ਗਿਆਨ ਸਿੰਘ
ਭਾਰਤੀ ਚੋਣ ਕਮਿਸ਼ਨ ਵੱਲੋਂ ਸੱਤ ਪੜਾਵਾਂ ਵਿਚ ਹੋਣ 17ਵੀਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ, ਪੰਜਾਬ ਨੂੰ ਆਖਰੀ ਸਤਵੇਂ ਗੇੜ ਵਿਚ ਰੱਖਿਆ ਗਿਆ ਤੇ ਵੋਟਾਂ ਪਾਉਣ ਦੀ ਮਿਤੀ 19 ਮਈ ਨਿਸ਼ਚਿਤ ਕੀਤੀ ਗਈ। ਲੋਕ ਸਭਾ ਚੋਣਾਂ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਚੋਣਾਂ ਕਰਵਾਉਣ ਲਈ ਜੰਗੀ ਪੱਧਰ ‘ਤੇ ਤਿਆਰੀਆਂ ਆਰੰਭ ਕਰ ਦਿੱਤੀਆਂ, ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ‘ਚ ਸੁਧਾਈ ਦਾ ਕੰਮ ਵੀ ਮੁਕੰਮਲ ਕਰਨਾ ਆਰੰਭ ਕਰ ਦਿੱਤਾ। ਮੱਤਦਾਤਾਵਾਂ ਨੂੰ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕੀਤੇ ਗਏ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਮੱਤਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਨ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਚੇਤਨਾ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਹਰ ਉਸ ਵਿਅਕਤੀ, ਜਿਸਦੀ ਉਮਰ 18 ਸਾਲ ਦੀ ਹੋਵੇ, ਦੀ ਵੋਟ ਬਣੀ ਹੋਵੇ। ਵੋਟ ਬਣਾਉਣਾ ਹੀ ਲਾਜ਼ਮੀ ਨਹੀਂ ਸਗੋਂ ਉਸ ਤੋਂ ਵੀ ਜਰੂਰੀ ਹੈ ਕਿ ਮੱਤਦਾਤਾ ਮੱਤਦਾਨ ਵਾਲੇ ਦਿਨ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਯਕੀਨੀ ਤੌਰ ‘ਤੇ ਕਰੇ। ਵੋਟਰਾਂ ਖਾਸਕਰ ਨਵੇਂ ਦਰਜ ਨੌਜਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਤੇ ਨੈਤਿਕ ਵੋਟਿੰਗ ਲਈ ਉਤਸ਼ਾਹਿਤ ਕਰਨ ਖਾਤਰ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ) ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੇਜ ਕੀਤੀਆਂ ਗਈਆਂ। 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਸਵੀਪ ਪ੍ਰੋਜੈਕਟ ਤਹਿਤ ਚਲਾਏ ਜਾਣ ਵਾਲੇ ਮੱਤਦਾਤਾ ਜਾਗਰੂਕਤਾ ਅਭਿਆਨ ਦੌਰਾਨ ਚੇਤਨਾ ਮੁਹਿੰਮ ਤਹਿਤ ਸਾਰੇ ਸਰਕਾਰੀ ਅਧਿਕਾਰੀ/ਕਮਰਚਾਰੀ ਵੱਲੋਂ ਵੋਟਰਾਂ ਤੋਂ ਪ੍ਰਣ ਕਰਵਾਇਆ ਗਿਆ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਯਕੀਨੀ ਬਣਾਉਣ।
