ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
ਮਨੋਜ, ਮਲੋਟ
ਬੱਸ ਅੱਡੇ ਦੇ ਨੇੜੇ ਕਰੀਬ ਸਵੇਰੇ 8 ਵਜੇ ਇੱਕ ਵਿਅਕਤੀ ਦੀ ਬੱਸ ਹੇਠਾਂ ਆ ਜਾਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ (25) ਪੁੱਤਰ ਸਤਨਾਮ ਸਿੰਘ, ਵਾਸੀ ਸੱਚਾ ਸੌਦਾ ਰੋਡ, ਬੱਸ ਅੱਡੇ ਕੋਲ ਆਪਣੇ ਸਾਈਕਲ ‘ਤੇ ਡਿਊਟੀ ਲਈ ਜਾ ਰਿਹਾ ਸੀ ਤਾਂ ਬੱਸ ਅੱਡੇ ਵਾਲੇ ਪਾਸਿਓਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਹੇਠਾਂ ਆ ਗਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ‘ਤੇ ਜੀਟੀ ਰੋਡ ‘ਤੇ ਧਰਨਾ ਲਾ ਦਿੱਤਾ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ‘ਤੇ ਬੈਠੇ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਮਲਕੀਤ ਸਿੰਘ ਗੁਦਾਮ ‘ਚ ਕੰਮ ਕਰਦਾ ਸੀ ਤੇ ਸਵੇਰੇ ਕਰੀਬ 8 ਵਜੇ ਆਪਣੇ ਸਾਈਕਲ ‘ਤੇ ਡਿਊਟੀ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਆ ਰਹੀ ਬੱਸ ਨੇ ਉਸ ਨੂੰ ਪਿਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਵਿਆਹਿਆ ਹੋਇਆ ਸੀ ਤੇ ਉਸ ਕੋਲ ਇੱਕ ਬੇਟੀ ਸੀ ਅਤੇ ਉਸ ਦੀ ਪਤਨੀ ਨੂੰ ਬੱਚਾ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਤੋਂ ਹੀ ਪ੍ਰਸ਼ਾਸਨ ਲਾਰੇ ਲਗਾ ਰਿਹਾ ਹੈ, ਪ੍ਰੰਤੂ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਹੈ, ਸਗੋਂ ਉਨ੍ਹਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ, ਜਿਸ ਤੋਂ ਅੱਕੇ ਮੁਹੱਲਾ ਨਿਵਾਸੀਆਂ ਨੇ ਅੱਜ ਦੁਪਹਿਰ ਕਰੀਬ 3 ਵਜੇ ਜੀਟੀ ਰੋਡ ‘ਤੇ ਧਰਨਾ ਲਗਾ ਦਿੱਤਾ। ਮੌਕੇ ‘ਤੇ ਪੁੱਜੇ ਡੀਐੱਸਪੀ ਭੁਪਿੰਦਰ ਸਿੰਘ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਰੀਬ 4 ਵਜੇ ਧਰਨਾ ਚੁੱਕ ਲਿਆ ਗਿਆ। ਪੁਲਿਸ ਵੱਲੋਂ ਜਸਪਾਲ ਸਿੰਘ, ਵਾਸੀ ਗੁਰੂਸਰ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।