ਵਾਸ਼ਿੰਗਟਨ, (ਏਜੰਸੀ)। ਜੰਮੂ ਕਸ਼ਮੀਰ ਤੋਂ ਅਨੁਛੇਦ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਅਤੇ ਭਾਰਤ ਦੇ ਸਬੰਧਾਂ ‘ਚ ਤਲਖੀ ਹੈ। ਕਸ਼ਮੀਰ ਮੁੱਦੇ ‘ਤੇ ਤਿੰਨ ਵਾਰ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦੋਵਾਂ ਦੇਸ਼ਾਂ ਦੀ ਮਦਦ ਕਰਨ ਦਾ ਪ੍ਰਸਤਾਵ ਦੁਹਰਾਇਆ। ਨਾਲ ਹੀ ਉਹਨਾ ਕਿਹਾ ਕਿ ਦੋ ਹਫ਼ਤਿਆਂ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਪਹਿਲਾਂ ਨਾਲ ਘੱਟ ਹੋਇਆ ਹੈ। ਫਰਾਂਸ ‘ਚ 26 ਅਗਸਤ ਤੋਂ ਜੀ-7 ਸਮਿਟ ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਕਾਰ ਬੈਠਕ ਹੋਈ ਸੀ। (Trump)
ਦੋਵਾਂ ਨੇਤਾਵਾਂ ਵਿਚਕਾਰ ਕਸ਼ਮੀਰ ਮਾਮਲੇ ‘ਤੇ ਵੀ ਗੱਲ ਹੋਈ। ਇਸ ਦੌਰਾਨ ਮੋਦੀ ਨੇ ਟਰੰਪ ਦੇ ਸਾਹਮਣੇ ਕਿਹਾ ਸੀ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਦੋਪੱਖੀ ਮਾਮਲਾ ਹੈ ਅਤੇ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਇਸ ‘ਤੇ ਕਸ਼ਟ ਨਹੀਂ ਦੇਣਾ ਚਾਹੁੰਦੇ। ਇਸ ਦੇ ਦੋ ਹਫਤਿਆਂ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਆਇਆ ਹੈ। ਟਰੰਪ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਨੂੰ ਲੈ ਕੇ ਟਕਰਾਅ ਜਾਰੀ ਹੈ। ਮੇਰੇ ਦੋਵੇਂ ਦੇਸ਼ਾਂ ਨਾਲ ਚੰਗੇ ਸਬੰਧ ਹਨ। ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਅਤੇ ਉਹ ਇਹ ਜਾਣਦੇ ਹਨ।