ਕਾਲਜ ਦੇ ਚੇਅਰਮੈਨ ਤੇ ਐਮਡੀ ਸਣੇ ਤਿੰਨ ‘ਤੇ ਪੁਲਿਸ ਕੇਸ ਦਰਜ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜਿਲ੍ਹੇ ਦੇ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਐਮਬੀਬੀਐਸ ‘ਚ ਦਾਖਲਾ ਦਿਵਾਉਣ ਦੇ ਨਾਂਅ ‘ਤੇ 22 ਲੱਖ ਦੀ ਠੱਗੀ ਮਾਰਨ ਸਬੰਧੀ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ‘ਚ ਸਥਿੱਤ ਇੱਕ ਮੈਡੀਕਲ ਕਾਲਜ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਥਾਣਾ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਹਰਸ਼ ਬਾਂਸਲ ਪੁੱਤਰ ਪੁੱਤਰ ਅਮਰ ਕੁਮਾਰ ਵਾਸੀ ਰਾਮਪੁਰਾ ਨੇ ਆਪਣੀ ਲੜਕੀ ਨੂੰ ਡਾਕਟਰ ਬਣਾਕੇ ਉਸ ਦੀ ਜਿੰਦਗੀ ਲਈ ਸੁਨਹਿਰੇ ਸੁਫਨੇ ਦੇਖੇ ਸਨ (MBBS Admission)
ਜੋਕਿ ਠੱਗਾਂ ਦੀ ਬਦੌਲਤ ਚਕਨਾ ਚੂਰ ਹੋ ਗਏ ਹਨ ਹਰਸ਼ ਬਾਂਸਲ ਨੇ ਐਸਐਸਪੀ ਨੂੰ ਆਪਣੇ ਨਾਲ ਵੱਜੀ 22 ਲੱਖ ਦੀ ਠੱਗੀ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਰਾਜ ਸ੍ਰੀ ਮੈਡੀਕਲ ਰਿਸਰਚ ਇੰਸਟੀਚਿਊਟ ਬਰੇਲੀ (ਉੱਤਰ ਪ੍ਰਦੇਸ਼) ਦੇ ਚੇਅਰਮੈਨ ਰਜਿੰਦਰ ਅਗਰਵਾਲ , ਮੈਨੇਜਿੰਗ ਡਾਇਰੈਕਟਰ ਰੋਹਨ ਬਾਂਸਲ ਅਤੇ ਰਿਸ਼ਵ ਬਾਂਸਲ ਵਾਸੀ ਬਰੇਲੀ ਨਾਲ ਆਪਣੀ ਲੜਕੀ ਇਸ਼ਿਕਾ ਬਾਂਸਲ ਨੂੰ ਐਮਬੀਬੀਐਸ ‘ਚ ਦਾਖਲਾ ਦਿਵਾਉਣ ਲਈ ਸੰਪਰਕ ਕੀਤਾ ਸੀ ਇਨ੍ਹਾਂ ਤਿੰਨਾਂ ਨੇ ਸਪੈਸ਼ਲ ਕੋਟੇ ਚੋਂ ਸੀਟ ਦੇਣ ਲਈ 22 ਲੱਖ ਰੁਪਏ ਦੀ ਮੰਗ ਕੀਤੀ ਸੀ ਇਨ੍ਹਾਂ ਪੈਸਿਆਂ ਚੋਂ 11 ਲੱਖ 30 ਹਜ਼ਾਰ ਰੁਪਏ ਫੀਸ ਦੇ ਸਨ ਅਤੇ ਬਾਕੀ ਪੈਸਿਆਂ ਸਮੇਤ ਸਾਰੇ ਪੈਸੇ ਨਕਦ ਦੇਣ ਲਈ ਕਿਹਾ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ।
ਇਹ ਵੀ ਪੜ੍ਹੋ : ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਕੂਲ ’ਚ ਪ੍ਰੋਗਰਾਮ ਕਰਵਾਇਆ
