ਕੁਲਵਿੰਦਰ ਵਿਰਕ
ਪੜ੍ਹਨਾ, ਪਰਖਣਾ, ਸੋਚਣਾ ਤੇ ਫੇਰ ਬੋਲਣਾ ਸਿਆਣਪ ਦੀਆਂ ਨਿਸ਼ਾਨੀਆਂ ਹਨ ਸੋਚ ਕੇ ਬੋਲਿਆ ਹਰ ਸ਼ਬਦ ਗਹਿਰਾ ਪ੍ਰਭਾਵ ਛੱਡਦਾ, ਮਨਾਂ ‘ਚੋਂ ਸ਼ੰਕੇ, ਸ਼ਿਕਵੇ ਕੱਢਦਾ….! ਸੁਹਜ਼, ਸਲੀਕਾ ਤੇ ਸੁੰਦਰਤਾ ਕੁਦਰਤ ਦੇ ਵਰਦਾਨ ਹਨ ਮੁੱਖ ‘ਚੋਂ ਨਿੱਕਲੇ ਸੁੰਦਰ ਸ਼ਬਦ ਤੁਹਾਡੇ ਵਿਚਾਰਾਂ, ਵਿਹਾਰਾਂ ਨੂੰ ਦਰਸਾਉਂਦੇ, ਸੁਹਜ਼ ਤੇ ਸਲੀਕੇ ਨੂੰ ਪ੍ਰਗਟਾਉਂਦੇ….!
ਪਰ ਬਹੁਤਾ ਬੋਲਣਾ ਕਿਸੇ ਪੱਖੋਂ ਵੀ ਸਿਆਣਪ ਨਹੀਂ ਹੁੰਦਾ! ਬਹੁਤਾ ਬੋਲਣ ਸਮੇਂ ਸੋਚਿਆ ਨਹੀਂ ਜਾ ਸਕਦਾ, ਬੋਲਿਆ ਗਿਆ ਕੋਈ ਵੀ ਸ਼ਬਦ ਵਾਪਸ ਮੂੰਹ ‘ਚ ਜਾ ਨਹੀਂ ਸਕਦਾ….! ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ….!
ਚੁੱਪ ਰਹਿਣਾ ਇੱਕ ਕਲਾ ਹੈ, ਸਾਧਨਾ ਹੈ, ਤਪੱਸਿਆ ਹੈ….! ਚੁੱਪ ਦੀ ਪਰਿਭਾਸ਼ਾ, ਕਿਸੇ ਜਗਿਆਸੂ ਦੀ ਜਗਿਆਸਾ….! ਚੁੱਪ ਇੱਕ ਨਾਦ, ਅਨਹਦ-ਨਾਦ, ਵਿਸਮਾਦ ਤੇ ਜ਼ਿੰਦਗੀ ਦਾ ਸਹੀ ਅਰਥਾਂ ‘ਚ ਮਾਣਿਆ ਸੁਆਦ….! ਚੁੱਪ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਹੁੰਦੀ, ਸਮੱਸਿਆਵਾਂ ਦਾ ਹੱਲ ਹੁੰਦੀ? ਸੁੱਖ ਸਮੇਂ ਸੋਹਣਾ ਬੋਲਣਾ, ਦੁੱਖ ਸਮੇਂ ਘੱਟ ਬੋਲਣਾ ਹੀ ਲਿਆਕਤ, ਸਮੇਂ ਦੀ ਨਜ਼ਾਕਤ….!
ਜਿਸ ਨੂੰ ਵੀ ਸੁਣਨਾ ਆ ਜਾਵੇ, ਉਹਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ! ਖੁੱਲ੍ਹ ਕੇ ਹੱਸਣਾ, ਘੱਟ ਬੋਲਣਾ, ਚੁੱਪ ਰਹਿਣਾ ਅਤੇ ਵੱਧ ਸੁਣਨਾ ਸਾਡੀ ਸੋਚ ਨੂੰ ਵਿਸ਼ਾਲ ਕਰਦੇ, ਹਿਰਦੇ ਨੂੰ ਕਰੁਣਾ, ਹਮਦਰਦੀ ਤੇ ਨਿਰਮਾਣਤਾ ਨਾਲ ਭਰਦੇ….! ਚੁੱਪ ਰਹਿਣ ਤੋਂ ਬਾਅਦ ਬੋਲੇ ਗਏ ਥੋੜ੍ਹੇ ਸ਼ਬਦ ਵੀ ਵਧੇਰਾ ਅਸਰ ਕਰਦੇ….!
