ਕਤਲ ਕਾਂਡ ਦਾ ਮੁੱਖ ਮੁਲਜ਼ਮ ਜਵਾਈ ਸਮੇਤ ਗ੍ਰਿਫ਼ਤਾਰ, ਪੁਲਿਸ ਨੇ ਰਿਮਾਂਡ ‘ਤੇ ਲਿਆ
ਤਰਨਤਾਰਨ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਹਲਕਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਢਾਲਾ ਵਿਖੇ 30 ਜੁਲਾਈ ਦੀ ਰਾਤ ਨੂੰ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਨੂੰ ਤਰਨਤਾਰਨ ਪੁਲਿਸ ਨੇ 24 ਘੰਟੇ ‘ਚ ਸੁਲਝਾ ਲਿਆ ਹੈ ਐੱਸਐੱਸਪੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਫ਼ਸਰਾਂ ਨੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਜਵਾਈ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਦੋਵਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਹੈ, ਜਿਨ੍ਹਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਦੱਸਣਾ ਬਣਦਾ ਹੈ ਕਿ ਕਤਲ ਕਾਂਡ ਨੂੰ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ 14 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਇਸ ਸਬੰਧੀ ਐੱਸਪੀ (ਡੀ) ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੌਸ਼ਹਿਰਾ ਢਾਲਾ ਦੇ ਹਰਮਨ ਸਿੰਘ ਨੇ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਬੇਵੀ ਨਾਮਕ ਕੁੜੀ ਨਾਲ ਕਰੀਬ ਡੇਢ ਮਹੀਨਾ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ।
ਇਸ ਦੇ ਚਲਦਿਆਂ ਕੁੜੀ ਦਾ ਪਿਤਾ ਬੀਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਨਾਰਾਜ਼ ਸਨ ਲੜਕੀ ਦੇ ਪਿਤਾ ਬੀਰ ਸਿੰਘ ਨੇ ਆਪਣੇ ਜਵਾਈ ਜੋਬਨਜੀਤ ਸਿੰਘ ਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਹਰਮਨ ਸਿੰਘ ਦੇ ਪਿਤਾ ਜੋਗਿੰਦਰ ਸਿੰਘ, ਉਸਦੇ ਭਰਾ ਪਵਨਦੀਪ ਸਿੰਘ ਤੇ ਭੈਣ ਪ੍ਰਭਜੀਤ ਕੌਰ ਦਾ ਕਤਲ ਕਰ ਦਿੱਤਾ ਵੀਰਵਾਰ ਨੂੰ ਪੁਲਿਸ ਨੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਬੀਰ ਸਿੰਘ ਤੇ ਉਸਦੇ ਜਵਾਈ ਜੋਬਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਬੀਰ ਸਿੰਘ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਜੋਗਿੰਦਰ ਸਿੰਘ ਦਾ ਧਰਮ ਭਰਾ ਬਣਿਆ ਹੋਇਆ ਸੀ ਤੇ ਉਨ੍ਹਾਂ ਦੀ ਆਪਸ ‘ਚ ਲੰਮੇ ਸਮੇਂ ਤੋਂ ਪਰਿਵਾਰਕ ਸਾਂਝ ਸੀ, ਪਰ ਜੋਗਿੰਦਰ ਸਿੰਘ ਦਾ ਲੜਕਾ ਹਰਮਨ ਸਿੰਘ ਉਸ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਸੀ।
ਜਿਸ ਕਰਕੇ ਉਨ੍ਹਾਂ ਨੂੰ ਜੋਗਿੰਦਰ ਸਿੰਘ ਦੇ ਪਰਿਵਾਰ ਖਿਲਾਫ ਕਾਫੀ ਗੁੱਸਾ ਸੀ, ਜਿਸ ਕਾਰਨ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਹ ਕਤਲ ਕੀਤੇ ਸਨ ਐੱਸਪੀ (ਡੀ) ਹਰਜੀਤ ਸਿੰਘ ਨੇ ਦੱਸਿਆ ਕਿ ਕਤਲ ਕਾਂਡ ‘ਚ ਸ਼ਾਮਲ ਬੀਰ ਸਿੰਘ ਦੇ ਲੜਕੇ ਸੁੱਖ ਤੋਂ ਇਲਾਵਾ ਰਿਸ਼ਤੇਦਾਰ ਅਰਸ਼ਦੀਪ ਸਿੰਘ, ਵਰਦੀਪ ਸਿੰਘ, ਹੈਪੀ, ਮਨੀ, ਗੋਬਿੰਦਾ ਵਾਸੀ ਅਟਾਰੀ ਥਾਣਾ ਘਰਿੰਡਾ, ਬਿਕਰਮ ਸਿੰਘ, ਬਚਿੱਤਰ ਸਿੰਘ ਅਤੇ ਜੱਗਾ ਸਿੰਘ ਵਾਸੀ ਅੰਮ੍ਰਿਤਸਰ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪਾਸੋਂ ਵਾਰਦਾਤ ‘ਚ ਵਰਤੇ ਗਏ ਹਥਿਆਰਾਂ ਤੇ ਹੁਣ ਤੱਕ ਫਰਾਰ ਮੁਲਜ਼ਮਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।