ਬਲਜੀਤ ਸਿੰਘ ਕਚੂਰਾ
ਪੰਜਾਬ ਦੇ ਅੰਦਰ ਨੌਜਵਾਨਾਂ ਦੇ ਵਿੱਚ ਬਾਹਰ ਜਾ ਕੇ ਪੜ੍ਹਨ ਦੀ ਹੋੜ ਲੱਗੀ ਹੋਈ ਹੈ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ 1 ਲੱਖ 35 ਹਜ਼ਾਰ ਦੇ ਕਰੀਬ ਪੰਜਾਬ ਦੇ ਨੌਜਵਾਨ ਬਾਹਰ ਪੜ੍ਹਨ ਗਏ। ਜੋ ਕਿ ਸੋਚਣ ਦਾ ਵਿਸ਼ਾ ਹੈ। ਜੇਕਰ ਹਰ ਸਾਲ ਇੰਨੇ ਜ਼ਿਆਦਾ ਵਿਦਿਆਰਥੀ ਬਾਹਰ ਜਾ ਰਹੇ ਹਨ ਤਾਂ ਸੋਚੋ ਇਸ ਦੇ ਨਾਲ ਹੀ ਪੰਜਾਬ ਦਾ ਕਰੋੜਾਂ ਰੁਪਇਆ ਵੀ ਬਾਹਰ ਜਾ ਰਿਹਾ ਹੈ।
ਇਹ ਨਹੀਂ ਕਿ ਸਭ ਸ਼ੌਂਕ ਨਾਲ ਜਾ ਰਹੇ ਨੇ, ਕਿਤੇ ਨਾ ਕਿਤੇ ਤਾਂ ਇਨ੍ਹਾਂ ਸਭਨਾਂ ਦੀਆਂ ਮਜ਼ਬੂਰੀਆਂ ਵੀ ਨੇ ਜੋ ਇਹਨਾਂ ਨੂੰ ਪੰਜਾਬ ਤੋਂ ਦੂਰ ਵਿਦੇਸ਼ਾਂ ਵਿੱਚ ਲਿਜਾ ਰਹੀਆਂ ਨੇ। ਸਮੱਸਿਆਵਾਂ ਕਿੱਥੇ ਨੇ, ਇਹਨਾਂ ਨੂੰ ਲੱਭਣਾ ਪਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਡੇ ਪੰਜਾਬ ਦੀ ਉੱਭਰ ਰਹੀ ਜਵਾਨੀ, ਜਿਸ ਨੇ ਅੱਗੇ ਜਾ ਕੇ ਪੰਜਾਬ ਦੇ ਭਵਿੱਖ ਨੂੰ ਸੰਵਾਰਨਾ ਹੈ, ਉਹ ਸਾਰੀ ਦੀ ਸਾਰੀ ਉਡਾਰੀ ਮਾਰ ਕੇ ਵਿਦੇਸ਼ਾਂ ਵਿੱਚ ਜਾ ਚੁੱਕੀ ਹੋਵੇਗੀ ਤੇ ਅਸੀਂ ਸਿਰਫ ਹੱਥ ਮਲ਼ਦੇ ਹੀ ਰਹਿ ਜਾਵਾਂਗੇ। ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕਰੇਜ਼ ਕਿਉਂ ਵਧ ਰਿਹਾ ਹੈ? ਇਸ ਦੇ ਪਿੱਛੇ ਜੋ ਗੰਭੀਰ ਕਾਰਨ ਹਨ, ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਕਾਰਨ ਇਹ ਹੈ ਕਿ ਪੰਜਾਬ ‘ਚ ਪੜ੍ਹ-ਲਿਖ ਕੇ ਰੁਜ਼ਗਾਰ ਮਿਲਣ ਦੀ ਪੂਰਨ ਆਸ ਦਿਖਾਈ ਨਹੀਂ ਦੇ ਰਹੀ, ਕਿਉਂਕਿ ਸਰਕਾਰੀ ਖੇਤਰ ਵਿੱਚ ਤਾਂ ਬਹੁਤ ਹੀ ਘੱਟ ਨੌਕਰੀਆਂ ਨਿੱਕਲਦੀਆਂ ਹਨ। ਜਿਸ ਹਿਸਾਬ ਨਾਲ ਅੱਜ ਦੇ ਦੌਰ ਵਿੱਚ ਬੇਰੁਜ਼ਗਾਰੀ ਹੈ, ਸਰਕਾਰ ਉਸ ਹਿਸਾਬ ਨਾਲ ਰੁਜ਼ਗਾਰ ਦੇਣ ਵਿੱਚ ਅਸਮਰਥ ਨਜ਼ਰ ਆ ਰਹੀ ਹੈ। ਜਦੋਂ ਵੀ ਕੋਈ ਇੱਕ ਛੋਟੀ ਜਿਹੀ, ਭਾਵੇਂ ਉਹ ਚੌਥੇ ਦਰਜ਼ੇ ਦੀ ਹੀ ਨੌਕਰੀ ਕਿਉਂ ਨਾ ਹੋਵੇ, ਨਿੱਕਲਦੀ ਹੈ?ਤਾਂ ਉਸ ਨੌਕਰੀ ਲਈ ਅਪਲਾਈ ਕਰਨ ਵਾਲਿਆਂ ਦੀ ਲਾਈਨ ਵਿੱਚ ਤੁਸੀਂ ਡਿਪਲੋਮਾ, ਡਿਗਰੀ ਹੋਲਡਰਾਂ ਨੂੰ ਆਮ ਦੇਖ ਸਕਦੇ ਹੋ। ਦੂਜਾ ਕਾਰਨ ਇਹ ਹੈ ਕਿ ਤਕਰੀਬਨ ਸਾਰੀਆਂ ਹੀ ਸਰਕਾਰੀ ਨੌਕਰੀਆਂ ਲਈ ਪ੍ਰੀਖਿਆਵਾਂ ਬਹੁਤ ਹੀ ਔਖੀਆਂ ਹਨ, ਕਈ ਨੌਕਰੀਆਂ ਦਾ ਪ੍ਰੋਸੈੱਸ ਬਹੁਤ ਹੀ ਲੰਮਾ ਹੈ, ਕਈ-ਕਈ ਸਾਲ ਨੌਜਵਾਨਾਂ ਨੂੰ ਨਤੀਜ਼ੇ ਦੀ ਉਡੀਕ ਕਰਨੀ ਪੈਂਦੀ ਹੈ ਤੇ ਕਈ ਵਾਰ ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਵੀ ਹੋ ਜਾਂਦੇ ਹਨ। ਤੀਸਰਾ ਕਾਰਨ ਇਹ ਹੈ ਕਿ ਦਿਨੋਂ-ਦਿਨ ਪ੍ਰਾਈਵੇਟ ਸਿੱਖਿਆ ਅਦਾਰਿਆਂ ਵਿੱਚ ਸਿੱਖਿਆ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਸਰਕਾਰੀ ਅਦਾਰੇ ਵਧੀਆ ਸਿੱਖਿਆ ਦੇਣ ਬਾਰੇ ਹਰ ਮੋੜ ‘ਤੇ ਫੇਲ੍ਹ ਹੋ ਰਹੇ ਹਨ। ਚੌਥਾ ਕਾਰਨ ਹੈ ਕਿ ਪੜ੍ਹ-ਲਿਖ ਕੇ ਰੁਜ਼ਗਾਰ ਦੀ ਇੱਥੇ ਬਾਹਰ ਦੇ ਦੇਸ਼ਾਂ ਦੀ ਤਰ੍ਹਾਂ ਕੋਈ ਗਰੰਟੀ ਨਹੀਂ ਪਰ ਇਸ ਦੇ ਉਲਟ ਵਿਦੇਸ਼ਾਂ ਵਿੱਚ ਪੜ੍ਹਨ ਤੋਂ ਬਾਅਦ ਸਰਕਾਰ ਤੁਹਾਡੇ ਰੁਜ਼ਗਾਰ ਦੀ ਪੂਰੀ ਗਰੰਟੀ ਲੈਂਦੀ ਹੈ। ਪੰਜਵਾਂ ਕਾਰਨ ਹੈ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦੀ ਬਹੁਤ ਵੱਡੇ ਪੱਧਰ ‘ਤੇ ਘਾਟ ਹੈ, ਜੇ ਹਸਪਤਾਲ ਹਨ ਤਾਂ ਡਾਕਟਰ ਨਹੀਂ, ਜੇ ਕਿਤੇ ਹਨ ਵੀ ਤਾਂ ਉਹ ਆਪਣੀ ਡਿਊਟੀ ਦੇ ਪ੍ਰਤੀ ਪੂਰੇ ਇਮਾਨਦਾਰ ਨਹੀਂ ਤੇ ਇਸ ਮਹਿਕਮੇ ਅੰਦਰ ਵੀ ਭ੍ਰਿਸ਼ਟਾਚਾਰ ਚਲਦਾ ਆਮ ਦੇਖਿਆ ਜਾ ਸਕਦਾ ਹੈ। ਛੇਵਾਂ ਕਾਰਨ ਹੈ ਕਿ ਪੰਜਾਬ ਅੰਦਰ ਚੋਰੀ, ਡਕੈਤੀ ਦੀਆਂ ਘਟਨਾਵਾਂ ਵਿਚ ਦਿਨੋ-ਦਿਨ ਇਜ਼ਾਫਾ ਹੋ ਰਿਹਾ ਹੈ ਅਤੇ ਹਰ ਕੋਈ ਆਪਣੇ-ਆਪ ਨੂੰ ਇੱਥੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਸਾਧਨ ਵਿਕਸਿਤ ਕੀਤੇ ਜਾਣ ਤਾਂ ਜੋ ਪੰਜਾਬ ਦੀ ਜਵਾਨੀ ਬਾਹਰ ਨਾ ਜਾ ਕੇ ਇੱਥੇ ਹੀ ਆਪਣੀ ਜ਼ਿੰਦਗੀ ਮਾਣ ਸਕੇ। ਜੇਕਰ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਨਾ ਰੋਕ ਸਕੇ ਤਾਂ ਆਉਣ ਵਾਲੇ ਸਮੇਂ ਦੌਰਾਨ ਸਾਡੇ ਪੰਜਾਬ ਨੂੰ ਸੰਭਾਲਣ ਵਾਲੇ ਨਹੀਂ ਰਹਿਣਗੇ ਅਤੇ ਬਜ਼ੁਰਗ ਨੌਜਵਾਨਾਂ ਦੀਆਂ ਰਾਹਾਂ ਤੱਕਦੇ-ਤੱਕਦੇ ਥੱਕ ਜਾਣਗੇ ਕਿ ਕਦੋਂ ਸਾਡੇ ਪੁੱਤ-ਪੋਤਰੇ ਵਾਪਿਸ ਆਉਣ ਤੇ ਬਜ਼ੁਰਗ ਅਵਸਥਾ ਵਿੱਚ ਸਾਡਾ ਸਹਾਰਾ ਬਣਨ।
ਬੁੱਧੀਜੀਵੀ ਵਰਗ ਨੂੰ ਵੀ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਗੌਰ ਕਰਨਾ ਪਵੇਗਾ ਕਿ ਸਾਡੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਕਿਉਂ ਜਾ ਰਹੀ ਹੈ ਤੇ ਦਿਨੋਂ-ਦਿਨ ਇੱਕ ਗੰਭੀਰ ਮਸਲੇ ਦਾ ਰੂਪ ਧਾਰਨ ਕਰ ਚੁੱਕੀ ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਤਾਂ ਹੀ ਅਸੀਂ ਆਪਣੇ ਪੰਜਾਬ ਤੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹਾਂ।
ਮਮਦੋਟ, ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।