ਇਕੱਲ ਅਤੇ ਚੁੱਪ ਦਾ ਬੜਾ ਗਹਿਰਾ ਰਿਸ਼ਤਾ! ਇਕੱਲਾ ਬੰਦਾ ਚੁੱਪ ਰਹਿੰਦਾ, ਬਹੁਤ ਘੱਟ ਬੋਲਦਾ, ਵਧੇਰੇ ਸੋਚਦਾ! ਇਕੱਲੇ ਅਤੇ ਚੁੱਪ ਰਹਿ ਕੇ ਹੀ ਆਪਣੇ-ਆਪ ਨਾਲ ਗੱਲਾਂ ਹੁੰਦੀਆਂ, ਖੁਦ ਨੂੰ ਮਿਲਿਆ ਜਾਂਦਾ, ਕੁਝ ਸੁਣਿਆ, ਪੜ੍ਹਿਆ, ਲਿਖਿਆ ਜਾਂਦਾ….! ਅਕਸਰ ਚੁੱਪ ਰਹਿਣ ਵਾਲੇ, ਬਹੁਤਾ ਕੁਝ ਨਾ ਕਹਿਣ ਵਾਲੇ ਸ਼ਖਸ ਨੂੰ ਤੰਗ-ਪ੍ਰੇਸ਼ਾਨ ਨਾ ਕਰੋ ਚੁੱਪ ਦੀ ਸਮਾਧੀ ‘ਚ ਲੀਨ ਤਾਰਾਂ ਨੂੰ ਜਦ ਬੇ-ਮੌਕਾ ਛੇੜ ਬੈਠਦੇ ਹਾਂ ਤਾਂ ਕਈ ਵਾਰ ਵਿਦਰੋਹੀ ਸੁਰਾਂ ਪੈਦਾ ਹੁੰਦੀਆਂ ਨੇ!
ਚੁੱਪ ਦੇ ਵੀ ਕਈ ਰੂਪ ਹੁੰਦੇ ਕੋਈ ਆਪਣੇ ਸੁਭਾਅ ਕਾਰਨ ਚੁੱਪ ਰਹਿੰਦਾ, ਕੋਈ ਬੱਸ ਦੂਜਿਆਂ ਨੂੰ ਵਧੇਰੇ ਸੁਣਦਾ ਰਹਿੰਦਾ, ਕੋਈ ਗੁੱਸੇ ‘ਚ ਹੀ ਕੁਝ ਨਹੀਂ ਕਹਿੰਦਾ, ਬੱਸ ਭਰਿਆ-ਪੀਤਾ ਰਹਿੰਦਾ, ਕਿਸੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਦਾ, ਕੋਈ ਇਕੱਲਤਾ ਦਾ ਸ਼ਿਕਾਰ ਹੋਇਆ ਚੁੱਪ ਰਹਿੰਦਾ, ਕੋਈ ਸੰਤ, ਪੀਰ, ਗੁਰੂ, ਫ਼ਕੀਰ ਚੁੱਪ ਦੀ ਅਨੰਦਮਈ ਅਵਸਥਾ ‘ਚ ਪਹੁੰਚਿਆ ਬੋਲਣ ਦੀ ਜ਼ਰੂਰਤ ਹੀ ਨਹੀਂ ਸਮਝਦਾ, ਕਿਸੇ ਦੀਆਂ ਅੱਖਾਂ, ਹੱਥ ਬੋਲਦੇ, ਮੂੰਹ ਬੰਦ ਰਹਿੰਦਾ…..!
ਚੁੱਪ ਦਾ ਅਰਥ ਹਮੇਸ਼ਾ ਗੂੰਗੇ ਹੋਣਾ ਨਹੀਂ ਹੁੰਦਾ! ਕੀੜੇ-ਕੀੜੀਆਂ ਕਿਸੇ ਨੇ ਬੋਲਦੇ ਨਹੀਂ ਸੁਣੇ, ਜੀਵ-ਜੰਤੂ ਘੱਟ ਬੋਲਦੇ, ਅਕਸਰ ਚੁੱਪ ਰਹਿੰਦੇ ਪਰ ਗੂੰਗੇ ਨਹੀਂ ਹੁੰਦੇ….!
