪਣੀਆਂ ਜਿੱਤਾਂ ਦਰਜ ਕੀਤੀਆਂ। ਖੇਡ ਪ੍ਰੇਮੀਆਂ ਦੇ ਵਿਸ਼ਾਲ ਇਕੱਠ ‘ਚ ਹੋਏ ਇਨਾਂ ਦੋਵੇਂ ਮੁਕਾਬਲਿਆਂ ਮੌਕੇ ਕੀਨੀਆ ਤੇ ਸ੍ਰੀਲੰਕਾ ਦੇ ਖਿਡਾਰੀਆਂ ਦੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪ੍ਰਤੀ ਦਿਲਚਸਪੀ ਖਿੱਚ ਦਾ ਕੇਂਦਰ ਬਣੀ ਰਹੀ। ਆਸਟ੍ਰੇਲੀਆ ਤੇ ਸ੍ਰੀਲੰਕਾ ਦਰਮਿਆਨ ਮੁਕਾਬਲਾ ਸਖ਼ਤ ਰਿਹਾ, ਜਿਸ ‘ਚ ਆਸਟ੍ਰੇਲੀਆ ਨੇ 50-36 ਅੰਕਾਂ ਨਾਲ ਮੈਚ ‘ਚ ਜਿੱਤ ਹਾਸਲ ਕੀਤੀ। ਜਦੋਂਕਿ ਦੂਜੇ ਮੁਕਾਬਲੇ ‘ਚ ਕੀਨੀਆ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਨਾਲ ਪੂਰੀ ਟੱਕਰ ਲਈ ਪਰੰਤੂ ਅਖ਼ੀਰ ‘ਚ ਨਿਊਜ਼ੀਲੈਂਡ ਦੀ ਟੀਮ ਨੇ 46-37 ਅੰਕਾਂ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ।

World Cup Kabaddi

ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਉਨ੍ਹਾਂ ਨਾਲ ਸਰਕਾਰ ਤੋਂ ਨਰਾਜ਼ ਚੱਲ ਰਹੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੀ ਸ਼ਾਮਲ ਸਨ। ਇਸ ਮੌਕੇ ਧਰਮਸੋਤ ਨੇ ਕਿਹਾ ਕਿ ਸਰਕਾਰ ਨੇ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਦੀ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਵੀਂ ਖੇਡ ਨੀਤੀ-2018 ਬਣਾਈ, ਜਿਸ ਤਹਿਤ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ, ਨਕਦ ਪੁਰਸਕਾਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਦਿੱਤੇ ਗਏ ਹਨ। ਜਦੋਂਕਿ ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ।

ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ

ਉਨ੍ਹਾਂ ਦੱਸਿਆ ਕਿ ਇਸ ਅੰਤਰਾਸ਼ਟਰੀ ਕਬੱਡੀ ਟੂਰਨਮੈਂਟ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਦਕਿ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਲੱਖ ਅਤੇ 10 ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।  ਇਸ ਟੂਰਨਾਮੈਂਟ ਦੇ ਅਖੀਰਲੇ ਮੁਕਾਬਲੇ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਖੇਡੇ ਜਾਣਗੇ। ਜਦੋਂਕਿ 8 ਦਸੰਬਰ ਨੂੰ ਸੈਮੀਫਾਇਨਲ ਮੁਕਾਬਲੇ ਚਰਨਗੰਗਾ ਸਪੋਰਟਸ ਸਟੇਡੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ ਇਸ ਟੂਰਨਾਮੈਂਟ ‘ਚ ਮੇਜ਼ਬਾਨ ਭਾਰਤ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਕੀਨੀਆ, ਸ੍ਰੀਲੰਕਾ, ਨਿਊਜ਼ੀਲੈਂਡ ਮੁਲਕਾਂ ਦੀਆਂ ਟੀਮਾਂ ਦੋ ਪੂਲਾਂ ‘ਚ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਉੱਘੇ ਲੋਕ ਗਾਇਕ ਮੁਹੰਮਦ ਇਰਸ਼ਾਦ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਦਿੱਤੀ।

ਇਸ ਟੂਰਨਾਮੈਂਟ ਦੇ ਡਾਇਰੈਕਟਰ ਤੇਜਿੰਦਰ ਸਿੰਘ ਮਿੱਡੂਖੇੜਾ, ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ, ਕੇ.ਕੇ. ਸ਼ਰਮਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ (ਰਿਟਾ.) ਜੇ.ਐਸ. ਚੀਮਾ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।