ਸ਼ਿਕਾਇਤ ਮੁਤਾਬਕ ਇਸ ਤੋਂ ਬਾਅਦ ਕਾਲਜ ਵੱਲੋਂ ਮੰਗੇ ਜਾਣ ਤੇ 18 ਨਵੰਬਰ 2016 ਨੂੰ ਆਰ ਟੀ ਜੀ ਐਸ ਰਾਹੀਂ 11 ਲੱਖ 30 ਹਜ਼ਾਰ ਰੁਪਏ ਟਰਾਂਸਫਰ ਕਰਵਾ ਦਿੱਤੇ ਉਨ੍ਹਾਂ ਨੇ ਸੀਟ ਪੱਕੀ ਹੋਣ ਦੀ ਗੱਲ ਕਹੀ ਤੇ ਬਾਕੀ ਪੈਸੇ ਰਾਮਪੁਰਾ ਤੋਂ ਲਿਜਾਣ ਲਈ ਆਖਿਆ ਸੀ ਸ਼ਿਕਾਇਤ ‘ਚ ਦੱਸਿਆ ਹੈ ਕਿ 10 ਦਿਨ ਬਾਅਦ ਰੋਹਨ ਬਾਂਸਲ ਨੇ ਆਪਣਾ ਬੰਦਾ ਭੇਜ ਕੇ 10 ਲੱਖ 70 ਹਜ਼ਾਰ ਰੁਪਏ ਮੰਗਵਾ ਲਏ ਕੁਝ ਦਿਨਾਂ ਬਾਅਦ ਉਹ ਚੇਅਰਮੈਨ ਅਤੇ ਐਮਡੀ ਦੇ ਕਹੇ ਅਨੁਸਾਰ ਇਸ਼ਿਕਾ ਬਾਂਸਲ ਨੂੰ ਬਰੇਲੀ ਛੱਡ ਆਏ ਜਿੱਥੇ ਉਹ ਕਰੀਬ ਦੋ ਮਹੀਨੇ ਪੜ੍ਹਾਈ ਕਰਦੀ ਰਹੀ ਉਸ ਮਗਰੋਂ ਕਾਲਜ ਪ੍ਰਬੰਧਕਾਂ ਵੱਲੋਂ ਇਸ਼ਿਕਾ ਬਾਂਸਲ ਨੂੰ ਮੈਨੇਜਮੈਂਟ ਕੋਟੇ ਵਾਲੀਆਂ ਸੀਟਾਂ ਭਰਨ ਦੀ ਗੱਲ ਕਹਿਕੇ ਕਾਲਜ ਚੋਂ ਕੱਢ ਦਿੱਤਾ ਗਿਆ ਇਸ਼ਿਕਾ ਦੇ ਮਾਪਿਆਂ ਨੇ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਲਜ ਦੇ ਅਧਿਕਾਰੀਆਂ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ। (MBBS Admission)
ਮੈਡੀਕਲ ਕੌਂਸਲ ਨੇ ਖੋਲ੍ਹੀ ਪੋਲ
ਹਰਸ਼ ਬਾਂਸਲ ਅਨੁਸਾਰ ਇਸ਼ਿਕਾ ਨਾਲ ਵਰਤੇ ਵਰਤਾਰੇ ਉਪਰੰਤ ਉਸ ਦੇ ਦਾਖਲੇ ਦੀ ਸਥਿਤੀ ਬਾਰੇ ਮੈਡੀਕਲ ਕੌਂਸਲ ਆਫ ਇੰਡੀਆ ਨਾਲ ਸੰਪਰਕ ਕੀਤਾ ਮੈਡੀਕਲ ਕੌਂਸਲ ਨੇ ਲਿਖਤੀ ਪੱਤਰ ਰਾਹੀਂ ਉਨ੍ਹਾਂ ਨੂੰ ਦੱਸਿਆ ਕਿ ਇਸ ਕਾਲਜ ਦੇ ਕਰੀਬ 78 ਬੱਚਿਆਂ ਦੇ ਦਾਖਲੇ ਮੈਡੀਕਲ ਕੌਂਸਲ ਆਫ ਇੰਡੀਆ ਨੇ ਰੱਦ ਕਰ ਦਿੱਤੇ ਹਨ ਸ਼ਿਕਾਇਤ ‘ਚ ਦੱਸਿਆ ਹੈ ਕਿ ਪ੍ਰਬੰਧਕਾਂ ਨੂੰ ਜਾਣਕਾਰੀ ਸੀ ਕਿ ਮੈਡੀਕਲ ਕੌਂਸਲ ਦੇ ਨਿਯਮਾਂ ਅਨੁਸਾਰ ਕਾਲਜ 7 ਅਕਤੂਬਰ 2016 ਉਪਰੰਤ ਕੋਈ ਦਾਖਲਾ ਹੀ ਨਹੀਂ ਕਰ ਸਕਦਾ ਸੀ ਹਰਸ਼ ਬਾਂਸਲ ਨੇ ਐਸਐਸਪੀ ਨੂੰ ਦੱਸਿਆ ਕਿ ਕਾਲਜ ਮੈਨੇਜ਼ਮੈਂਟ ਨੇ ਉਨ੍ਹਾਂ ਨਾਲ ਠੱਗੀ ਮਾਰਨ ਦੀ ਨੀਅਤ ਨਾਲ ਕਾਇਦੇ-ਕਾਨੂੰਨਾਂ ਤੋਂ ਉਲਟ ਲੜਕੀ ਨੂੰ ਦਾਖਲਾ ਦਿੱਤਾ ਹੈ ਉਨ੍ਹਾਂ ਇਸ ਮਾਮਲੇ ਦੀ ਪੜਤਾਲ ਕਰਕੇ ਸਬੰਧਤ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਡੀਐਸਪੀ ਵੱਲੋਂ ਕੀਤੀ ਪੜਤਾਲ ‘ਚ ਠੱਗੀ ਸਿੱਧ