ਕਦੇ-ਕਦਾਈਂ ਇਕੱਲਤਾ ਦਾ ਸ਼ਿਕਾਰ ਹੋਇਆ ਬੰਦਾ ਵੀ ਚੁੱਪ ਹੋ ਜਾਂਦਾ, ਰਾਤਾਂ ਨੂੰ ਤ੍ਰਭਕ ਕੇ ਉੁੱਠਦਾ, ਸੁਪਨੇ ਲੈਣ ਤੋਂ ਡਰਦਾ….! ਅਜਿਹੀ ਹਾਲਤ ‘ਚ ਬੋਲਣ ਲਈ ਕਿਸੇ ਆਪਣੇ ਦੀ ਭਾਲ ਕਰਦਾ, ਪਰ ਕੋਈ ਹੁੰਗਾਰਾ ਹੀ ਨਹੀਂ ਭਰਦਾ….!
ਤੂਫਾਨ ਆਉਣ ਤੋਂ ਪਹਿਲਾਂ ਹਵਾਵਾਂ ਰੁਕ ਜਾਂਦੀਆਂ, ਚੁੱਪ ਹੋ ਜਾਂਦੀਆਂ….! ਪਾਣੀ ਗੂੰਗੇ ਨਹੀਂ ਹੁੰਦੇ…. ਜਦ ਵਿਦਰੋਹ ਕਰਦੇ ਤਾਂ ਤਬਾਹੀ ਮਚਾ ਦਿੰਦੇ, ਦਿਲ ਦਹਿਲਾ ਦਿੰਦੇ….!
ਦੁਨੀਆਂ ਦੀ ਭੀੜ ‘ਚ ਹੁਣ ਸ਼ੋਰ ਵਧ ਗਿਐ, ਸੰਗੀਤ ਵੀ ਸ਼ੋਰ ਬਣ ਗਿਐ, ਆਮ ਬੋਲ-ਚਾਲ ਵੀ ਸ਼ੋਰੀਲੀ ਹੋ ਗਈ, ਚੁੱਪ ਤਾਂ ਕਿਧਰੇ ਖੋ ਗਈ….! ਭੀੜ-ਭਰੇ ਬਾਜ਼ਾਰਾਂ ‘ਚ ਬੰਦਾ ਗਵਾਚੀ ਗਾਂ ਵਾਂਗੂੰ ਫਿਰਦਾ ਰਹਿੰਦਾ, ਅੰਦਰੋਂ ਥੋੜ੍ਹਾ ਕਦੇ ਬਹੁਤਾ, ਕਿਰਦਾ ਰਹਿੰਦਾ….! ਚੁੱਪ ਦਾ ਮਹੱਤਵ ਕਿੰਨਾ ਵਧ ਗਿਐ…..!
ਚੁੱਪ ਅਹਿਸਾਸ ਹੈ, ਜ਼ਜ਼ਬਾਤ ਹੈ, ਕੋਮਲ ਭਾਵਨਾਵਾਂ ਦੀ ਸੌਗਾਤ ਹੈ….! ਚੁੱਪ ਸਹਿਣਸ਼ੀਲਤਾ ਦਾ ਦੂਜਾ ਨਾਂਅ ਹੈ! ਇੱਥੇ ਹਰ ਕੋਈ ਇੱਕ-ਦੂਜੇ ਤੋਂ ਵਧ ਕੇ ਬੋਲਦਾ ਪਰ ਚੁੱਪ ਰਹਿਣਾ ਕਿਸੇ-ਕਿਸੇ ਨੂੰ ਆਉਂਦਾ! ਘਰ ‘ਚ ਨਿੱਤ ਦੀ ਹੁੰਦੀ ਕਿਚ-ਕਿਚ ਕਲੇਸ਼ ਪਾਉਂਦੀ, ਦੂਰੀਆਂ ਵਧਾਉਂਦੀ….. ਪਰ ਜੇ ਇੱਕ ਧਿਰ ਚੁੱਪ ਰਹਿਣ ਦਾ ਢੰਗ ਸਿੱਖ ਲਵੇ ਤਾਂ ਹੌਲੀ-ਹੌਲੀ ਦੂਜੀ ਧਿਰ ਵੀ ਬੋਲ-ਕੁਬੋਲ ਘਟਾ ਦਿੰਦੀ, ਗਲਤੀ ਦਾ ਅਹਿਸਾਸ ਹੋਣ ਲੱਗ ਜਾਂਦਾ, ਦੂਰ ਹੁੰਦਾ-ਹੁੰਦਾ ਕੋਈ ਪਾਸ ਹੋਣ ਲੱਗ ਜਾਂਦਾ….! ਚੁੱਪ ਰਹੋਗੇ ਤਾਂ ਗੁੱਸਾ ਘਟੇਗਾ, ਪਿਆਰ ਵਧੇਗਾ….!
ਘਰ ਤੋਂ ