ਖੁਸ਼ਵੀਰ ਸਿੰਘ ਤੂਰ/ਪਟਿਆਲਾ, 5 ਅਕਤੂਬਰ। ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਰਵਾਈ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ ਅੱਜ ਹੋਈ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜਬਾਨ ਕਾਲਜ ਦੀਆਂ ਖਿਡਾਰਣਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਓਵਰ-ਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਪ੍ਰਤਿਯੋਗਿਤਾ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੁਆਰਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੀਆਂ ਖਿਡਾਰਣਾਂ ਦੀ ਖੇਡ ਭਾਵਨਾ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਜੀਵਨ ਵਿੱਚ ਖੇਡਾਂ ਦੇ ਬਹੁਮੁੱਲੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਸਮਾਜਿਕ ਜੀਵਨ ਵਿੱਚ ਵੱਧ ਰਹੀ ਹਿੰਸਾ ਅਤੇ ਭਾਈਚਾਰਕ ਜੀਵਨ ਵਿੱਚ ਆ ਰਹੀ ਗਿਰਾਵਟ ਦੇ ਬਦਲ ਵਜੋਂ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਕਾਲਜ ਦੇ ਡੀਨ (ਸਪੋਰਟਸ) ਡਾ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੋ ਰੋਜ਼ਾ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਕਾਲਜਾਂ ਦੀਆਂ 17 ਟੀਮਾਂ ਦੀਆਂ 47 ਬਾਕਸਰਾਂ ਨੇ ਹਿੱਸਾ ਲਿਆ। ਮੋਦੀ ਕਾਲਜ ਪਟਿਆਲਾ ਦੀਆਂ ਖਿਡਾਰਣਾਂ ਨੇ 20 ਅੰਕ ਪ੍ਰਾਪਤ ਕੀਤੇ ।
ਇਸੇ ਤਰ੍ਹਾਂ ਅਕਾਲ ਡਿਗਰੀ ਕਾਲਜ ਮਸਤੂਆਨਾ ਸਾਹਿਬ ਦੀਆਂ ਖਿਡਾਰਣਾਂ ਨੇ 11 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ ਮੋਦੀ ਕਾਲਜ ਦੀਆਂ ਖਿਡਾਰਣਾਂ ਕਾਜਲ, ਮਨਦੀਪ ਅਤੇ ਪੂਜਾ ਨੇ ਆਪਣੇ-ਆਪਣੇ ਵਰਗਾਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਬਾਕਸਰ ਪ੍ਰਿਅੰਕਾ ਨੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਬਾਕਸਰ ਪ੍ਰਿਅੰਕਾ ਸ਼ਰਮਾ ਅਤੇ ਸ਼ਿਲਪਾ ਰਾਣੀ ਨੇ ਕਾਂਸੀ ਦੇ ਤਗਮੇਂ ਪ੍ਰਾਪਤ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।