ਜਿਮਨੀ ਚੋਣਾਂ ਦੀ ਸਾਰੀ ਜਿੰਮੇਵਾਰੀ ਬਿਕਰਮ ਮਜੀਠੀਆ ਦੇ ਸਿਰ ‘ਤੇ ਤੇ ਹਰਿਆਣਾ ਦੀ ਕਮਾਨ ਸੰਭਾਲੀ ਸੁਖਬੀਰ ਨੇ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਦੀਆਂ 4 ਜਿਮਨੀ ਚੋਣਾਂ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਗਾਇਬ ਹੀ ਨਜ਼ਰ ਆ ਰਹੇ ਹਨ। ਪਰਕਾਸ਼ ਸਿੰਘ ਬਾਦਲ ਨੇ ਇੱਕ ਵੀ ਚੋਣ ਰੈਲੀ ਨੂੰ ਹੁਣ ਤੱਕ ਸੰਬੋਧਨ ਨਹੀਂ ਕੀਤਾ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਦਾ ਕੋਈ ਪ੍ਰੋਗਰਾਮ ਵੀ ਨਹੀਂ ਹੈ, ਜਿਸ ਤੋਂ ਸਾਫ਼ ਹੈ ਕਿ ਇਸ ਵਾਰ ਚੋਣਾਂ ਦੀ ਸਾਰੀ ਜਿੰਮੇਵਾਰੀ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਦੇ ਸਿਰ ‘ਤੇ ਹੀ ਰਹੇਗੀ। ਇਸ ਵਿੱਚ ਵੀ ਸੁਖਬੀਰ ਬਾਦਲ ਨੇ ਹਰਿਆਣਾ ਵਿਖੇ ਜ਼ਿਆਦਾਤਰ ਕਮਾਨ ਸੰਭਾਲੀ ਹੋਈ ਹੈ ਤੇ ਬਿਕਰਮ ਮਜੀਠੀਆ ਲਗਾਤਾਰ ਦਾਖਾ ਅਤੇ ਜਲਾਲਾਬਾਦ ਸੀਟ ‘ਤੇ ਆਪਣਾ ਸਾਰਾ ਫੋਕਸ ਕਰਦੇ ਹੋਏ ਪ੍ਰਚਾਰ ਵਿੱਚ ਲੱਗੇ ਹੋਏ ਹਨ।
ਪਿਛਲੇ ਢਾਈ ਸਾਲਾਂ ਦੌਰਾਨ ਲਗਾਤਾਰ ਪਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਬੈਠੇ ਹਨ ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਜ਼ਰੂਰ ਪਰਕਾਸ਼ ਸਿੰਘ ਬਾਦਲ ਵੱਲੋਂ ਥੋੜ੍ਹਾ ਬਹੁਤ ਪ੍ਰਚਾਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਰਕਾਸ਼ ਸਿੰਘ ਬਾਦਲ ਦੀ ਉਮਰ ਕਾਫ਼ੀ ਹੋਣ ਦੌਰਾਨ ਉਨ੍ਹਾਂ ਨੂੰ ਖ਼ੁਦ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਪ੍ਰਚਾਰ ਤੋਂ ਦੂਰ ਰੱਖ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਦੱਸੀ ਜਾ ਰਹੀ ਹੈ ਪਰ ਪਿਛਲੇ 10 ਸਾਲਾਂ ਦੌਰਾਨ ਇਹ ਦੂਜੀ ਵਾਰ ਹੋ ਰਿਹਾ ਹੈ, ਜਦੋਂ ਪਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਤੋਂ ਦੂਰ ਰਹੇ ਹਨ, ਨਹੀਂ ਤਾਂ ਉਹ ਖਰਾਬ ਸਿਹਤ ਹੋਣ ਦੇ ਬਾਵਜੂਦ ਚੋਣ ਮੈਦਾਨ ਵਿੱਚ ਹੀ ਰਹਿੰਦੇ ਆਏ ਹਨ।
ਪਰਕਾਸ਼ ਸਿੰਘ ਬਾਦਲ ਦੀ ਗੈਰ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਹੀ ਮੁੱਖ ਜਿੰਮੇਵਾਰੀ ਸੌਂਪਦੇ ਹੋਏ ਇਨ੍ਹਾਂ ਚੋਣਾਂ ਵਿੱਚ ਪ੍ਰਚਾਰ ਲਈ ਉਤਾਰ ਕੇ ਰੱਖਿਆ ਹੋਇਆ ਹੈ। ਸੁਖਬੀਰ ਬਾਦਲ ਜਿੱਥੇ ਜਲਾਲਾਬਾਦ ਅਤੇ ਦਾਖਾ ਵਿਖੇ ਥੋੜ੍ਹਾ ਬਹੁਤ ਪ੍ਰਚਾਰ ਕਰਕੇ ਜਿਆਦਾ ਸਮਾਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਵੱਲ ਧਿਆਨ ਦੇ ਰਹੇ ਹਨ ਤਾਂ ਉਥੇ ਹੀ ਸੁਖਬੀਰ ਬਾਦਲ ਦੀ ਗੈਰ ਹਾਜ਼ਰੀ ਵਿੱਚ ਬਿਕਰਮ ਮਜੀਠਿਆ ਨੂੰ ਦਾਖਾ ਅਤੇ ਜਲਾਲਾਬਾਦ ਸੀਟ ਦੀ ਜਿੰਮੇਵਾਰੀ ਸੰਭਾਲੀ ਹੋਈ ਹੈ ਜਿੱਥੇ ਕਿ ਉਹ ਲਗਾਤਾਰ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਦੇਣ ਦੀ ਅਪੀਲ ਕਰਨ ਵਿੱਚ ਲੱਗੇ ਹੋਏ ਹਨ।
ਖਰਾਬ ਸਿਹਤ ਕਾਰਨ ਹੀ ਚੋਣ ਮੈਦਾਨ ਨਹੀਂ ਉੱਤਰੇ ਪਰਕਾਸ਼ ਸਿੰਘ ਬਾਦਲ : ਡਾ. ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੀ ਉਮਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਸਿਹਤ ਵੀ ਕੁਝ ਠੀਕ ਨਹੀਂ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਜਿਮਨੀ ਚੋਣ ਤੇ ਹੀ ਹਰਿਆਣਾ ਦੀਆਂ ਚੋਣਾਂ ਵਿੱਚ ਪ੍ਰਚਾਰ ਲਈ ਨਹੀਂ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦੀ ਥਾਂ ‘ਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵੱਲੋਂ ਬਹੁਤ ਹੀ ਚੰਗੀ ਤਰ੍ਹਾਂ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।