ਮਾਮਲਾ ਭਾਜਪਾ ਮਹਿਲਾ ਮੋਰਚਾ ਦੀ ਆਗੂ ਨਾਲ ਬਦਸਲੂਕੀ ਦਾ
ਅਸ਼ੋਕ ਵਰਮਾ, ਬਠਿੰਡਾ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਦੇ ਅੰਦਰੂਨੀ ਕਲੇਸ਼ ਦਾ ਸੜਕਾਂ ‘ਤੇ ਆਉਣ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਢਕੀ ਰਿੱਝ ਨਹੀਂ ਸਕੀ ਹੈ ਮਾਮਲਾ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਵੱਲੋਂ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਆਗੂ ਪ੍ਰਤੀ ਵਰਤੀ ਕਥਿਤ ਭੱਦੀ ਸ਼ਬਦਾਵਲੀ ਦਾ ਹੈ, ਜਿਸ ਤੋਂ ਅੱਗ ਬਬੂਲਾ ਹੋਈ ਮਹਿਲਾ ਆਗੂ ਨੇ ਪ੍ਰੈਸ ਕਾਨਫਰੰਸ ਸੱਦ ਕੇ ਖਲਾਰਾ ਪਾਉਣ ਦੀ ਤਿਆਰੀ ਕਰ ਲਈ ਸੀ ਪਰ ਸੀਨੀਅਰ ਲੀਡਰਸ਼ਿਪ ਦੇ ਦਖਲ ਨਾਲ ਮਹਿਲਾ ਆਗੂ ਦਾ ਗੁੱਸਾ ਠੰਢਾ ਕਰ ਦਿੱਤਾ ਹੈ ਰੌਚਕ ਪਹਿਲੂ ਹੈ ਕਿ ਇੱਕ ਪਾਸੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 30 ਦੀ ਜਿਮਨੀ ਚੋਣ ਦਾ ਦਿਨ ਨੇੜੇ ਆ ਰਿਹਾ ਹੈ ਜਿੱਥੇ ਭਾਜਪਾ ਦਾ ਆਗੂ ਚੋਣ ਲੜ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਵੱਕਾਰ ਦਾ ਸਵਾਲ ਬਣੀ ਇਸ ਚੋਣ ਦੇ ਬਾਵਜੂਦ ਭਾਜਪਾ ਆਗੂਆਂ ‘ਚ ਅੰਦਰੋਂ ਅੰਦਰੀ ਸੁਲਘ ਰਹੀ ਠੰਢੀ ਜੰਗ ਸਾਹਮਣੇ ਆ ਗਈ ਹੈ
ਵੇਰਵਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ‘ਤੇ ਬਦਸਲੂਕੀ ਦੇ ਦੋਸ਼ ਮੜ੍ਹ ਦਿੱਤੇ ਤੇ ਗੁੱਸੇ ਨਾਲ ਭਰੀ ਪੀਤੀ ਮਹਿਲਾ ਆਗੂ ਨੇ ਉਸ ਨੇਤਾ ਖਿਲਾਫ ਸ਼ਨੀਵਾਰ ਨੂੰ ਦੁਪਹਿਰ ਡੇਢ ਵਜੇ ਪ੍ਰੈਸ ਕਾਨਫਰੰਸ ਸੱਦ ਲਈ ਤਕਰੀਬਨ 12 ਵਜੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦਾ ਸੁਨੇਹਾ ਮਿਲਿਆ ਜਿਸ ਦੀ ਭਿਣਕ ਭਾਜਪਾ ਦੀ ਸਥਾਨਕ ਲੀਡਰਸ਼ਿਪ ਤੇ ਸੂਬਾ ਕਮੇਟੀ ਨੂੰ ਪੈ ਗਈ ਆਨਣ ਫਾਨਣ ‘ਚ ਭਾਜਪਾ ਆਗੂ ਹਰਕਤ ‘ਚ ਆ ਗਏ ਤੇ ਭਾਜਪਾ ਆਗੂ ਪਰਮਿੰਦਰ ਕੌਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੂਤਰਾਂ ਮੁਤਾਬਿਕ ਇਸ ਮਹਿਲਾ ਆਗੂ ਨੂੰ ਮਨਾਉਣ ਆਏ ਆਗੂਆਂ ਕੋਲ ਰੱਜ ਕੇ ਭੜਾਸ ਕੱਢੀ ਤੇ ਪ੍ਰੈਸ ਕਾਨਫਰੰਸ ਰੱਦ ਕਰਨ ਤੋਂ ਜਵਾਬ ਦੇ ਦਿੱਤਾ ਪਤਾ ਲੱਗਾ ਹੈ ਕਿ ਕਾਫੀ ਦੇਰ ਬਾਅਦ ਵੀ ਜਦੋਂ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਪਰਮਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਲਈ ਚਾਲੇ ਪਾ ਦਿੱਤੇ ਅੰਤ ਨੂੰ ਆਖਰੀ ਹੱਲੇ ਵਜੋਂ ਸਮਝੌਤਾ ਟੀਮ ਨੇ ਮਹਿਲਾ ਆਗੂ ਨੂੰ ਰਾਹ ‘ਚ ਰੋਕ ਲਿਆ ਤੇ ਸਮਝੌਤਾ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰੈਸ ਕਲੱਬ ‘ਚ ਮੀਡੀਆ ਦਾ ਜਮਾਵੜਾ ਹੋ ਗਿਆ ਪਰ ਤੈਅ ਵਕਤ ਤੋਂ ਅੱਧਾ ਘੰਟਾ ਬਾਅਦ ਵੀ ਪਰਮਿੰਦਰ ਕੌਰ ਨਾ ਆਏ ਇਸ ਮੌਕੇ ਪ੍ਰੈਸ ਕਾਨਫਰੰਸ ਹੋਣ ਜਾਂ ਨਾ ਹੋਣ ਬਾਰੇ ਚਰਚਾ ਵੀ ਚੱਲਦੀ ਰਹੀ ਪੱਤਰਕਾਰਾਂ ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਭਾਜਪਾ ਮਹਿਲਾ ਮੋਰਚੇ ਦੀ ਆਗੂ ਪਰਮਿੰਦਰ ਕੌਰ ਨੇ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਕਾਫੀ ਦੇਰ ਬਾਅਦ ਜਦੋਂ ਪਰਮਿੰਦਰ ਕੌਰ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ‘ਚ ਨਾ ਆਉਣ ਦਾ ਕਾਰਨ ਉਨ੍ਹਾਂ ਨੂੰ ਕੁਝ ਆਗੂਆਂ ਵੱਲੋਂ ਸਮਝੌਤੇ ਲਈ ਲਿਜਾਣਾ ਦੱਸਿਆ ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਨਾ ਆ ਸਕਣ ਲਈ ਮੀਡੀਆ ਤੋਂ ਮੁਆਫੀ ਵੀ ਮੰਗੀ
ਮਸਲਾ ਸੁਲਝਾ ਲਿਆ : ਸੋਢੀ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲਾ ਸੁਲਝਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਗੱਲ ਕੋਈ ਵੱਡੀ ਨਹੀਂ ਸੀ ਪਰ ਕੁਝ ਲੋਕਾਂ ਨੇ ਤੂਲ ਦੇ ਦਿੱਤਾ ਸੀ ਸ੍ਰੀ ਸੋਢੀ ਨੇ ਪਾਰਟੀ ਦਾ ਅੰਦਰੂਨੀ ਮਾਮਲਾ ਹੋਣ ਕਰਕੇ ਕੋਈ ਹੋਰ ਟਿੱਪਣੀ ਤੋਂ ਗੁਰੇਜ਼ ਕੀਤਾ ਹੈ
ਗਲਤੀ ਦਾ ਅਹਿਸਾਸ ਕਰਵਾਇਆ
ਭਾਜਪਾ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਦਾ ਕਹਿਣਾ ਸੀ ਕਿ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਉਨ੍ਹਾਂ ਬਾਰੇ ਕਿਸੇ ਕੋਲ ਫੋਨ ‘ਤੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਸਨ ਜਦੋਂ ਉਨ੍ਹਾਂ ਕੋਲ ਇਸ ਦੀ ਰਿਕਾਰਡਿੰਗ ਪੁੱਜੀ ਤਾਂ ਉਹ ਇੱਕ ਸੀਨੀਅਰ ਅਹੁਦੇਦਾਰ ਦਾ ਇੱਕ ਮਹਿਲਾ ਪ੍ਰਤੀ ਰਵੱਈਆ ਸੁਣ ਕੇ ਦੰਗ ਰਹਿ ਗਈ ਉਨ੍ਹਾਂ ਦੱਸਿਆ ਕਿ ਇਸ ਕਰਕੇ ਉਸ ਨੇ ਮੀਡੀਆ ਅੱਗੇ ਆਪਣੀ ਗੱਲ ਰੱਖਣ ਦਾ ਮਨ ਬਣਾਇਆ ਸੀ ਬਦਸਲੂਕੀ ਦੀ ਘਟਨਾ ਉਨ੍ਹਾਂ ਨੇ ਖੁਦ ਪਾਰਟੀ ਹਾਈਕਮਾਨ ਅੱਗੇ ਰੱਖੀ ਸੀ ਪਰ ਹੁਣ ਸੀਨੀਅਰ ਆਗੂ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਆਖਿਆ ਕਿ ਕਿਸੇ ਮਹਿਲਾ ਨਾਲ ਬਦਸਲੂਕੀ ਸ਼ਰਮਨਾਕ ਤਾਂ ਹੈ ਹੀ ਪਰ ਪਾਰਟੀ ਹਾਈਕਮਾਂਡ ਤੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵੱਲੋਂ ਸਮਝੌਤਾ ਕਰਵਾਉਣ ਲਈ ਅੱਗੇ ਆਉਣ ਕਰਕੇ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਬਦਸਲੂਕੀ ਕਰਨ ਵਾਲੇ ਆਗੂ ਨੂੰ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਫੰਗਿਆ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਫਿਰ ਕਦੇ ਅਜਿਹਾ ਵਤੀਰਾ ਅਪਣਾਇਆ ਤਾਂ ਮਹਿਲਾ ਮੋਰਚਾ ਚੁੱਪਚਾਪ ਸਹਿਣ ਦੀ ਬਜਾਏ ਉਸ ਆਗੂ ਖਿਲਾਫ ਮੋਰਚਾ ਲਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।