ਗੁਰਦਾਸਪੁਰ। ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਤੋਂ ਬਾਅਦ ਮਿਲੀ ਜਾਣਕਾਰੀ ਸਮੇਤ ਡਰੋਨ ਤੋਂ ਸੁੱਟੇ ਹਥਿਆਰਾਂ ਤੇ ਹੈਰੋਇਨ ਸਬੰਧੀ ਪੰਜਾਬ ਸਰਕਾਰ ਬਹੁਤ ਹੀ ਸਾਵਧਾਨ ਹੋ ਗਈ ਹੈ ਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ‘ਚ ਤਿੰਨ ਦਿਨ ਲਗਾਤਾਰ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ‘ਚ ਇਨ੍ਹਾਂ ਤਿੰਨ ਜ਼ਿਲਿਆਂ ਦੀ ਪੁਲਿਸ ਸਮੇਤ 2517 ਪੁਲਿਸ ਕਰਮਚਾਰੀ ਫਿਲੌਰ, ਬਹਾਦੁਰਗੜ੍ਹ ਤੇ ਜਲੰਧਰ ਤੋਂ ਵਿਸ਼ੇਸ਼ ਤੌਰ ‘ਤੇ ਭੇਜੇ ਗਏ ਹਨ। ਵਧੀਕ ਡਾਇਰੈਕਟਰ ਜਨਰਲ ਪੁਲਿਸ ਲਾਅ ਐੱਡ ਆਰਡਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਵਾਧੂ ਕਰਮਚਾਰੀਆਂ ਨੂੰ ਤੁਰੰਤ ਸਬੰਧਿਤ ਅਲਾਟ ਕੀਤੇ ਪੁਲਿਸ ਜ਼ਿਲਿਆਂ ‘ਚ 11 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਰਿਪੋਰਟ ਕਰਨ ਦੇ ਨਾਲ-ਨਾਲ ਤਿੰਨ ਦਿਨ ਲਈ ਆਪਣੀ ਵਰਦੀ, ਬਿਸਤਰਾ ਤੇ ਆਪਣੇ ਅਲਾਟ ਹਥਿਆਰ ਵੀ ਨਾਲ ਲਿਜਾਣ ਨੂੰ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਜਾਰੀ ਆਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਲਈ 971 ਪੁਲਿਸ ਕਰਮਚਾਰੀ, ਜ਼ਿਲ੍ਹਾ ਪੁਲਿਸ ਬਟਾਲਾ ਲਈ 635 ਤੇ ਜ਼ਿਲ੍ਹਾ ਪੁਲਿਸ ਪਠਾਨਕੋਟ ਦੇ 911 ਪੁਲਿਸ ਕਰਮਚਾਰੀ ਭੇਜੇ ਗਏ ਹਨ। ਜਦਕਿ ਪਹਿਲਾਂ ਹੀ ਇਨ੍ਹਾਂ ਪੁਲਿਸ ਜ਼ਿਲਿਆਂ ਲਈ ਐੱਸ. ਐੱਸ. ਜੀ ਦੀਆਂ 3 ਟੀਮਾਂ, ਐੱਸ. ਓ. ਜੀ ਦੀਆਂ 2 ਟੀਮਾਂ, ਸਵੈਤ ਦੀ 1 ਅਤੇ 1 ਘਾਤਕ ਟੀਮ ਪਹੁੰਚ ਚੁੱਕੀ ਹੈ। ਇਹ ਸਾਰੀਆਂ ਟੀਮਾਂ ਇਸ ਵਿਸ਼ੇਸ਼ ਆਪ੍ਰੇਸ਼ਨ ‘ਚ ਹੋਰ ਕਰਮਚਾਰੀਆਂ ਦਾ ਸਾਥ ਦੇਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।