ਡੀਜੀਪੀ ਦਿਨਕਰ ਗੁਪਤਾ ਵੱਲੋਂ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ, ਹੁਣ ਤੱਕ ਦੀ ਜਾਂਚ ਦਾ ਲਿਆ ਜਾਇਜ਼ਾ
- ਪੁਲਿਸ ਦੇ ਅਫ਼ਸਰ ਹਰਿਆਣਾ ਅੰਦਰ ਨਰਵਾਣਾ ਬ੍ਰਾਂਚ, ਐੱਸਵਾਈਐੱਲ ਤੇ ਹੋਰ ਬ੍ਰਾਂਚ ‘ਚ ਕਿਸ਼ਤੀਆਂ ਰਾਹੀਂ ਕਰਨ ਲੱਗੇ ਭਾਲ
- ਪੁਲਿਸ ਲਈ 11 ਦਿਨਾਂ ਤੋਂ ਚੁਣੌਤੀ ਬਣੀ ਜਸ਼ਨਦੀਪ ਤੇ ਹਸ਼ਨਦੀਪ ਦੀ ਗੁੰਮਸ਼ੁਦਗੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਖੇੜੀ ਗੰਡਿਆ ਦੇ ਲਾਪਤਾ ਹੋਏ ਦੋਵੇਂ ਸਕੇ ਭਰਾਵਾਂ ਦਾ ਮਾਮਲਾ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਇੱਥੇ ਪੁਲਿਸ ਲਾਈਨ ਵਿਖੇ ਪਟਿਆਲਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜ਼ੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਇਸ ਮਾਮਲੇ ਵਿੱਚ ਬਣਾਈ ਐੱਸਆਈਟੀ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਂਜ ਭਾਵੇਂ ਡੀਜੀਪੀ ਵੱਲੋਂ ਮੀਡੀਆ ਨਾਲ ਗੱਲ ਕਰਨ ਤੋਂ ਟਾਲਾ ਵੱਟਿਆ ਗਿਆ।
ਬੱਚਿਆਂ ਦੇ ਇਸ ਮਾਮਲੇ ‘ਤੇ ਰਾਜਨੀਤੀ ਸ਼ੁਰੂ ਹੋਣ ‘ਤੇ ਸਰਕਾਰ ਤੇ ਪੁਲਿਸ ਲਈ ਵੱਡਾ ਦਬਾਅ ਪੈਦਾ ਹੋ ਗਿਆ, ਜਿਸ ਤੋਂ ਬਾਅਦ ਅੱਜ ਡੀਜੀਪੀ ਦਿਨਕਰ ਗੁਪਤਾ ਵੱਲੋਂ ਇੱਥੇ ਆਈਜੀ ਏ. ਐੱਸ. ਰਾਏ, ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀਆਂ ਨਾਲ ਲਗਭਗ ਢਾਈ ਘੰਟੇ ਮੀਟਿੰਗ ਕੀਤੀ। ਇਸ ਦੌਰਾਨ ਡੀਜੀਪੀ ਵੱਲੋਂ ਹੁਣ ਤੱਕ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ, ਸਰਚ ਮੁਹਿੰਮ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਬਣਾਈ ਗਈ ਚਾਰ ਮੈਂਬਰੀ ਐਸਆਈਟੀ ਨੂੰ ਆਪਣੀ ਜਾਂਚ ਨੂੰ ਅੱਗੇ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਪਤਾ ਲੱਗਾ ਹੈ ਕਿ ਬਣਾਈ ਗਈ ਇਸ ਐਸਆਈਟੀ ਨਾਲ ਚੰਡੀਗੜ੍ਹ ਤੋਂ ਟੈਕਨੀਕਲ ਐਕਸਪਰਟਾਂ ਦੀ ਟੀਮ ਵੀ ਸਹਿਯੋਗ ਦੇਵੇਗੀ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡੀਜੀਪੀ ਵੱਲੋਂ ਬੱਚਿਆਂ ਦੇ ਮਾਮਲੇ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਡੀਐੱਸਪੀ, ਐੱਸਐੱਚਓ ਸਮੇਤ ਹੋਰ ਮੁਲਾਜ਼ਮਾਂ ਵੱਲੋਂ ਸੈਪਸ਼ਲ ਬੋਟ ਰਾਹੀਂ ਗੋਤਾਖੋਰਾਂ ਦੀ ਮੱਦਦ ਨਾਲ ਹਰਿਆਣਾ ਦੇ ਨਰਵਾਣਾ ਤੋਂ ਐਸਵਾਈਐਲ ਨਹਿਰ ਸਮੇਤ ਹੋਰ ਨਹਿਰਾਂ ਵਿੱਚ ਸਰਚ ਮੁਹਿੰਮ ਕੀਤੀ ਗਈ ਤਾਂ ਜੋ ਬੱਚਿਆਂ ਦੀਆਂ ਲਾਸ਼ਾਂ ਮਿਲ ਸਕਣ। ਸਿੱਧੂ ਨੇ ਦੱਸਿਆ ਕਿ ਇੱਕ ਗੱਲ ਤਾਂ ਸਾਫ਼ ਹੈ ਕਿ ਬੱਚਿਆਂ ਨੂੰ ਕਿਸੇ ਵਿਅਕਤੀ ਵੱਲੋਂ ਫੋਰਸਫੁਲੀ ਲੈ ਕੇ ਜਾਣ ਦੀ ਗੱਲ ਸਾਹਮਣੇ ਨਹੀਂ ਆਈ। ਜਦੋਂ ਉਨ੍ਹਾਂ ਤੋਂ ਪਿੰਡ ਦੇ ਵਿਅਕਤੀ ਤੇ ਕਿਸੇ ਸ਼ੱਕ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਚਾਰ ਮੈਂਬਰੀ ਸਿੱਟ ਵੱਲੋਂ ਇਸ ਮਾਮਲੇ ‘ਤੇ ਜਾਂਚ ਤੇਜ ਕਰ ਦਿੱਤੀ ਹੈ ਤੇ ਅਗਲੇ ਦਿਨਾਂ ਵਿੱਚ ਇਸ ‘ਤੇ ਨਤੀਜਾ ਮਿਲਣ ਦੀ ਆਸ ਹੈ।
ਮੇਰੀ ਨੌਕਰੀ ਦੇ ਸਮੇਂ ਦਾ ਅਜਿਹਾ ਪਹਿਲਾ ਕੇਸ : ਐੱਸਐੱਸਪੀ ਸਿੱਧੂ
ਗੁੰਮ ਹੋਏ ਇਸ ਬੱਚਿਆਂ ਦੇ ਮਾਮਲੇ ‘ਤੇ ਐੱਸਐੱਸਪੀ ਮਨਦੀਪ ਸਿੱਧੂ ਦਾ ਕਹਿਣਾ ਹੈ ਕਿ ਮੇਰੀ ਨੌਕਰੀ ਦੇ ਲੰਮੇ ਸਮੇਂ ਦੇ ਕਾਰਜਕਾਲ ਵਿੱਚ ਅਜਿਹਾ ਇਹ ਪਹਿਲਾ ਕੇਸ ਹੈ, ਜਿਸ ‘ਤੇ ਸਭ ਤੋਂ ਵੱਧ ਕੰਮ ਕੀਤਾ ਗਿਆ ਹੋਵੇ ਤੇ ਸੀਨੀਅਰ ਲੈਵਲ ‘ਤੇ ਮੋਨੀਟਰਿੰਗ ਹੁੰਦੀ ਹੋਵੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਿਛਲੇ 10 ਦਿਨਾਂ ਤੋਂ ਆਪਣੀ ਪੂਰੀ ਵਾਹ ਲਾਈ ਗਈ ਹੈ।