ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪੁਲਿਸ ਮੁਖੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਦਈ ਦੇ ਪਰਿਵਾਰ ਵਿਰੁੱਧ ਮੁਕੱਦਮਾ ਨੰਬਰ 68/2019 ਅ/ਧ 420, 406 ਆਈ.ਪੀ.ਸੀ., ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਦਰਜ ਸੀ, ਜਿਸ ‘ਚ ਇਨ੍ਹਾਂ ਦੋਵੇਂ ਥਾਣੇਦਾਰਾਂ ਵੱਲੋਂ ਮੁਦਈ ਦੀ ਪਤਨੀ ਨਵਨੀਤ ਕੌਰ ਦੀ ਜ਼ਮਾਨਤ ਕਰਵਾਉਣ ‘ਚ ਮਦਦ ਕਰਨ, ਮੁਦਈ ਤੇ ਮਾਤਾ-ਪਿਤਾ ਦਾ ਨਾਂਅ ਮੁਕੱਦਮੇ ‘ਚ ਨਾ ਦਰਜ ਕਰਨ ‘ਤੇ ਮੁਕੱਦਮੇ ‘ਚ ਮਦਦ ਕਰਨ ਬਦਲੇ ਏਐੱਸਆਈ ਸ਼ਮਸ਼ੇਰ ਸਿੰਘ ਤਫਤੀਸ਼ੀ ਅਫਸਰ ਨਾਲ 50,000 ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ‘ਚੋਂ 10,000 ਰੁਪਏ ਦੀ ਪਹਿਲੀ ਕਿਸ਼ਤ ਏਐੱਸਆਈ ਸ਼ਮਸ਼ੇਰ ਸਿੰਘ ਨੇ ਪਹਿਲਾਂ ਹੀ ਹਾਸਲ ਕਰ ਲਈ ਸੀ ਤੇ 25,000 ਰੁਪਏ ਅੱਜ ਮੰਗੇ ਸਨ।
ਉਨ੍ਹਾਂ ਦੱਸਿਆ ਕਿ ਵਿਚੋਲੇ ਏਐੱਸਆਈ ਰਣਜੀਤ ਸਿੰਘ ਨੂੰ ਅੱਜ 25,000 ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਵਿਜੀਲੈਂਸ ਬਿਊਰੋ ਪਟਿਆਲਾ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਗਿਫ਼ਤਾਰ ਕਰਨ ਤੋਂ ਬਾਅਦ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਏਐੱਸਆਈ ਰਣਜੀਤ ਸਿੰਘ ਦੀ ਰਿਸ਼ਵਤ ਹਾਸਲ ਕਰਨ ਸਬੰਧੀ ਗੱਲਬਾਤ ਏਐੱਸਆਈ ਸ਼ਮਸ਼ੇਰ ਸਿੰਘ ਨਾਲ ਕਰਵਾਈ ਗਈ, ਜਿਸ ‘ਤੇ ਉਸਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਤੇ ਏਐੱਸਆਈ ਸ਼ਮਸ਼ੇਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।