ਆਈਜੀ ਵੱਲੋਂ ਇਨਸਾਫ ਦੇ ਭਰੋਸੇ ‘ਤੇ ਖੋਲ੍ਹਿਆ ਜਾਮ
ਅਸ਼ੋਕ ਵਰਮਾ/ਗੁਰਜੀਤ ਸਿੰਘ, ਬਠਿੰਡਾ/ਭੁੱਚੋ ਮੰਡੀ
ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ ‘ਚ ਆੜ੍ਹਤੀਆਂ ਵਿਰੁੱਧ ਦਰਜ ਮੁਕੱਦਮੇ ‘ਚ ‘ਖਾਰਜ ਰਿਪੋਰਟ’ ਭਰਨ ਤੋਂ ਭੜਕੇ ਕਿਸਾਨਾਂ, ਮਜ਼ਦੂਰਾਂ ਅਤੇ ਕਿਸਾਨ ਔਰਤਾਂ ਵੱਲੋਂ ਬਠਿੰਡਾ-ਚੰਡੀਗੜ੍ਹ ਸੜਕ ਜਾਮ ਕਰਨ ‘ਤੇ ਪੁਲਿਸ ਨੂੰ ਝੂਕਣ ਲਈ ਮਜ਼ਬੂਰ ਹੋਣਾ ਪਿਆ ਆੜ੍ਹਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਬਠਿੰਡਾ ‘ਚ ‘ਚੁਣੌਤੀ ਕਬੂਲ ਰੈਲੀ’ ਦੀ ਥਾਂ ਕਿਸਾਨਾਂ ਨੂੰ ਭੁੱਚੋ ਖੁਰਦ ਦੇ ਗੁਰੂ ਘਰ ‘ਚ ਪੁੱਜਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਦੇਖਦਿਆਂ ਪਿੰਡ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ ਤਕਰੀਬਨ ਇੱਕ ਵਜੇ ਕਿਸਾਨ ਆਗੂਆਂ ਨੇ ਪੁਲਿਸ ਨੂੰ ਸੜਕ ਜਾਮ ਕਰਨ ਦੀ ਚੁਣੌਤੀ ਦੇ ਕੇ ਕੌਮੀ ਮਾਰਗ ਵੱਲ ਚਾਲੇ ਪਾ ਦਿੱਤੇ
ਦੇਖਦਿਆਂ ਹੀ ਦੇਖਦਿਆਂ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ‘ਚ ਹਜ਼ਾਰਾਂ ਕਿਸਾਨ ਮਜ਼ਦੂਰਾਂ ਤੇ ਔਰਤਾਂ ਨੇ ਕੌਮੀ ਸੜਕ ਮਾਰਗ ਕਬਜ਼ਾ ਜਮਾ ਲਿਆ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਆੜ੍ਹਤੀਆਂ ਦੇ ਜ਼ਾਹਰਾ ਠੱਗੀਆਂ-ਧੋਖੇ ਤੇ ਅੰਨ੍ਹੀ ਸੂਦਖੋਰੀ ਲੁੱਟ ਨੂੰ ਹੱਲਾਸ਼ੇਰੀ ਦੇ ਕੇ ਕੈਪਟਨ ਸਰਕਾਰ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਰਾਹ ਪੱਧਰਾ ਕਰ ਰਹੀ ਹੈ। ਇੱਥੋਂ ਤੱਕ ਕੇ ਸੂਦਖੋਰੀ ਲਈ ਲਾਇਸੈਂਸ ਲਾਜ਼ਮੀ ਕਰਨ ਤੇ ਲੈਣ-ਦੇਣ ਦੇ ਹਿਸਾਬ ਲਈ ਕਿਸਾਨਾਂ ਨੂੰ ਪਾਸ ਬੁੱਕਾਂ ਜਾਰੀ ਕਰਨ ਦਾ ਕਾਨੂੰਨ ਬਣਾਉਣ ਤੋਂ ਵੀ ਭੱਜ ਗਈ ਹੈ। ਕਿਸਾਨ ਯੁਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਖ਼ੁਦਕੁਸ਼ੀ ਦੇ ਮਾਮਲੇ ‘ਚ ਆੜ੍ਹਤੀਆਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਚਲਾਨ ਪੇਸ਼ ਕੀਤਾ ਜਾਏ ਅਤੇ ਮੁੱਕਰੇ ਹੋਏ 20 ਲੱਖ ਰੁਪਏ ਮਨਜੀਤ ਸਿੰਘ ਦੇ ਵਾਰਸਾਂ ਨੂੰ ਦਿਵਾਏ ਜਾਣ। ਕਿਸਾਨ ਆਗੂਆਂ ਨੇ ਬਾਰਸ਼ਾਂ ਤੇ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਤੇ ਜਾਨ-ਮਾਲ ਦੇ ਨੁਕਸਾਨ ਦਾ ਪੂਰਾ-ਪੂਰਾ ਮੁਆਵਜ਼ਾ ਦੇਣ ਲਈ ਵਿਸ਼ੇਸ਼ ਗਿਰਦਾਵਰੀ ਦਾ ਸਰਕਾਰੀ ਐਲਾਨ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ
ਡੀਐੱਸਪੀ ਨੇ ਦਿੱਤਾ ਅਫਸਰਾਂ ਤਰਫੋਂ ਭਰੋਸਾ
ਬਠਿੰਡਾ ਰੇਂਜ ਦੇ ਆਈਜੀ ਐੱਮ ਐੱਫ ਫਾਰੂਕੀ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਸਾਨ ਆਗੂਆਂ ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਨਾਲ ਗੱਲਬਾਤ ਕੀਤੀ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਸਟੇਜ ਤੋਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਈਜੀ ਬਠਿੰਡਾ ਰੇਂਜ ਨੇ ਕੈਂਸਲੇਸ਼ਨ ਰਿਪੋਰਟ ਨੂੰ ਗਲਤ ਦੱਸਿਆ ਅਤੇ ਮਹੀਨੇ ‘ਚ ਮਸਲਾ ਨਿਪਟਾਉਣ ਦਾ ਵਾਅਦਾ ਕੀਤਾ ਹੈ ਪੁਲਿਸ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।