ਹੜ੍ਹ ਪੀੜਤ ਸਟੇਜ ਤੋਂ ਦੂਰ ਵਿਲਕਦੇ ਰਹੇ, ਕਾਂਗਰਸੀ ਸਟੇਜ ‘ਤੇ ਗਾਉਂਦੇ ਰਹੇ ਕੈਪਟਨ ਦੇ ਸੋਹਲੇ
ਗੁਰਪ੍ਰੀਤ ਸਿੰਘ, ਮੂਣਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਪੀੜਤਾਂ ਦੇ ਦੁੱਖੜੇ ਸੁਣਨ ਲਈ ਮੂਣਕ ਦੀ ਅਨਾਜ ਮੰਡੀ ਵਿੱਚ ਰੱÎਖਿਆ ਗਿਆ ਸਮਾਗਮ ਸਿਰਫ਼ ਡਰਾਮੇਬਾਜ਼ੀ ਹੀ ਸਾਬਤ ਹੋਇਆ ਕਿਉਂਕਿ ਅਸਲ ਹੜ੍ਹ ਪੀੜਤ ਜਿਹੜੇ ਆਪਣੇ ‘ਰਾਜੇ’ ਤੋਂ ਨਿਆਂ ਦੀ ਆਸ ਲੈ ਕੇ ਇੱਥੇ ਪੁੱਜੇ ਸਨ, ਉਨ੍ਹਾਂ ਨੂੰ ਪੁਲਿਸ ਨੇ ਸਟੇਜ ਤੋਂ ਕਾਫ਼ੀ ਦੂਰ ਰੋਕ ਦਿੱਤਾ ਜਦੋਂ ਕਿ ਪੜ੍ਹੇ ਪੜ੍ਹਾਏ ਲੈਕਚਰ ਦੇਣ ਵਾਲੇ ਕਾਂਗਰਸੀਆਂ ਨੇ ਸਟੇਜਾਂ ‘ਤੇ ਖੜ੍ਹ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਇਮਾਨਦਾਰ ਸਰਕਾਰ ਗਰਦਾਨਦਿਆਂ ਕਾਂਗਰਸ ਸਰਕਾਰ ਦੇ ਸੋਹਿਲੇ ਗਾਏ ਅਤੇ ਇਨ੍ਹਾਂ ਹੜ੍ਹਾਂ ਨੂੰ ਅਕਾਲੀ-ਭਾਜਪਾ ਦੇ ਸਿਰ ਮੜ੍ਹ ਦੇ ਰਹੇ।
ਸਭ ਤੋਂ ਪਹਿਲਾਂ ਸਟੇਜ ‘ਤੇ ਬੋਲਦਿਆਂ ਭੱਲਾ ਸਿੰਘ ਕੜੈਲ ਨੇ ਕਾਂਗਰਸ ਸਰਕਾਰ ਦੇ ਹੱਕ ਵਿੱਚ ਨਾਅਰਾ ਬੁਲੰਦ ਕਰਦਿਆਂ ਆਖਿਆ ਕਿ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਖਨੌਰੀ ਤੋਂ ਮਕੋਰੜ ਸਾਹਿਬ ਤੱਕ ਘੱਗਰ ਦਾ ਬੰਨ੍ਹ ਪੱਕਾ ਕਰਵਾਇਆ ਉਨ੍ਹਾਂ ਉਸ ਸਮੇਂ ਦੀ ਕੇਂਦਰ ਸਰਕਾਰ ਤੋਂ ਵੀ ਘੱਗਰ ਦੇ ਲਈ ਗ੍ਰਾਂਟਾਂ ਹਾਸਲ ਕੀਤੀਆਂ ਇਸ ਉਪਰੰਤ ਅਕਾਲੀ-ਭਾਜਪਾ ਸਰਕਾਰ ਬਣਨ ਉਪਰੰਤ ਉਨ੍ਹਾਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਘੱਗਰ ਦੇ ਬੰਨ੍ਹ ਟੁੱਟ ਕੇ ਲੋਕਾਂ ਦੀ ਤਬਾਹੀ ਕਰਦੇ ਆ ਰਹੇ ਹਨ
