ਦਿਹਾਤੀ ਖੇਤਰਾਂ ਤੋਂ ਬਾਅਦ ਸ਼ਹਿਰੀ ਖੇਤਰਾਂ ਵਿੱਚ ਵੀ ਕੱਟਾਂ ਦਾ ਸਿਲਲਿਸਾ ਹੋਇਆ ਤੇਜ
ਪਟਿਆਲਾ(ਖੁਸ਼ਵੀਰ ਸਿੰਘ ਤੂਰ) | ਸੂਬੇ ਅੰਦਰ ਅੰਤਾਂ ਦੀ ਪੈ ਰਹੀ ਗਰਮੀ ਅਤੇ 13 ਜੂਨ ਤੋਂ ਸ਼ੁਰੂ ਹੋ ਰਿਹਾ ਝੋਨੇ ਦਾ ਸੀਜ਼ਨ ਪਾਵਰਕੌਮ ਲਈ ਵੱਡੀ ਚੁਣੌਤੀ ਸਾਬਤ ਹੋਵੇਗਾ। ਝੋਨੇ ਦੇ ਸ਼ੀਜਨ ਤੋਂ ਪਹਿਲਾਂ ਹੀ ਦਿਹਾਤੀ ਖੇਤਰਾਂ ਦੇ ਨਾਲ ਹੀ ਸ਼ਹਿਰੀ ਖੇਤਰਾਂ ਅੰਦਰ ਵੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਵਿੱਚ ਆਏ ਦਿਨ ਹੀ ਇਜਾਫਾ ਹੋ ਰਿਹਾ ਹੈ। ਉਂਜ ਪਾਵਰਕੌਮ ਵੱਲੋਂ ਆਪਣੇ ਬਿਜਲੀ ਪ੍ਰਬੰਧ ਪੁਖਤਾ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸੂਬੇ ਅੰਦਰ ਲਗਾਤਾਰ ਪਾਰਾ ਸਿਰੇ ਚੜ੍ਹਨ ਕਰਕੇ ਬਿਜਲੀ ਦੀ ਮੰਗ 9500 ਮੈਗਾਵਾਟ ਨੂੰ ਟੱਪ ਚੁੱਕੀ ਹੈ ਜਦਕਿ ਝੋਨੇ ਦਾ ਸੀਜ਼ਨ ਅਜੇ ਸ਼ੁਰੂ ਹੋਣ ਵਾਲਾ ਹੈ। ਉਂਜ ਪਿਛਲੇ ਸਾਲ ਇਸ ਸਮੇਂ ਬਿਜਲੀ ਦੀ ਮੰਗ 8 ਮੈਗਾਵਾਟ ਦੇ ਨੇੜੇ ਤੇੜੇ ਸੀ। ਬਿਜਲੀ ਦੀ ਮੰਗ ਵਿੱਚ ਪਿਛਲੇ ਸਾਲ ਨਾਲੋਂ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਰ ਪੰਜਾਬ ਸਰਕਾਰ ਵੱਲੋਂ ਝੋਨੇ ਦਾ ਸੀਜ਼ਨ 13 ਜੂਨ ਤੋਂ ਸ਼ੁਰੂ ਕਰਨ ਦੇ ਐਲਾਨ ਕਾਰਨ ਪਾਵਰਕੌਮ ਨੂੰ ਬਿਜਲੀ ਦੀ ਵੱਡੀ ਮੰਗ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ ਸਾਲ ਕੈਪਟਨ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ 20 ਜੂਨ ਤੋਂ ਹੀ ਬਿਜਲੀ ਸਪਲਾਈ ਚਾਲੂ ਕੀਤੀ ਗਈ ਸੀ। ਇਨ੍ਹਾਂ ਦਿਨਾਂ ਦੌਰਾਨ ਮਾਨਸੂਨ ਦੀ ਦਸਤਕ ਵੀ ਸ਼ੁਰੂ ਹੋ ਜਾਂਦੀ ਸੀ, ਜਿਸ ਕਾਰਨ ਪਾਵਰਕੌਮ ਉੱਪਰ ਬਿਜਲੀ ਦਾ ਵੱਡਾ ਲੋਡ ਨਹੀਂ ਪੈਂਦਾ ਸੀ। ਇੱਧਰ ਇਸ ਵਾਰ ਤਾਂ ਕਈ ਕਿਸਾਨਾਂ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਅੰਦਰ ਅਜੇ ਨੇੜੇ ਤੇੜੇ ਮੀਂਹ ਦੀ ਕੋਈ ਸੂਚਨਾ ਨਹੀਂ ਹੈ, ਜਿਸ ਕਾਰਨ ਪਾਵਰਕੌਮ ਲਈ 13 ਜੂਨ ਤੋਂ ਬਾਅਦ ਪੰਜਾਬ ਅੰਦਰ ਬਿਜਲੀ ਸਪਲਾਈ ਦੇਣੀ ਢੇਡੀ ਖੀਰ ਸਾਬਤ ਹੋਵੇਗੀ। ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੀ ਮੰਗ 13 ਹਜਾਰ ਮੈਗਾਵਾਟ ਤੱਕ ਪੁੱਜ ਸਕਦੀ ਹੈ। ਇੱਧਰ ਦਿਹਾਤੀ ਖੇਤਰਾਂ ਵਿੱਚ ਤਾਂ ਗਰਮੀ ਵੱਧਣ ਦੇ ਨਾਲ ਹੀ ਕੱਟਾਂ ਦਾ ਸਿਲਸਿਲਾ ਸ਼ੁਰੂ ਹੋ ਚੁੱÎਕਿਆ ਸੀ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਵੀ ਅੱਜ ਅੱਧੇ ਘੰਟੇ ਤੋਂ ਵੱਧ ਬਿਜਲੀ ਦਾ ਕੱਟ ਲੱਗਿਆ ਰਿਹਾ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦਿਹਾਤੀ ਖੇਤਰਾਂ ਅੰਦਰ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਲੋਕਾਂ ਵੱਲੋਂ ਧਰਨੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇੱਧਰ ਜਦੋਂ ਕੱਟ ਲੱਗਣ ਤੋਂ ਬਾਅਦ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਤਕਨੀਕੀ ਨੁਕਸ ਦਾ ਹਵਾਲਾ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਅਨੁਸਾਰ ਪੰਜਾਬ ਅੰਦਰ ਕਿੱਧਰੇ ਕੱਟ ਨਹੀਂ ਲਗਾਏ ਜਾ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਆਪਣੇ ਥਰਮਲਾਂ ਨੂੰ ਘੱਟ ਡਿਮਾਂਡ ਹੋਣ ਕਾਰਨ ਬੰਦ ਕੀਤਾ ਹੋਇਆ ਹੈ ਅਤੇ ਜਦੋਂ ਝੋਨੇ ਲਈ ਬਿਜਲੀ ਸਪਲਾਈ ਸ਼ੁਰੂ ਹੋਵੇਗੀ ਤਾਂ ਜਿੱਥੇ ਉਹ ਆਪਣੇ ਥਰਮਲਾਂ ਨੂੰ ਭਖਾਉਣਗੇ, ਉੱਥੇ ਹੀ ਉਨ੍ਹਾਂ ਵੱਲੋਂ ਬੈਕਿੰਗ ਸਮੇਤ ਹੋਰ ਸ੍ਰੋਤਾਂ ਤੋਂ ਵਾਧੂ ਬਿਜਲੀ ਪ੍ਰਾਪਤ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।