ਸਿੱਧੂ ਖਿਲਾਫ਼ ਮੁੱਖ ਮੰਤਰੀ ਨਾਲ ਦਿੱਲੀ ਦਰਬਾਰ ਜਾਣਗੇ ਪੰਜਾਬ ਦੇ ਸਾਰੇ ਮੰਤਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ) ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਪੰਜ ਹਲਕਿਆਂ ‘ਚ ਕਾਂਗਰਸ ਦੀ ਹਾਰ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਕੀਤੇ ਗਏ ਪ੍ਰਚਾਰ ਦਾ ਖਮਿਆਜ਼ਾ ਅੱਜ ਭੁਗਤਣਾ ਪੈ ਗਿਆ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਥਾਂ ‘ਤੇ ਅਮਰਿੰਦਰ ਸਿੰਘ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰਨ ਵਾਲੇ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਂਹਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੱਡਾ ਝਟਕਾ ਦੇ ਦਿੱਤਾ ਹੈ।
ਇਥੇ ਹੀ ਬਸ ਨਹੀਂ ਹੈ ਅਗਲੇ ਹਫ਼ਤੇ ਤੱਕ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਤੋਂ ਹਟਾਉਣ ਲਈ ਵੀ ਫੈਸਲਾ ਹੋ ਜਾਵੇਗਾ। ਮੰਤਰੀ ਮੰਡਲ ਵਿੱਚ ਹੁਣ ਅਮਰਿੰਦਰ ਸਿੰਘ ਹੀ ਨਹੀਂ ਸਗੋਂ ਬਾਕੀ ਰਹਿੰਦੇ 16 ਮੰਤਰੀ ਵੀ ਨਵਜੋਤ ਸਿੱਧੂ ਨੂੰ ਨਹੀਂ ਦੇਖਣਾ ਚਾਹੁੰਦੇ ਹਨ, ਇਸ ਲਈ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ‘ਤੇ ਜ਼ੋਰ ਪਾਇਆ ਹੈ ਕਿ ਉਹ ਨਵਜੋਤ ਸਿੱਧੂ ਨੂੰ ਬਰਖ਼ਾਸਤ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਸ ਸਬੰਧੀ ਕਾਂਗਰਸ ਹਾਈ ਕਮਾਨ ਤੋਂ ਜੇਕਰ ਇਜਾਜ਼ਤ ਲੈਣ ਦੀ ਜ਼ਰੂਰਤ ਹੈ ਤਾਂ ਸਾਰੀ ਕੈਬਨਿਟ ਉਨ੍ਹਾਂ ਨਾਲ ਦਿੱਲੀ ਜਾਣ ਲਈ ਵੀ ਤਿਆਰ ਹੈ।
ਅਮਰਿੰਦਰ ਸਿੰਘ ਸਣੇ ਸਾਰੇ ਕੈਬਨਿਟ ਮੰਤਰੀ ਇਸ ਗੱਲ ਸਬੰਧੀ ਨਵਜੋਤ ਸਿੱਧੂ ਤੋਂ ਖਫ਼ਾ ਹੋ ਗਏ ਹਨ ਕਿ ਕੈਬਨਿਟ ਮੀਟਿੰਗ ਵਿੱਚ ਭਾਗ ਲੈਣ ਦੀ ਥਾਂ ‘ਤੇ ਨਵਜੋਤ ਸਿੱਧੂ ਆਪਣੇ ਘਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲੇ ਕਰ ਰਹੇ ਸਨ। ਕੈਬਨਿਟ ਮੀਟਿੰਗ ਵਿੱਚ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਸਣੇ ਸਾਧੂ ਸਿੰਘ ਧਰਮਸੋਤ ਨੇ ਤਾਂ ਸਿੱਧੂ ਨੂੰ ਤੁਰੰਤ ਹੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਦਿੱਤੀ ਜਦੋਂ ਕਿ ਬਾਕੀ ਮੰਤਰੀਆਂ ਨੇ ਵੀ ਹਾਮੀ ਭਰਦੇ ਹੋਏ ਕਿਹਾ ਕਿ ਸਿੱਧੂ ਦੀ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਤੁਰੰਤ ਹੀ ਕਾਰਵਾਈ ਕਰਨਾ ਲਾਜ਼ਮੀ ਹੈ। ਜਿਥੇ ਕਿ ਫੈਸਲਾ ਹੋਇਆ ਕਿ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਵਾਪਸ ਲੈ ਲਿਆ ਜਾਵੇ ਅਤੇ ਸਿਰਫ਼ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਦਾ ਵਿਭਾਗ ਹੀ ਰਹਿਣ ਦਿੱਤਾ ਜਾਵੇ। ਅਮਰਿੰਦਰ ਸਿੰਘ ਜਲਦ ਹੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮਿਲੇ ਕੇ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਤੋਂ ਹਟਾਉਣ ਸਬੰਧੀ ਇਜਾਜ਼ਤ ਲੈਣ ਅਤੇ ਇਸ ਸਬੰਧੀ ਜੇਕਰ ਜਰੂਰਤ ਪਈ ਤਾਂ ਸਾਰੇ ਮੰਤਰੀ ਇੱਕ ਜੁੱਟ ਹੋ ਕੇ ਦਿੱਲੀ ਜਾਣ ਲਈ ਵੀ ਤਿਆਰ ਹਨ। ਸਾਰੀ ਕੈਬਨਿਟ ਨੇ ਅਮਰਿੰਦਰ ਸਿੰਘ ਨੂੰ ਇਹ ਅਧਿਕਾਰ ਦੇ ਦਿੱਤੇ ਹਨ ਕਿ ਉਨਾਂ ਵਲੋਂ ਹਾਈ ਕਮਾਨ ਕੋਲ ਇਹ ਸੁਨੇਹਾ ਭੇਜਿਆ ਜਾਵੇ ਕਿ ਸਿੱਧੂ ਨੂੰ ਹੁਣ ਮੰਤਰੀ ਮੰਡਲ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।