ਸਿਆਸੀ ਪਾਰਟੀਆਂ, ਗੈਰ-ਸਰਕਾਰੀ ਸੰਗਠਨਾਂ, ਨਹਿਰੂ ਯੁਵਾ ਕੇਂਦਰਾਂ ਰਾਹੀਂ ਨੌਜਵਾਨ ਮੈਂਬਰਾਂ ਨੂੰ ਵੋਟਰ ਰਜਿਸਟ੍ਰੇਸ਼ਨ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਤੋਂ ਸਵੀਪ ਗਤੀਵਿਧੀਆਂ ਲਈ ਸਹਿਯੋਗ ਲਿਆ ਗਿਆ। ਹਰੇਕ ਬਾਲਗ ਨੂੰ ਵੋਟ ਬਣਾਉਣ ਲਈ ਪ੍ਰੇਰਿਆ ਤੇ ਉਹਨਾਂ ਤੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਪ੍ਰੇਰਿਤ ਕਰਨ ਲਈ ਵੀ ਸਹਿਯੋਗ ਲਿਆ। ਕਿਸੇ ਵਿਅਕਤੀ ਦਾ ਵੋਟਰ ਕਾਰਡ ਬਣਿਆ ਹੋਇਆ ਹੋਵੇ, ਉਸ ਦਾ ਨਾਂਅ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ। ਨਵਾਂ ਵੋਟਰ ਕਾਰਡ ਬਣਾਉਣ ਤੇ ਵੋਟਰ ਕਾਰਡ ਵਿੱਚ ਦਰੁਸਤੀ ਲਈ ਵੀ ਸਬੰਧਤ ਬੀ.ਐਲ.ਓ. ਨਾਲ ਸੰਪਰਕ ਕਰਨਾ ਚਾਹੀਦਾ ਸੀ ਜੋ ਸਮਾਂ ਬੀਤ ਚੁੱਕਾ ਹੈ। ਕੋਈ ਵੀ ਵਿਅਕਤੀ ਵੈਬਸਾਈਟ ‘ਤੇ ਉਪਲੱਬਧ ਵੋਟਰ ਸੂਚੀ ‘ਤੇ ਆਪਣੀ ਵੋਟ ਚੈੱਕ ਕਰ ਸਕਦਾ ਹੈ। ਜਿਨ੍ਹਾਂ ਨੌਜਵਾਨਾਂ ਨੇ ਵੋਟਰ ਬਣਨ ਲਈ ਹੰਭਲਾ ਮਾਰਿਆ ਹੁਣ ਉਹ ਲੋਕਤੰਤਰ ਦੀ ਮੁੱਖ ਪ੍ਰਕਿਰਿਆ ਦੇ ਭਾਗੀਦਾਰ ਬਣ ਕੇ ਆਪਣੇ ਅਧਿਕਾਰ ਨੂੰ ਪਹਿਚਾਨਣ। ਐਨ.ਐਸ.ਐਸ, ਐਨ.ਸੀ.ਸੀ, ਲੇਬਰ ਅਤੇ ਰੁਜ਼ਗਾਰ ਵਿਭਾਗ, ਵਿੱਤੀ ਸੰਸਥਾਨ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਸਿਵਲ ਸਪਲਾਈਜ਼ ਵਿਭਾਗ ਆਪਣੇ ਨਾਲ ਜੁੜੇ ਸੰਸਥਾਨਾਂ, ਮੈਂਬਰਾਂ, ਕਰਮਚਾਰੀਆਂ ਤੇ ਡੀਲਰਾਂ ਜਾਂ ਉਪਭੋਗਤਾਵਾਂ ਨੂੰ ਵੋਟਰ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਕਰਦੇ ਰਹੇ ਤੇ ਚੋਣ ਕਮਿਸ਼ਨ ਵੱਲੋਂ ਛਾਪੀ ਪ੍ਰਚਾਰ ਸਮੱਗਰੀ ਨੂੰ ਡਿਸਪਲੇਅ ਕਰਦੇ ਰਹੇ। ਸਿੱਖਿਆ ਸੰਸਥਾਵਾਂ, ਯੁਵਕ ਸੇਵਾਵਾਂ, ਖੇਡਾਂ ਤੇ ਸੱਭਿਆਚਾਰਕ ਵਿਭਾਗ ਵੱਲੋਂ ਪ੍ਰੋਫੈਸ਼ਨਲ ਕਲਚਰਲ ਗਰੁੱਪਾਂ ਜ਼ਰੀਏ ਡਰਾਮੇ ਤੇ ਹੋਰ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਦੂਰਦਰਸ਼ਨ, ਆਲ ਇੰਡੀਆ ਰੇਡੀਓ ਤੇ ਹੋਰ ਸਰਕਾਰੀ ਮੀਡੀਆ ਸਵੀਪ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਆਪਣੀ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾ ਕੇ ਇਸ ਮੁਹਿੰਮ ਨੂੰ ਮਜਬੂਤ ਕੀਤਾ ਗਿਆ। ਲੋਕਾਂ ਨੂੰ ਲੋਕਤੰਤਰ ਲਈ ਵੋਟ ਦੀ ਮਹਤੱਤਾ ਤੇ ਵੋਟ ਦੇ ਹੱਕ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਸੰਦੇਸ਼ ਭੇਜਣ ਲਈ ਸੋਸ਼ਲ ਮੀਡੀਏ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਕੇ ਲੋਕਤੰਤਰ ਦੀ ਮਜਬੂਤੀ ਲਈ ਚਲਾਈਆਂ ਗਈਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਵੱਖ-ਵੱਖ ਵਿਭਾਗਾਂ ਦੀ ਮਜ਼ਬੂਤ ਭਾਗੀਦਾਰੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨੌਜਵਾਨ ਲੜਕੇ/ਲੜਕੀਆਂ ਸਬੰਧੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਇਹ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਕਿ ਉਸ ਦੀ ਸੰਸਥਾ ਦੇ ਸਾਰੇ ਯੋਗ ਵਿਦਿਆਰਥੀਆਂ ਦੀਆਂ ਵੋਟਾਂ ਬਣ ਗਈਆਂ ਹਨ। ਆਸ਼ਾ ਵਰਕਰ, ਏ.