ਐਸਐਸਪੀ ਬਠਿੰਡਾ ਨੇ ਸ਼ਿਕਾਇਤ ਦੀ ਪੜਤਾਲ ਡੀਐਸਪੀ ਫੂਲ ਨੂੰ ਸੌਂਪੀ ਸੀ ਡੀਐਸਪੀ ਫੂਲ ਨੇ ਐਸਐਸਪੀ ਨੂੰ ਸੌਂਪੀ ਪੜਤਾਲੀਆ ਰਿਪੋਰਟ ‘ਚ ਦੱਸਿਆ ਹੈ ਹਰਸ਼ ਬਾਂਸਲ ਵੱਲੋਂ 11 ਲੱਖ 30 ਹਜ਼ਾਰ ਰੁਪਏ ਟਰਾਂਸਫਰ ਕਰਵਾਉਣ ਅਤੇ ਬਾਕੀ ਪੈਸੇ ਸੁਰਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਸਦਰ ਬਜ਼ਾਰ ਰਾਮਪੁਰਾ ਦੀ ਹਾਜ਼ਰੀ ‘ਚ ਦੇਣਾ ਸਹੀ ਪਾਇਆ ਗਿਆ ਹੈ ਰਿਪੋਰਟ ਮੁਤਾਬਕ ਇਸ਼ਿਕਾ ਬਾਂਸਲ ਨੂੰ ਦਾਖਲਾ ਵੀ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਗਿਆ ਹੈ ਕਾਲਜ ਦੇ ਪ੍ਰਬੰਧਕ ਜਾਣਦੇ ਸਨ ਕਿ ਉਨ੍ਹਾਂ ਨੂੰ ਕਾਲਜ ਦਾਖਲਾ ਨਹੀਂ ਦੇ ਸਕਦਾ ਸੀ ਫਿਰ ਵੀ ਅਜਿਹਾ ਕਰਕੇ 22 ਲੱਖ ਦੀ ਠੱਗੀ ਮਾਰੀ ਹੈ ਡੀਐਸਪੀ ਨੇ ਤਿੰਨਾਂ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਵੀ ਕੀਤੀ ਸੀ।
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੇਗੀ ਪੁਲਿਸ : ਡੀਐਸਪੀ
ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਹਰਸ਼ ਬਾਂਸਲ ਦੀ ਸ਼ਿਕਾਇਤ ‘ਤੇ ਰਾਜ ਸ੍ਰੀ ਮੈਡੀਕਲ ਰਿਸਰਚ ਇੰਸਟੀਚਿਊਟ ਬਰੇਲੀ (ਉੱਤਰ ਪ੍ਰਦੇਸ਼) ਦੇ ਚੇਅਰਮੈਨ ਰਜਿੰਦਰ ਅਗਰਵਾਲ, ਮੈਨੇਜਿੰਗ ਡਾਇਰੈਕਟਰ ਰੋਹਨ ਬਾਂਸਲ ਅਤੇ ਰਿਸ਼ਵ ਬਾਂਸਲ ਵਾਸੀ ਬਰੇਲੀ ਖਿਲਾਫ ਧਾਰਾ 420 ਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ ਇਸ ਮਾਮਲੇ ਦੀ ਪੜਤਾਲ ਅਤੇ ਅਗਲੀ ਕਾਰਵਾਈ ਏਐਸਆਈ ਅੰਮ੍ਰਿਤਪਾਲ ਸਿੰਘ ਹਵਾਲੇ ਕੀਤੀ ਗਈ ਹੈ ਡੀਐਸਪੀ ਫੂਲ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਜਾਵੇਗੀ।