ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਅੱਜ ਸ਼ਰਧਾਂਜਲੀਆਂ ਦਿੰਦੇ ਹੋਏ ਇਸ ਦੀ ਸ਼ੁਰੂਆਤ ਹੋਵੇਗੀ ਪਰ ਅਗਲੇ ਦੋ ਦਿਨ ਇਸ ਸੈਸ਼ਨ ਦੌਰਾਨ ਕਾਫ਼ੀ ਜ਼ਿਆਦਾ ਹੰਗਾਮਾ ਰਹਿਣ ਦੇ ਆਸਾਰ ਨਜ਼ਰ ਆ ਰਹੇ ਹਨ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਲਈ ਇਹ ਦੋ ਦਿਨ ਵੀ ਕਾਂਗਰਸ ਸਰਕਾਰ ‘ਤੇ ਕਾਫ਼ੀ ਜਿਆਦਾ ਭਾਰੀ ਪੈ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਰੇਤ ਮਾਫੀਆ ਤੋਂ ਲੈ ਕੇ ਨਸ਼ੇ ਤੱਕ ਦਾ ਮੁੱਦਾ ਚੁੱਕਣ ਦੀ ਤਿਆਰੀ ਕਰ ਲਈ ਹੈ। ਇਸੇ ਸੈਸ਼ਨ ਦੌਰਾਨ ਰਾਜਪੁਰਾ ਵਿਖੇ ਗਾਇਬ ਹੋਏ 2 ਬੱਚਿਆ ਦਾ ਮੁੱਦਾ ਵੀ ਭਾਰੂ ਰਹੇਗਾ, ਜਦੋਂ ਕਿ ਪਾਣੀ ਦੇ ਕਾਰਨ ਬਰਬਾਦ ਹੋਈ ਫਸਲ ਨੂੰ ਲੈ ਕੇ ਵੀ ਦੋਹੇ ਪਾਰਟੀਆਂ ਕਾਂਗਰਸ ਸਰਕਾਰ ਨੂੰ ਘੇਰਣ ਦੀ ਤਿਆਰੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਮੋਬਾਇਲ ਫੋਨ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਟਰਾਂਸਪੋਰਟ ਮਾਫਿਆ ਦੇ ਮੁੱਦੇ ਨੂੰ ਵੀ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰਾਂ ਚੁੱਕਣ ਜਾ ਰਹੀਆਂ ਹਨ।