ਗਰਮੀ ਦੇ ਨਾਲ ਬਿਜਲੀ ਦੀ ਮੰਗ ਦਾ ਪਾਰਾ ਵੀ ਚੜਿਆ

Heat, Power, Supply, Demand

ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ਦੇ ਨੇੜੇ ਪੁੱਜੀ, ਪਾਵਰਕੌਮ ਵੱਲੋਂ ਵਾਧੂ ਬਿਜਲੀ ਦਾ ਦਾਅਵਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ) |  ਪੰਜਾਬ ਅੰਦਰ ਅੰਬਰੋਂ ਵਰਸ ਰਹੀ ਅੱਗ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਤਾਪਮਾਨ 42 ਡਿਗਰੀ ਨੂੰ ਪਾਰ ਕਰ ਗਿਆ ਹੈ। ਗਰਮੀ ਦੇ ਵੱਧਣ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਂਜ ਪਾਵਰਕੌਮ ਵੱਲੋਂ ਆਪਣੇ ਕੋਲ ਵਾਧੂ ਬਿਜਲੀ ਪ੍ਰਬੰਧ ਹੋਣ ਦੀ ਗੱਲ ਆਖੀ ਜਾ ਰਹੀ ਹੈ, ਪਰ ਦਿਹਾਤੀ ਖੇਤਰਾਂ ਵਿੱਚ ਬਿਜਲੀ ਦੇ ਕੱਟ ਆਪਣਾ ਰੰਗ ਦਿਖਾਉਣ ਲੱਗੇ ਹਨ।
ਜਾਣਕਾਰੀ ਅਨੁਸਾਰ ਜੇਠ ਦੇ ਮਹੀਨੇ ਵਿੱਚ ਤਾਪਾਮਾਨ ਨੇ ਆਪਣੀ ਰਫ਼ਤਾਰ ਫੜ੍ਹ ਲਈ ਹੈ ਅਤੇ ਰੋਜ਼ਾਨਾ ਹੀ ਤਾਪਮਾਨ ਦਾ ਪੱਧਰ ਵੱਧ ਰਿਹਾ ਹੈ। ਅੱਜ ਪਟਿਆਲਾ ਵਿਖੇ ਤਾਪਮਾਨ 42 ਡਿਗਰੀ ਨੂੰ ਪਾਰ ਗਿਆ ਜਿਸ ਕਾਰਨ ਸ਼ਾਮ ਤੱਕ ਵੀ ਤੱਤੀ ਲੂੰ ਇਨਸਾਨੀ ਜਿਸਮ ਸਮੇਤ ਪਸ਼ੂ ਪੰਛੀਆਂ ਲਈ ਅਸਹਿ ਬਣੀ ਰਹੀ। ਗਰਮੀ ਦੇ ਵੱਧਣ ਨਾਲ ਹੀ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਗਿਆ ਹੈ। ਅੱਜ ਬਿਜਲੀ ਦੀ ਮੰਗ 8000 ਮੈਗਾਵਾਟ ਦੇ ਕਰੀਬ ਪੁੱਜ ਗਈ ਹੈ। ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 8700 ਮੈਗਾਵਾਟ ਦੇ ਕਰੀਬ ਸੀ ਜੋ ਕਿ ਅੱਜ ਦੇ ਦਿਨ ਨਾਲੋਂ ਕਿਤੇ ਜਿਆਦਾ ਸੀ। ਇਸ ਵਾਰ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਠੰਢ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਹੀ ਗਰਮੀ ਵਿੱਚ ਵਾਧਾ ਹੋਇਆ ਹੈ। ਅਗਲੇ ਦਿਨਾਂ ਵਿੱਚ ਤਾਪਮਾਨ 45 ਡਿਗਰੀ ‘ਤੇ ਪੁੱਜਣ ਕਾਰਨ ਬਿਜਲੀ ਦੀ ਮੰਗ ਵਿੱਚ ਛੜੱਪਾ ਮਾਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਵਰਕੌਮ ਵੱਲੋਂ 4207 ਮੈਗਾਵਾਟ ਆਪਣੇ ਥਰਮਲਾਂ, ਹਾਈਡਰਲਾਂ ਅਤੇ ਹੋਰ ਸ੍ਰੋਤਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ ਜਦਕਿ ਬਾਕੀ ਵੱਖ-ਵੱਖ ਸਮਝੌਤਿਆਂ ਤਹਿਤ ਪਾਵਰ ਸਪਲਾਈ ਆ ਰਹੀ ਹੈ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਮਰਲ ਰੋਪੜ ਅਤੇ ਲਹਿਰਾ ਮੁਹੱਬਤ ਦੇ ਯੂਨਿਟ ਬੰਦ ਕੀਤੇ ਹੋਏ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਨੰ: ਯੂਨਿਟ ਬੰਦ ਹੈ ਅਤੇ ਜਦਕਿ 2 ਯੂਨਿਟ ਚੱਲ ਰਹੇ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਰਾਜਪੁਰਾ ਤੋਂ 700 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਯੂ.ਵੀ.ਡੀ.ਸੀ ਤੋਂ 71 ਮੈਗਾਵਾਟ, ਸ਼ਾਸਨ ਤੋਂ 105 ਮੈਗਾਵਾਟ ਅਤੇ ਹੋਰ ਸਾਧਨਾਂ ਤੋਂ ਵੀ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਇਸ ਗੱਲੋਂ ਸੁਰਖਰੂ ਹੈ ਕਿ ਉਨ੍ਹਾਂ ਕੋਲ ਵਧੇਰੇ ਬਿਜਲੀ ਹੈ। ਇੱਧਰ ਕੱਲ੍ਹ ਤੋਂ ਦਿਹਾਤੀ ਖੇਤਰਾਂ ਅੰਦਰ ਬਿਜਲੀ ਕੱਟਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੰਗਰੂਰ ਇਲਾਕੇ ‘ਚ ਰਾਤ ਨੂੰ ਅੱਧਾ ਘੰਟਾ ਬਿਜਲੀ ਗੁੱਲ ਹੋਈ। ਇਸ ਤੋਂ ਇਲਾਵਾ ਅੱਜ ਪਟਿਆਲਾ ‘ਚ ਵੀ ਘੱਧੇ ਘੰਟੇ ਤੋਂ ਵੱਧ ਬਿਜਲੀ ਬੰਦ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।