ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਕੀਤੀ ਇੱਛਾ ਜ਼ਾਹਰ
ਸੰਗਰੂਰ (ਗੁਰਪ੍ਰੀਤ ਸਿੰਘ) ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਭਾਵੇਂ ਉੱਥੇ ਦੇ ਲੋਕਾਂ ਦੀ ਹਾਲੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਇਸ ਦੇ ਬਾਵਜ਼ੂਦ ਦੇਸ਼ ਦੇ ਵੱਡੇ ਉਦਯੋਗਿਕ ਅਦਾਰਿਆਂ ਦਾ ਧਿਆਨ ਜੰਮੂ ਕਸ਼ਮੀਰ ਵਿੱਚ ਆਪੋ-ਆਪਣੇ ਉਦਯੋਗ ਸਥਾਪਤ ਕਰਨ ਵੱਲ ਹੋ ਰਿਹਾ ਹੈ ਪੰਜਾਬ ਦੇ ਵੱਡੇ ਉਦਯੋਗਿਕ ਅਦਾਰੇ ਟਰਾਈਡੈਂਟ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ ‘ਚ ਇੱਕ ਹਜ਼ਾਰ ਕਰੋੜ ਰੁਪਏ ਦੇ ਉਦਯੋਗ ਲਾਉਣ ਲਈ ਤਿਆਰ ਹੈ
ਅੱਜ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਟਰਾਈਡੈਂਟ ਕੰਪਨੀ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਣ ਤੋਂ ਪਿੱਛੋਂ ਵੱਡੀ ਗਿਣਤੀ ਉਦਯੋਗਿਕ ਅਦਾਰਿਆਂ ਦਾ ਧਿਆਨ ਇਸ ਪਾਸੇ ਵੱਲ ਹੋ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਟਰਾਈਡੈਂਟ ਅਦਾਰਾ ਖੁਦ ਵੀ ਜੰਮ ਕਸ਼ਮੀਰ ਦੇ ਲੋਕਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉੱਥੇ ਇੱਕ ਹਜ਼ਾਰ ਕਰੋੜ ਰੁਪਏ ਦੇ ਉਦਯੋਗ ਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ
ਲੋਕ ਸਭਾ ਹਲਕਾ ਸੰਗਰੂਰ ‘ਚ ਵੱਡਾ ਨਾਂਅ ਰੱਖਦੇ ਟਰਾਈਡੈਂਟ ਦੇ ਚੇਅਰਮੈਨ ਗੁਪਤਾ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਨਕਾਰਾਤਮਕ ਗਤੀਵਿਧੀਆਂ ਕਾਰਨ ਵਿਕਾਸ ਤੋਂ ਬੁਰੀ ਤਰ੍ਹਾਂ ਪਛੜ ਚੁੱਕੇ ਹਨ ਤੇ ਉੱਥੋਂ ਦੀਆਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਕੰਮ ਤੋਂ ਵਾਂਝੀਆਂ ਹਨ ਉਨ੍ਹਾਂ ਕਿਹਾ ਕਿ ਜੇਕਰ ਉੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ ਤਾਂ ਉਦਯੋਗਾਂ ਨੂੰ ਇਸ ਪਾਸੇ ਧਿਆਨ ਦੇਣਾ ਹੀ ਪਵੇਗਾ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਤੌਰ ਤੇ ਪੂਰੀ ਤਰ੍ਹਾਂ ਤਿਆਰ ਹਾਂ
ਉਨ੍ਹਾਂ ਕਿਹਾ ਕਿ ਉਨ੍ਹਾਂ ਜੰਮੂ ਕਸ਼ਮੀਰ ਸਬੰਧੀ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ, ਉੱਥੇ ਲਘੂ ਉਦਯੋਗ, ਹੋਟਲ ਤੇ ਹੋਰ ਕਾਰੋਬਾਰਾਂ ਰਾਹੀਂ ਉਨ੍ਹਾਂ ਤੋਂ ਘੱਟ ਤੋਂ ਘੱਟ 10 ਹਜ਼ਾਰ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਜਿਸ ਦੇ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਜੰਮੂ ਕਸ਼ਮੀਰ ਦੀ ਵਿੱਤੀ ਵਿਵਸਥਾ ਭਾਰਤ ਦੇ ਦੂਜੇ ਸੂਬਿਆਂ ਵਾਂਗ ਵਿਕਸਤ ਹੋਵੇ ਜਿੱਥੇ ਲੋਕ ਵਧੀਆ ਜ਼ਿੰਦਗੀ ਬਤੀਤ ਕਰ ਸਕਣ ਇਕੱਲੀ ਟਰਾਈਡੈਂਟ ਕੰਪਨੀ ਹੀ ਨਹੀਂ, ਸਗੋਂ ਦੇਸ਼ ਦੇ ਹੋਰ ਨਾਮੀ ਉਦਯੋਗਿਕ ਅਦਾਰੇ ਵੀ ਜੰਮੂ ਕਸ਼ਮੀਰ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨ ਲਈ ਤਿਆਰ ਹਨ
ਕੀ ਹੈ ਟਰਾਈਡੈਂਟ ਕੰਪਨੀ
ਟਰਾਈਡੈਂਟ ਕੰਪਨੀ ਪੰਜਾਬ ਦੀ ਨਾਮਵਰ ਕੰਪਨੀ ਹੈ ਜਿਹੜੀ ਧਾਗਾ, ਤੌਲੀਏ, ਕਾਗਜ਼, ਰਸਾਇਣ ਆਦਿ ਤਿਆਰ ਕਰਦੀ ਹੈ ਇਸ ਕੰਪਨੀ ਦੀਆਂ ਬਰਨਾਲਾ ਵਿਖੇ ਕਈ ਫੈਕਟਰੀਆਂ ਹਨ, ਜਿੱਥੇ ਧਾਗਾ, ਤੌਲੀਆ ਤੇ ਰਸਾਇਣ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਬੁਧਨੀ (ਮੱਧ ਪ੍ਰਦੇਸ਼) ਵਿੱਚ ਵੀ ਇਸ ਕੰਪਨੀ ਦੀਆਂ ਵੱਡੀਆਂ ਫੈਕਟਰੀਆਂ ਹਨ 2012-13 ‘ਚ ਕੰਪਨੀ ਦੀ ਸਾਲਾਨਾ ਟਰਨ ਓਵਰ 3, 358 ਕਰੋੜ ਰੁਪਏ ਸੀ ਇਸ ਕੰਪਨੀ ਨੇ ਕਈ ਰਾਜਾਂ ਦੇ 12 ਹਜ਼ਾਰ ਤੋਂ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੋਇਆ ਹੈ ।
ਬਰਨਾਲਾ ‘ਚ ‘ਚ ਕੰਪਨੀ ਵੱਲੋਂ ਸਮਾਜ ਸੇਵਾ ਦੇ ਵੀ ਵੱਡੀ ਗਿਣਤੀ ‘ਚ ਕੰਮ ਕੀਤੇ ਜਾਂਦੇ ਹਨ ਟਰਾਈਡੈਂਟ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਵੱਲੋਂ ਲੋਕ ਸਭਾ ਸੰਗਰੂਰ ਤੋਂ ਚੋਣ ਲੜਾਉਣ ਦੀਆਂ ਤਿਆਰੀ ਕੀਤੀ ਸੀ ਪਰ ਉਨ੍ਹਾਂ ਨੇ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਥਾਪੜਾ ਦੇ ਕੇ ਚੋਣ ਲੜਾਈ ਸੀ ਪਰ ਉਹ ਜਿੱਤ ਨਹੀਂ ਸਕੇ ਸਨ।