41 ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਾਬਾ ਨਾਨਕ ਨੂੰ ਅਕੀਦਤ ਦੇ ਫੁੱਲ ਕੀਤੇ ਭੇਂਟ | Sultanpur Lodhi News
ਸੁਲਤਾਨਪੁਰ ਲੋਧੀ (ਰਾਜਨ ਮਾਨ)। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਾਵਨ ਵੇਈਂ ਕੰਢੇ ਸਥਾਪਿਤ ਮੁੱਖ ਪੰਡਾਲ ਵਿੱਚ ਸੋਮਵਾਰ ਨੂੰ ਹੋਏ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਬਾਬਾ ਨਾਨਕ ਨੂੰ ਆਪਣੀਆਂ ਰਚਨਾਵਾਂ ਰਾਹੀਂ ਅਕੀਦਤ ਦੇ ਫੁੱਲ ਭੇਟ ਕੀਤੇ ਗਏ ਖਜ਼ਾਨਾ ਮੰਤਰੀ ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰਮੱਖੀ ਲਿਪੀ ਦੇ 41 ਅੱਖਰਾਂ ਦੀ ਤਰਜ਼ ‘ਤੇ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੜ੍ਹਨ ਲਈ ਚੁਣੇ ਗਏ। ਖਿੱਤੇ ਦੇ 41 ਮੰਨੇ-ਪ੍ਰਮੰਨੇ ਕਵੀਆਂ ਨੂੰ ਮੁੱਖ ਪੰਡਾਲ ਵਿੱਚ ਪੁੱਜਣ ‘ਤੇ ਜੀ ਆਇਆਂ ਆਖਿਆ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ, ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਗੁਰੂ ਦਰਬਾਰ ਵਿਚ ਹਾਜ਼ਰੀ ਭਰੀ ਜਦਕਿ ਇਸ ਤ੍ਰੈਭਾਸ਼ੀ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕੀਤਾ।
ਨੂਰ ਨਾਨਕ, ਖੁਸ਼ਬੂ ਨਾਨਕ, ਇਹ ਫਿਜ਼ਾ ਨਾਨਕ ਦੀ ਹੈ
ਪ੍ਰੇਮ ਅਦੁੱਤੀ ਗਾ ਰਹੀ, ਕੀਰਤ ਹਵਾ ਨਾਨਕ ਦੀ ਹੈ
ਤੂੰ ਕਿਸੇ ਦੇ ਜ਼ਖਮਾਂ ਉਤੇ ਪ੍ਰੇਮ ਦਾ ਮਰਹਮ ਤਾਂ ਲਾ
ਹੈ ਇਹੀ ਅਰਦਾਸ ਤੇ ਇਸ ਵਿੱਚ ਸ਼ਫਾ ਨਾਨਕ ਦੀ ਹੈ
ਜਲੰਧਰ ਤੋਂ ਆਏ ਕਵੀ ਗੁਰਦੀਪ ਸਿੰਘ ਔਲਖ ਨੇ ਸਿੱਖੀ ਅਸੂਲਾਂ ਨੂੰ ਸਮਰਪਿਤ ਇਸ ਮਿਸ਼ਰੇ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਪੰਡਾਲ ਵਿੱਚ ਵਹੀਰਾਂ ਘੱਤ ਕੇ ਪੁੱਜੀ ਸੰਗਤ ਨੂੰ ਬਾਬਾ ਨਾਨਕ ਦੀਆਂ ਪ੍ਰੇਮ ਅਤੇ ਸਾਂਝੀਵਾਲਤਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ ਇਸ ਮਗਰੋਂ ਉਰਦੂ ਦੇ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਨੇ ਆਪਣੀ ਰਚਨਾ ਨਾਲ ਹਾਜਰੀ ਭਰੀ ਇਸ ਤੋਂ ਬਾਅਦ ਡਾ. ਸੁਖਜਿੰਦਰ ਕੌਰ ਨੇ ਬਾਬੇ ਨਾਨਕ ਦੇ ਆਪਣੀ ਭੈਣ ਨਾਨਕੀ ਨਾਲ ਰਿਸ਼ਤੇ ਨੂੰ ਬਿਆਨਦੀ ਕਵਿਤਾ ਤਰੁੰਨਮ ਵਿਚ ਪੇਸ਼ ਕੀਤੀ।
ਵੇਖ ਵੀਹ ਰੁਪਏ ਤੇਰੇ ਕੰਮ ਕਿਹੜੇ ਆ ਗਏ,
ਲੱਖਾਂ ਹੀ ਗਰੀਬ ਰੋਟੀ ਲੰਗਰਾਂ ‘ਚੋਂ ਖਾ ਗਏ
ਅਮਰਜੀਤ ਸਿੰਘ ਅਮਰ, ਫਰਤੂਲ ਚੰਦ ਫੱਕਰ, ਡਾ: ਰੁਬੀਨਾ ਸ਼ਬਨਮ, ਮੁਕੇਸ਼ ਆਲਮ, ਸੁਖਦੀਪ ਕੌਰ, ਮਨਵਿੰਦਰ ਸਿੰਘ ਧਨੋਆ, ਨੂਰ ਮੁਹੰਮਦ ਨੂਰ, ਮਹਿਕ ਭਾਰਤੀ, ਫਕੀਰ ਚੰਦ ਤੁਲੀ, ਦਰਸ਼ਨ ਸਿੰਘ ਬੁੱਟਰ ਨੇ ਆਪਣੀਆਂ ਰਚਨਾਵਾਂ ਨਾਲ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਫ਼ਲਸਫ਼ੇ ਨੂੰ ਬਿਆਨ ਕੀਤਾ ਸਰਦਾਰ ਪੰਛੀ ਨੇ ‘ਕਿਯਾ ਵਿਗਿਆਨ ਕੇ ਯੁੱਗ ਕਾ ਨਯਾ ਅਗਾਜ਼ ਨਾਨਕ ਨੇ’ ਗਾ ਕੇ ਸੰਗਤਾਂ ਨੂੰ ਬਾਬੇ ਨਾਨਕ ਦੀ ਤਰਕ ਅਧਾਰਿਤ ਜੀਵਨ ਸੋਚ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮਸਜਿਦ ਕੋਲ ਆਤਮਘਾਤੀ ਬੰਬ ਧਮਾਕੇ ‘ਚ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
ਇਸ ਮੌਕੇ ਤ੍ਰਿਲੋਚਣ ਲੋਚੀ, ਕੁਲਵੰਤ ਸਿੰਘ ਗ੍ਰੇਵਾਲ, ਡਾ: ਮੋਹਨਜੀਤ, ਸ: ਗੁਰਭਜਨ ਸਿੰਘ ਗਿੱਲ, ਅਨੂਪ ਸਿੰਘ ਵਿਰਕ, ਮੋਹਨ ਸਪਰਾ, ਗੁਰਚਰਨ ਸਿੰਘ, ਲਿਆਕਤ ਜਾਫ਼ਰੀ, ਅਜਮਲ ਖ਼ਾਨ, ਜਸਪ੍ਰੀਤ ਕੌਰ ਫਲਕ, ਨੌਸ਼ਾਹ ਅਮਰੋਹਵੀ, ਲਖਮੀਰ ਸਿੰਘ ਆਦਿ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤਾਂ ਸਬੰਧੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਰਾਬਿੰਦਰ ਸਿੰਘ ਮਸਰੂਰ ਦੀ ਕਵਿਤਾ ਨਾਲ ਇਸ ਕਵੀ ਸੰਮੇਲਣ ਦਾ ਸਮਾਪਨ ਹੋਇਆ ਇਸ ਤੋਂ ਬਿਨਾਂ ਅੱਜ ਸਵੇਰ ਅਤੇ ਸ਼ਾਮ ਦੇ ਦਿਵਾਨਾਂ ਵਿੱਚ ਭਾਈ ਗੁਰਮੀਤ ਸਿੰਘ, ਭਾਈ ਤਰਸੇਮ ਸਿੰਘ, ਭਾਈ ਗੁਰਮੇਲ ਸਿੰਘ ਤੇ ਰਵਿੰਦਰ ਸਿੰਘ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।