ਵਿਧਾਨ ਸਭਾ ‘ਚ ਮੈਨੂੰ ਨਹੀਂ ਸੀ ਸੁਣਿਆ | Pargat Singh
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਰਗਟ ਸਿੰਘ ਇੱਕ ਛੋਟੀ ਸੋਚ ਦਾ ਮਾਲਕ ਐ, ਉਹਨੂੰ ਵਿਧਾਨ ਸਭਾ ਦੇ ਸਦਨ ਅੰਦਰ ਇੰਝ ਨਹੀਂ ਬੋਲਣਾ ਚਾਹੀਦਾ ਸੀ ਕਿ ਖੇਡ ਵਿਭਾਗ ਕੋਲ ਤਾਂ ਨਿੱਕਰ ਖਰੀਦਣ ਦੇ ਵੀ ਪੈਸੇ ਨਹੀਂ ਹਨ। ਹੁਣ ਪਰਗਟ ਸਿੰਘ ਖ਼ੁਦ ਹੀ ਦੱਸੇ ਕਿ ਅਸੀਂ ਪਿਛਲੇ ਦਿਨੀਂ ਕਈ ਸਾਲਾਂ ਤੋਂ ਰੁਕੇ ਹੋਏ ਕਰੋੜਾਂ ਰੁਪਏ ਦੇ ਐਵਾਰਡ ਵੰਡੇ ਹਨ ਅਤੇ ਲਗਾਤਾਰ ਸਟੇਡੀਅਮ ਖੋਲ੍ਹ ਰਹੇ ਹਾਂ, ਜਿਸ ‘ਤੇ ਕਰੋੜਾਂ ਰੁਪਏ ਖ਼ਰਚ ਹੋ ਰਿਹਾ ਹੈ। ਪਰਗਟ ਸਿੰਘ ਖ਼ੁਦ ਦੱਸੇ ਕਿ ਜਿਹੜਾ ਕਰੋੜਾਂ ਦਾ ਖ਼ਰਚ ਕੀਤਾ ਜਾ ਰਿਹਾ ਹੈ, ਉਹ ਕੀਹਦੀ ਨਿੱਕਰ ਵੇਚ ਕੇ ਕੀਤਾ ਜਾ ਰਿਹਾ ਹੈ। ਬਾਜ਼ਾਰ ਵਿੱਚੋਂ ਨਿੱਕਰ ਤਾਂ 50 ਰੁਪਏ ਵਿੱਚ ਵੀ ਮਿਲ ਜਾਂਦੀ ਹੈ ਪਰ ਅਸੀਂ ਤਾਂ ਖੁੱਲ੍ਹੇ ਦਿਲ ਨਾਲ ਕਰੋੜਾਂ ਰੁਪਏ ਦਾ ਖ਼ਰਚ ਕਰ ਰਹੇ ਹਾਂ।
ਪਰਗਟ ਸਿੰਘ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਆਸਾ ਪਾਸਾ ਦੇਖਦੇ ਹੋਏ ਤੱਥ ਚੈੱਕ ਕਰ ਲੈਣੇ ਚਾਹੀਦੇ ਹਨ, ਕਿਉਂਕਿ ਨੈਸ਼ਨਲ ਖਿਡਾਰੀ ਰਹਿਣ ਕਾਰਨ ਉਨ੍ਹਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਪਰ ਉਹ ਇਸ ਸਤਿਕਾਰ ਨੂੰ ਬਰਕਰਾਰ ਨਹੀਂ ਰੱਖ ਰਹੇ ਹਨ। ਇਹ ਹਮਲਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ‘ਤੇ ਕੀਤਾ ਹੈ। ਪਰਗਟ ਸਿੰਘ ਨੇ ਪਿਛਲੇ ਦਿਨੀਂ ਵਿਧਾਨ ਸਭਾ ਅੰਦਰ ਖੇਡ ਵਿਭਾਗ ਖ਼ਿਲਾਫ਼ ਜੰਮ ਕੇ ਭੜਾਸ ਕੱਢਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਖੇਡ ਵਿਭਾਗ ਤਾਂ ਸਿਰਫ਼ ਕਾਗਜ਼ੀ ਕੰਮਾਂ ਤੱਕ ਹੀ ਸੀਮਤ ਚੱਲ ਰਿਹਾ ਹੈ, ਜਦੋਂ ਕਿ ਇਸ ਸਮੇਂ ਇੱਕ ਨਿੱਕਰ ਖਰੀਦਣ ਲਈ ਵੀ ਖੇਡ ਵਿਭਾਗ ਕੋਲ ਪੈਸੇ ਨਹੀਂ ਹਨ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੀ ਉਸ ਸਮੇਂ ਵਿਧਾਨ ਸਭਾ ਵਿੱਚ ਬੈਠੇ ਸਨ ਪਰ ਉਨ੍ਹਾਂ ਨੇ ਕੋਈ ਜੁਆਬ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ’ਤੇ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣੇ ਪੜ੍ਹੋ
