ਲੂਣ ਵਾਲੇ ਤੋੜਿਆਂ ਵਿੱਚ ਬੰਦ ਕਰਕੇ ਲਿਆਂਦੀ ਜਾ ਰਹੀ ਸੀ ਹੈਰੋਇਨ
ਰਾਜਨ ਮਾਨ
ਅੰਮ੍ਰਿਤਸਰ,30 ਜੂਨ
ਕਸਟਮ ਵਿਭਾਗ ਵੱਲੋਂ ਅੱਜ ਅਟਾਰੀ ਸਰਹੱਦ ‘ਤੇ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 532 ਕਿਲੋਗ੍ਰਾਮ ਹੈਰੋਇਨ ਜਿਸਦੀ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੀਮਤ 2700 ਕਰੋੜ ਰੁਪਏ ਬਣਦੀ ਹੈ ਅਤੇ 52 ਕਿੱਲੋ ਹੋਰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ, ਹੁਣ ਤੱਕ ਦੀ ਇਹ ਦੇਸ਼ ਵਿੱਚ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕਨਿਸ਼ਕ ਇੰਟਰਪਰਾਈਜਜ ਨਾਂਅ ਦੀ ਕੰਪਨੀ ਵੱਲੋਂ ਪਾਕਿਸਤਾਨ ਤੋਂ ਉਥੋਂ ਦੀ ਗਲੋਬਲ ਵਿਜ਼ਨ ਇੰਮਪੈਕਸ ਲਾਹੌਰ ਨਾਮੀ ਕੰਪਨੀ ਤੋਂ 600 ਬੋਰੀ ਲੂਣ ਮੰਗਵਾਇਆ ਗਿਆ ਸੀ ਅਤੇ ਇਹ ਲੂਣ ਦੋ ਦਿਨ ਪਹਿਲਾਂ ਭਾਰਤ ਪਾਕਿਸਤਾਨ ਦੀ ਅਟਾਰੀ ਸਰਹੱਦ ‘ਤੇ ਬਣੀ ਸਾਂਝੀ ਚੈਕ ਪੋਸਟ ‘ਤੇ ਪਹੁੰਚ ਗਿਆ ਸੀ ਕੱਲ੍ਹ ਜਦੋਂ ਕਨਿਸ਼ਕ ਕੰਪਨੀ ਦਾ ਵਪਾਰੀ ਆਪਣਾ ਆਇਆ ਸਮਾਨ ਲੈਣ ਲਈ ਗਿਆ ਤਾਂ ਕਸਟਮ ਪਾਕਿਸਤਾਨ ਤੋਂ ਆਈ ਵਿਭਾਗ ਵੱਲੋਂ ਇਸਦੀ ਰੁਟੀਨ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਲੂਣ ਦੀਆਂ ਬੋਰੀਆਂ ਜਿਸਦੀ ਪੈਕਿੰਗ 50 ਕਿਲੋ ਦੀ ਸੀ, ਵਿੱਚੋਂ ਹੈਰੋਇਨ ਦੇ ਪੈਕਟ ਮਿਲੇ ਸਾਰੀਆਂ ਬੋਰੀਆਂ ਦੀ ਜਾਂਚ ਕਰਨ ‘ਤੇ ਇਹਨਾਂ ਵਿੱਚੋਂ 532 ਕਿਲੋ ਹੈਰੋਇਨ ਤੇ 52 ਕਿੱਲੋ ਦੂਸਰੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ
ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਖੇਪ ਸਬੰਧੀ ਉਹਨਾਂ ਨੇ ਬੀਤੇ ਕੱਲ੍ਹ ਡੇਢ ਵਜੇ ਤੋਂ ਓਪਰੇਸ਼ਨ ਸ਼ੁਰੂ ਕੀਤਾ ਤੇ ਇਹ ਵੱਡੀ ਖੇਪ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਉਹਨਾਂ ਕਿਹਾ ਕਿ ਹੁਣ ਤੱਕ ਦੇਸ਼ ਅੰਦਰ ਨਸ਼ੀਲੇ ਪਦਾਰਥਾਂ ਦੀ ਫੜੀ ਜਾਣ ਵਾਲੀ ਇਹ ਸਭ ਤੋਂ ਵੱਡੀ ਖੇਪ ਹੈ ਉਹਨਾਂ ਕਿਹਾ ਕਿ ਇਹ ਹੈਰੋਇਨ ਪੈਕਟਾਂ ਵਿੱਚ ਪਾ ਕੇ ਲੂਣ ਦੀਆਂ ਬੋਰੀਆਂ ਵਿੱਚ ਛੁਪਾਈ ਗਈ ਸੀ ਉਹਨਾਂ ਕਿਹਾ ਕਿ ਜਦੋਂ ਇਹਨਾਂ ਬੋਰੀਆਂ ਦੀ ਆਮ ਵਾਂਗ ਚੈਕਿੰਗ ਕੀਤੀ ਗਈ ਤਾਂ ਇਹ ਸਾਰੇ ਨਸ਼ੀਲੇ ਪਦਾਰਥ ਉਹਨਾਂ ਦੇ ਹੱਥ ਲੱਗ ਗਏ ਉਹਨਾਂ ਕਿਹਾ ਕਿ 52 ਕਿਲੋ ਦੇ ਹੋਰ ਨਸ਼ੀਲੇ ਪਦਾਰਥ ਵੀ ਇਹਨਾਂ ਬੋਰੀਆਂ ਵਿੱਚ ਹੀ ਛੁਪਾ ਕੇ ਲਿਆਂਦੇ ਗਏ ਸਨ ਉਹਨਾਂ ਕਿਹਾ ਕਿ ਫੜੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਵਿੱਚ ਲੋੜੀਂਦੇ ਦੂਸਰੇ ਵਿਅਕਤੀਆਂ ਬਾਰੇ ਪਤਾ ਲਾਇਆ ਜਾ ਸਕੇ ਉਹਨਾਂ ਕਿਹਾ ਕਿ ਇਹਨਾਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਸਬੰਧ ਵਿੱਚ ਕਨਿਸ਼ਕ ਕੰਪਨੀ ਦੇ ਵਪਾਰੀ ਬਲਵਿੰਦਰ ਅਤੇ ਇਸ ਖੇਪ ਦੇ ਮਾਸਟਰ ਮਾਈਂਡ ਤੇ ਮੁੱਖ ਮੁਲਜਮ ਤਾਰਿਕ ਵਾਸੀ ਹੰਦਵਾੜਾ ਜੰਮੂ ਕਸ਼ਮੀਰ ਨੂੰ ਜੰਮੂ ਕਸ਼ਮੀਰ ਦੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2700 crores, Heroin, Seized, Pakistan