ਐਨ.ਐਮ. ਤੇ ਆਂਗਣਵਾੜੀ ਵਰਕਰਾਂ ਨੇ ਵੀ ਘਰ-ਘਰ ਤੱਕ ਸੰਦੇਸ਼ ਪਹੁੰਚਾਉਣ ਲਈ ਚੇਤਨਾ ਮੁਹਿੰਮ ਜਾਰੀ ਰੱਖੇ। ਨਵੀਆਂ ਪੰਚਾਇਤਾਂ ਦੀ ਸਿਖਲਾਈ ਦੌਰਾਨ ਵੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਬੈਨਰ ਲਾਉਣ ਅਤੇ ਸਲੋਗਨ ਲਿਖਣ ਦੀ ਮੁਹਿੰਮ ਵੀ ਆਰੰਭੀ ਜਾਵੇਗੀ, ਜਾਗਰਤੀ ਰੈਲੀਆਂ ਤੇ ਮਾਰਚ ਕੱਢੇ ਗਏ।
ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗ ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਲਈ ਭੇਜੇ ਮਟੀਰੀਅਲ ਜ਼ਰੀਏ ਵੈੱਬਸਾਈਟਸ ਤੇ ਹੋਰ ਗਤੀਵਿਧੀਆਂ ਜ਼ਰੀਏ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕਰਦੇ ਰਹੇ। ਨਗਰ ਨਿਗਮ/ਨਗਰ ਕੌਂਸਲਾਂ ਸ਼ਹਿਰੀ ਖੇਤਰਾਂ ਵਿਚ ਵੋਟਰਾਂ ਦੇ ਫ਼ਰਜ਼ਾਂ ਤੋਂ ਜਾਣੂੰ ਕਰਵਾਉਣ ਲਈ ਸਲੋਗਨ ਲਿਖਵਾ ਕੇ ਬੋਰਡ ਲਵਾਏ ਗਏ।
ਭਾਰਤ ਦੇ ਚੋਣ ਕਮਿਸ਼ਨਰ ਦੇ ਆਦੇਸ਼ ਜਾਰੀ ਕਰਨ ਤੋਂ ਮੰਤਵ ਸਪੱਸ਼ਟ ਸਾਹਮਣੇ ਹੈ ਕਿ ਹਰ ਵੋਟਰ ਦੀ ਜ਼ਮੀਰ ਨੂੰ ਟੁੰਬਿਆ ਜਾਵੇ ਤੇ ਉਸ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇ। ਸੱਚਮੁੱਚ ਵੋਟਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦੈ ਤੇ ਵਿਕਾਸ ਲਈ ਆਪਣੀ ਮਨਪਸੰਦ ਦੇ ਚੰਗੇ ਉਮੀਦਵਾਰਾਂ ਨੂੰ ਚੁਣ ਕੇ ਲੋਕਸਭਾ ਵਿਚ ਭੇਜਣਾ ਚਾਹੀਦੈ।
ਲੋਕ ਸਭਾ ਚੋਣਾਂ ਦੇ ਐਲਾਨ ਨਾਲ ਜਿੱਥੇ ਸਰਕਾਰੀ ਮਸ਼ੀਨਰੀ ਨੇ ਸਰਗਰਮੀਆਂ ਤੇਜ਼ ਕੀਤੀਆਂ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਗਤੀਵਿਧੀਆਂ ਤੋਂ ਲੈ ਕੇ 17 ਲਈ ਸ਼ਾਮ 6 ਵੱਜੇ ਤੱਕ ਪ੍ਰਚਾਰ ਲਈ ਵੱਡੇ-ਵੱਡੇ ਲੀਡਰਾਂ, ਫਿਲਮ ਸਟਾਰਾਂ ਦੀਆਂ ਰੈਲੀਆਂ ਤੇ ਮਾਰਚ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਕੀਤੇ।
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਇਲੈਕਟ੍ਰੋਨਿਕ ਵੋਟਰ ਮਸ਼ੀਨਾਂ ਨਾਲ ਵੀਵੀਪੈਟ ਮਸ਼ੀਨਾਂ ਲਾਉਣ ਤੇ ਪੰਜ-ਪੰਜ ਬੂਥਾਂ ਦੀਆਂ ਪਰਚੀਆਂ ਦੀ ਗਿਣਤੀ ਕਰਨ ਦੇ ਆਦੇਸ਼ ਦੇਣ ਨਾਲ ਵੋਟਰਾਂ ਵਿਚ ਕੁਝ ਹੱਦ ਤੱਕ ਭਰੋਸੇਯੋਗਤਾ ਬਣੀ ਹੈ ਪਰ ਅਸਲ ਤਸਵੀਰ ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆਵੇਗੀ। ਭਾਰਤ ਦੇ ਵੋਟਰ ਜੋ ਕਿਸੇ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਲਈ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਵਾਧੂ ਬਟਨ ‘ਨੋਟਾ’ ਲਾ ਦਿੱਤਾ ਗਿਆ ਹੈ। ਚੋਣ ਮੁਹਿੰਮ ਦੌਰਾਨ ਜਿਸ ਤਰ੍ਹਾਂ ਵੋਟਰਾਂ ਨੇ ਉਮੀਦਵਾਰਾਂ ਨਾਲ ਸਵਾਲ-ਜਵਾਬ ਕਰਨ ਦੀ ਕੋਸ਼ਿਸ ਕੀਤੀ ਹੈ ਉਸ ਤੋਂ ਜਾਪਦਾ ਹੈ ਕਿ ਕੁਝ ਵੋਟਰ ‘ਨੋਟਾ’ ‘ਤੇ ਆਪਣਾ ਪ੍ਰਗਟਾਵਾ ਕਰਨਗੇ। ਲੋਕਾਂ ਨੂੰ ਸਰਕਾਰਾਂ/ਉਮੀਦਵਾਰਾਂ ਦੀ ਕਾਰਗੁਜ਼ਾਰੀ ਵਿਰੁੱਧ ਲਾਮਬੰਦ ਕਰਨ ਲਈ ਕੁਝ ਸੰਗਠਨ ਸਰਗਰਮ ਹਨ ਤੇ ਵੋਟਰਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਵੋਟਾਂ ਪਾਉਣ ਸਮੇਂ ਆਪਣੀ ‘ਵੋਟ’ ਦੀ ਸਹੀ ਵਰਤੋਂ ਕਰਨ।
ਪੰਜਾਬ ‘ਚ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਆਖਰੀ 48 ਘੰਟਿਆਂ ਦੌਰਾਨ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ‘ਤੇ ਚੋਣ ਕਮਿਸ਼ਨ ਦੀ ਬਾਜ ਅੱਖ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਨਾਲ ਸਬੰਧਤ ਹਰ ਅਧਿਕਾਰੀ ਤੇ ਕਰਮਚਾਰੀ ਦੀ ਕਾਰਗੁਜ਼ਾਰੀ ਉੱਪਰ ਕਮਿਸ਼ਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ ਦੇ ਸੂਝਵਾਨ ਵੋਟਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਵੋਟ ਦਾ ਮਹੱਤਵ ਸਮਝਣ। ਨੌਜਵਾਨ ਵੋਟਰਾਂ ਦੀਆਂ ਵੋਟਾਂ ਕਰਨੀਆਂ ਨਵੇਂ ਯੁੱਗ ਦਾ ਆਗਾਜ਼। ਉਹ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੀ ਮਨਪਸੰਦ ਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਵਾਲੇ ਉਮੀਦਵਾਰਾਂ ਦੀ ਸ਼ਾਂਤੀਪੂਰਵਿਕ ਢੰਗ ਨਾਲ ਚੋਣ ਕਰਨ, ਜੇਕਰ ਉਮੀਦਵਾਰ ਪਸੰਦ ਨਹੀਂ ਤਾਂ ‘ਨੋਟਾ’ ਦੀ ਵਰਤੋਂ ਕਰਨ ਤੋਂ ਗੁਰੇਜ਼ ਨਾ ਕਰਨ। ਪੰਜਾਬ ਵਿਚ 19 ਮਈ ਨੂੰ 17ਵੀਂ ਲੋਕ ਸਭਾ ਲਈ ਪੈਣ ਵਾਲੀਆਂ ਵੋਟਾਂ ਕੇਂਦਰ ਦੀ ਅਗਲੀ ਸਰਕਾਰ ਦਾ ਭਵਿੱਖ ਤੈਅ ਕਰਨਗੀਆਂ ਤੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹਣਗੀਆਂ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
ਨਿਊ ਦਸਮੇਸ਼ ਨਗਰ, ਮੋਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।