ਰਾਣਾ ਗੁਰਮੀਤ ਸੋਢੀ ਨੇ ਸੱਚ ਕਹੂੰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਸਮਝ ਹੀ ਨਹੀਂ ਆਈ ਕਿ ਆਖ਼ਰਕਾਰ ਪਰਗਟ ਸਿੰਘ ਨੂੰ ਇਹੋ ਜਿਹੀ ਕਿਹੜੀ ਦਿੱਕਤ ਆ ਗਈ ਸੀ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਅੰਦਰ ਖੇਡ ਵਿਭਾਗ ਖ਼ਿਲਾਫ਼ ਹੀ ਝੂਠ ਬੋਲ ਦਿੱਤਾ। ਜਦੋਂ ਪਰਗਟ ਸਿੰਘ ਇਹ ਬੋਲ ਰਹੇ ਸਨ ਤਾਂ ਉਨ੍ਹਾਂ ਨੂੰ ਕੁਝ ਵੀ ਸੁਣਾਈ ਨਹੀਂ ਦਿੱਤਾ ਨਹੀਂ ਤਾਂ ਉਨ੍ਹਾਂ ਦੇ ਇਸ ਦੋਸ਼ ਦਾ ਜੁਆਬ ਮੌਕੇ ‘ਤੇ ਹੀ ਪਰਗਟ ਸਿੰਘ ਨੂੰ ਮਿਲ ਜਾਂਦਾ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰੁਕੇ ਹੋਏ ਮਹਾਰਾਜਾ ਰਣਜੀਤ ਸਿੰਘ ਐਵਾਰਡ, ਕਾਮਨਵੈਲਥ ਅਤੇ ਏਸ਼ੀਅਨ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ ਇਸੇ ਸਰਕਾਰ ਦੌਰਾਨ 30 ਕਰੋੜ ਰੁਪਏ ਦੇ ਲਗਭਗ ਐਵਾਰਡ ਦਿੱਤੇ ਗਏ ਹਨ। (Pargat Singh)
ਇਸ ਤੋਂ ਇਲਾਵਾ ਜਲਦ ਹੀ ਹੋਰ ਖਿਡਾਰੀਆਂ ਨੂੰ ਕੈਸ਼ ਐਵਾਰਡ ਦਿੱਤੇ ਜਾਣਗੇ। ਇਸ ਨਾਲ ਹੀ ਮੁਹਾਲੀ ਵਿਖੇ ਸ਼ਾਨਦਾਰ ਸੂਟਿੰਗ ਰੇਂਜ ਬਣਾ ਦਿੱਤੀ ਗਈ ਹੈ ਤਾਂ ਆਨੰਦਪੁਰ ਸਾਹਿਬ ਵਿਖੇ ਚਰਨ ਗੰਗਾ ਸਟੇਡੀਅਮ ਬਣਾਇਆ ਗਿਆ ਹੈ ਜਿਸ ‘ਤੇ ਕਰੋੜਾਂ ਰੁਪਏ ਦਾ ਖ਼ਰਚ ਆਇਆ ਹੈ।ਹੁਣ ਪਰਗਟ ਸਿੰਘ ਦੱਸੇ ਕਿ ਇਹ ਸਾਰਾ ਖ਼ਰਚ ਅਸੀਂ ਕਿਸ ਦੀ ਨਿੱਕਰ ਵੇਚ ਕੇ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੀ ਹੀ ਇੱਜ਼ਤ ਖ਼ਰਾਬ ਹੁੰਦੀ ਹੈ। ਉਹ ਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਮਾਣ ਸਨਮਾਨ ਵੀ ਸਾਰਿਆਂ ਦੇ ਦਿਲਾਂ ਵਿੱਚ ਹੈ ਪਰ ਫਿਰ ਵੀ ਉਹ ਜੇਕਰ ਖਿਡਾਰੀ ਹੋ ਕੇ ਇੰਝ ਕਰਨਗੇ ਤਾਂ ਬਾਕੀਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। (Pargat Singh)