ਕਿਹਾ! ਖੁਸ਼ਹਾਲੀ ਦੇ ਰਾਖੇ ਸਰਕਾਰ ਦੀ ਅੱਖ, ਕੰਨ ਅਤੇ ਬਾਂਹ | Food Commission
- ਗੁਰਸੰਦੀਪ ਸਿੰਘ ਗਰੇਵਾਲ ਵੱਲੋਂ ਸਰਕਾਰੀ ਸਕੀਮਾਂ ਪ੍ਰਤੀ ਜਾਗਰੂਕਤਾ ਲਈ ਖੁਸ਼ਹਾਲੀ ਦੇ ਰਾਖਿਆਂ ਨਾਲ ਮੀਟਿੰਗ | Food Commission
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਗੁਰਸੰਦੀਪ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਸਿਫਾਰਸ਼ ਭੇਜੀ ਗਈ ਹੈ ਕਿ ਸਰਕਾਰੀ ਸਕੂਲਾਂ ਦੇ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ- ਮੀਲ ਸਕੂਲ ਯੋਜਨਾ ਅਧੀਨ ਲਿਆਂਦਾ ਜਾਵੇ। ਇਸ ਤਰ੍ਹਾਂ ਹੋਣ ਨਾਲ ਸੂਬੇ ਵਿੱਚ ਖੁਰਾਕ ਸੁਰੱਖਿਆ ਐਕਟ 2013 ਨੂੰ ਹੋਰ ਬੇਹਤਰ ਤਰੀਕੇ ਨਾਲ ਲਾਗੂ ਕੀਤਾ ਜਾ ਸਕੇਗਾ। ਉਹ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਨੈਸ਼ਨਲ ਫੂਡ ਸਕਿਊਰਿਟੀ ਐਕਟ ਅਧੀਨ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕਤਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।
ਇਸ ਮੀਟਿੰਗ ‘ਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਖੁਸ਼ਹਾਲੀ ਦੇ ਰਾਖੇ (ਗਾਰਡੀਅਨਜ਼ ਆਫ਼ ਗਵਰਨੈਂਸ) ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਸ੍ਰ. ਗਰੇਵਾਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਮੌਜੂਦਾ ਸਮੇਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ- ਮੀਲ ਯੋਜਨਾ ਅਧੀਨ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਹੁਣ ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪ੍ਰਸਤਾਵ ਭੇਜ ਕੇ ਸ਼ਿਫਾਰਸ਼ ਭੇਜੀ ਗਈ ਹੈ ਕਿ ਇਸ ਦਾ ਦਾਇਰਾ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੱਕ ਵਧਾਇਆ ਜਾਵੇ। ਇਸ ਨਾਲ ਜਿੱਥੇ ਖੁਰਾਕ ਸੁਰੱਖਿਆ ਐਕਟ ਚੰਗੀ ਤਰ੍ਹਾਂ ਲਾਗੂ ਹੋਵੇਗਾ ਉਥੇ ਹੀ ਵਿਦਿਆਰਥੀਆਂ ਦੀ ਸਰਕਾਰੀ ਸਕੂਲਾਂ ਪ੍ਰਤੀ ਰੁਚੀ ਵੀ ਵਧੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਇਨਾਤ ਕੀਤੇ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਸਰਕਾਰ ਦੀ ਅੱਖ, ਕੰਨ ਅਤੇ ਬਾਹਾਂ ਹਨ, ਜੋ ਕਿ ਜ਼ਮੀਨੀ ਪੱਧਰ ‘ਤੇ ਸਰਕਾਰੀ ਸਕੀਮਾਂ ਦਾ ਲਾਹਾ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਵਿੱਚ ਸਫ਼ਲਤਾ ਪੂਰਵਕ ਕੰਮ ਕਰ ਰਹੇ ਹਨ। ਇਸ ਮੌਕੇ ਜੀ.ਓ.ਜੀਜ਼ ਨੂੰ ਸਰਕਾਰੀ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਰਿਸ਼ੀਪਾਲ ਸਿੰਘ ਨੇ ਗੁਰਸੰਦੀਪ ਸਿੰਘ ਗਰੇਵਾਲ ਦਾ ਲੁਧਿਆਣਾ ਵਿਖੇ ਆਉਣ ਲਈ ਧੰਨਵਾਦ ਕੀਤਾ।