ਭਾਜਪਾ ਸੰਗਠਨ ਦੀ ਮੀਟਿੰਗ ਵਿੱਚ ਸ਼ਰ੍ਹੇਆਮ ਪ੍ਰਧਾਨ ਨੂੰ ਦੱਸਿਆ ਅੰਮ੍ਰਿਤਸਰ ਦੀ ਹਾਰ ਦਾ ਜਿੰਮੇਵਾਰ
ਚੰਡੀਗੜ੍ਹ(ਅਸ਼ਵਨੀ ਚਾਵਲਾ)। ਪੰਜਾਬ ‘ਚ ਦੋ ਲੋਕ ਸਭਾ ਸੀਟਾਂ ‘ਤੇ ਜਿੱਤ ਦੀ ਖ਼ੁਸ਼ੀ ਮਨਾਉਣ ਲਈ ਸੰਗਠਨ ਦੀ ਮੀਟਿੰਗ ਕਰਨ ਆਏ ਪ੍ਰਧਾਨ ਸ਼ਵੇਤ ਮਲਿਕ ਨੂੰ ਹੀ ਇਹ ਮੀਟਿੰਗ ਭਾਰੀ ਪੈ ਗਈ ਹੈ। ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਸਟੇਜ ਤੋਂ ਹੀ ਅੰਮ੍ਰਿਤਸਰ ਦੀ ਹਾਰ ਦਾ ਜਿੰਮੇਵਾਰ ਪ੍ਰਧਾਨ ਸ਼ਵੇਤ ਮਲਿਕ ਨੂੰ ਕਰਾਰ ਦਿੰਦੇ ਹੋਏ ਜਿੱਤ ਦੀ ਖ਼ੁਸ਼ੀ ਮਨਾਉਣ ਤੋਂ ਵੀ ਰੋਕ ਦਿੱਤਾ। ਮਦਨ ਮੋਹਨ ਮਿੱਤਲ ਵੱਲੋਂ ਬੋਲੇ ਗਏ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਸਾਰੇ ਹੀ ਹੱਕੇ ਬੱਕੇ ਰਹਿ ਗਏ ਅਤੇ ਕਿਸੇ ਨੂੰ ਉਮੀਦ ਵੀ ਨਹੀਂ ਸੀ ਕਿ ਸਟੇਜ ਤੋਂ ਪ੍ਰਧਾਨ ਖ਼ਿਲਾਫ਼ ਹੀ ਇੰਨਾ ਵੱਡਾ ਹਮਲਾ ਕੀਤਾ ਜਾਵੇਗਾ।
ਮਦਨ ਮੋਹਨ ਮਿੱਤਲ ਨੇ ਮੀਟਿੰਗ ਦੌਰਾਨ ਇਥੇ ਹੀ ਨਹੀਂ ਰੁਕੇ ਅਤੇ ਉਨ੍ਹਾਂ ਪ੍ਰਧਾਨ ਤੋਂ ਬਾਅਦ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੂੰ ਵੀ ਘੇਰਦੇ ਹੋਏ ਕਿਹਾ ਕਿ ਜਿੱਤ ਦੇ ਲੱਡੂ ਖਾਣ ਤੋਂ ਪਹਿਲਾਂ ਇਹ ਵੀ ਦੇਖ ਲੈਣਾ ਚਾਹੀਦਾ ਹੈ ਕਿ ਅੰਮ੍ਰਿਤਸਰ ਵਿਖੇ ਸਾਰੀ ਭਾਜਪਾ ਨੇ ਜ਼ੋਰ ਲਾਇਆ ਗਿਆ ਸੀ ਫਿਰ ਵੀ ਤੀਜੀ ਵਾਰ ਭਾਜਪਾ ਨੂੰ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਸਬੰਧੀ ਮੰਥਨ ਕਰਨ ਦੀ ਜਰੂਰਤ ਹੈ।
ਮੀਟਿੰਗ ਦੌਰਾਨ ਮਦਨ ਮੋਹਨ ਮਿੱਤਲ ਦੇ ਭਾਸ਼ਣ ਨੂੰ ਸੁਣ ਕੇ ਸ਼ਵੇਤ ਮਲਿਕ ਅਤੇ ਦਿਨੇਸ਼ ਕੁਮਾਰ ਦੇ ਹੋਸ਼ ਹੀ ਉੱਡ ਗਏ ਅਤੇ ਉਹ ਆਸੇ ਪਾਸੇ ਹੀ ਦੇਖਦੇ ਨਜ਼ਰ ਆਏ। ਇਨਾਂ ਦੋਵਾਂ ਵਿੱਚੋਂ ਕਿਸੇ ਨੇ ਕੁਝ ਵੀ ਨਹੀਂ ਕਿਹਾ ਅਤੇ ਚੁੱਪ-ਚਾਪ ਸੁਣਨ ਹੀ ਸਮਝਦਾਰੀ ਸਮਝੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।