ਪੋਹਲੋਜੀਤ ਸਿੰਘ ਮਕੋਰੜ ਸਾਹਿਬ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇੱਥੇ ਘੱਗਰ ਨੂੰ ਪੱਕਾ ਤੇ ਚੌੜਾ ਕਰਨ ਦੇ ਕੰਮ ਹੋਏ ਪਰ ਉਸ ਤੋਂ ਬਾਅਦ ਇੱਥੇ ਕੁਝ ਨਹੀਂ ਹੋਇਆ ਉਨ੍ਹਾਂ ਦੱਸਿਆ ਕਿ ਹੁਣ ਘੱਗਰ ਵਿੱਚ ਪਏ ਪਾੜ ਨੇ 7 ਪਿੰਡਾਂ ਦੀ 10 ਹਜ਼ਾਰ ਤੋਂ ਵੱਧ ਏਕੜ ਜ਼ਮੀਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਸਭ ਤੋਂ ਜ਼ਿਆਦਾ ਸੁਰਜਣ ਭੈਣੀ ਪਿੰਡ ਦੇ ਲੋਕਾਂ ਨੂੰ ਇਸ ਦਾ ਨੁਕਸਾਨ ਉਠਾਉਣਾ ਪਿਆ ਉਨ੍ਹਾਂ ਨੇ ਵੀ ਅਕਾਲੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਦਸ ਵਰ੍ਹਿਆਂ ਵਿੱਚ ਘੱਗਰ ਲਈ ਕੁਝ ਨਾ ਕਰਨ ਬਾਰੇ ਕਿਹਾ ਮੱਘਰ ਸਿੰਘ ਬੰਗਾ ਤੇ ਗਰਜਾ ਸਿੰਘ ਸਲੇਮਗੜ੍ਹ ਨੇ ਵੀ ਕਾਂਗਰਸ ਸਰਕਾਰ ਦੇ ਹੱਕ ਵਿੱਚ ਬਿਆਨਬਾਜ਼ੀ ਕੀਤੀ ਇਸੇ ਤਰ੍ਹਾਂ ਸਟੇਜ ‘ਤੇ ਜਿਹੜੇ ਬੁਲਾਰਿਆਂ ਤੋਂ ਬੁਲਵਾਇਆ ਗਿਆ ਉਨ੍ਹਾਂ ਨੇ ਸਿਰਫ਼ ਕਾਂਗਰਸ ਸਰਕਾਰ ਦੇ ਸੋਹਿਲੇ ਹੀ ਗਾਏ ਲੋਕਾਂ ਨੂੰ ਜਿਹੜੀ ਸਮੱਸਿਆ ਪੇਸ਼ ਆ ਰਹੀ ਹੈ, ਉਸ ਬਾਰੇ ਕਿਸੇ ਨੇ ਕੋਈ ਜ਼ਿਕਰ ਨਹੀਂ ਕੀਤਾ।
ਜਦੋਂ ਮੁੱਖ ਮੰਤਰੀ ਕੁਝ ਗਿਣਵੇਂ ਚੁਣਵੇਂ ਲੋਕਾਂ ਨਾਲ ਮਿਲ ਕੇ ਆਪਣੇ ਹੈਲੀਕਾਪਟਰ ਵਿੱਚ ਬੈਠ ਕੇ ਉਡਾਰੀ ਮਾਰ ਗਏ ਤਾਂ ਸਟੇਜ ਤੋਂ ਬਹੁਤ ਦੂਰ ਖੜ੍ਹੇ ਪਰਿਵਾਰ ਭੱਜ ਕੇ ਸਟੇਜ ਵੱਲ ਆਏ ਪਰ ਉਦੋਂ ਤੱਕ ਮੁੱਖ ਮੰਤਰੀ ਉਥੋਂ ਜਾ ਚੁੱਕੇ ਸਨ ਮੂਣਕ ਦੇ ਵਸਨੀਕ ਮਹਿੰਦਰ ਸਿੰਘ ਦਾ ਸਮੁੱਚਾ ਪਰਿਵਾਰ, ਜਿਸ ਵਿੱਚ ਉਨ੍ਹਾਂ ਦੀਆਂ ਛੇ ਲੜਕੀਆਂ ਵੀ ਆਪਣੇ ਦੁੱਖੜੇ ਸੁਣਾਉਣ ਲਈ ਪੁੱਜੀਆਂ ਸਨ ਪੱਤਰਕਾਰਾਂ ਮੂਹਰੇ ਰੋ-ਰੋ ਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਵਿੱਚ ਘੱਗਰ ਦਾ ਪਾਣੀ ਦਾਖ਼ਲ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਚਾਰਦੀਵਾਰੀ ਵੀ ਡਿੱਗ ਪਈ ਅਤੇ ਘਰ ਵਿੱਚ ਕੈਦ ਹੋਏ ਬੈਠੇ ਹਨ ਉਨ੍ਹਾਂ ਨੂੰ ਕਈ ਦਿਨਾਂ ਤੋਂ ਕੁਝ ਖਾਣ ਤੱਕ ਨਹੀਂ ਮਿਲਿਆ, ਉਨ੍ਹਾਂ ਦੇ ਸੌਣ ਵਾਲੇ ਕਮਰੇ ਵਿੱਚ ਡੰਗਰ ਬੰਨ੍ਹੇ ਹੋਏ ਹਨ ਅਤੇ ਉਹ ਕਿਵੇਂ ਨਾ ਕਿਵੇਂ ਕੰਧਾਂ ਟੱਪ ਕੇ ਮੁੱਖ ਮੰਤਰੀ ਦੇ ਦਰਬਾਰ ਆਪਣੇ ਦੁੱਖੜੇ ਸੁਣਾਉਣ ਪੁੱਜੇ ਹੋਏ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੱਤਾ, ਜਿਸ ਕਾਰਨ ਉਹ ਆਪਣੀ ਸਮੱਸਿਆ ਉਨ੍ਹਾਂ ਮੂਹਰੇ ਨਹੀਂ ਰੱਖ ਸਕੇ ਮਹਿੰਦਰ ਸਿੰਘ ਦੀ ਨੌਜਵਾਨ ਲੜਕੀ ਨੇ ਭੁੱਬਾਂ ਮਾਰਦਿਆਂ ਦੱਸਿਆ ਕਿ ਵੋਟਾਂ ਵੇਲੇ ਲੀਡਰਾਂ ਨੂੰ ਲੋਕ ਬਹੁਤ ਚੰਗੇ ਲੱਗਣ ਲੱਗ ਜਾਂਦੇ ਹਨ ਪਰ ਜਦੋਂ ਉਨ੍ਹਾਂ ‘ਤੇ ਮੁਸੀਬਤ ਆਈ ਹੈ ਤਾਂ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਉਨ੍ਹਾਂ ਨੂੰ ਪੀਣ ਤੱਕ ਦਾ ਪਾਣੀ ਨਹੀਂ ਮਿਲ ਰਿਹਾ ਉਨ੍ਹਾਂ ਦੁਖੀ ਹੁੰਦਿਆਂ ਕਿਹਾ ਕਿ ਕੀ ਫਾਇਦਾ ਹੈ ਅਜਿਹੇ ਲੋਕ ਮਿਲਣੀ ਪ੍ਰੋਗਰਾਮ ਕਰਨ ਦਾ ਜੇਕਰ ਕਿਸੇ ਦੀ ਗੱਲ ਸੁਣਨੀ ਹੀ ਨਹੀਂ ਇਸੇ ਤਰ੍ਹਾਂ ਇੱਕ ਹੋਰ ਅੰਗਹੀਣ ਬੱਚੇ ਸਬੰਧੀ ਮੁੱਖ ਮੰਤਰੀ ਨੂੰ ਮਿਲਣ ਆਇਆ ਸੀ, ਉਸ ਨੂੰ ਨਹੀਂ ਮਿਲਣ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।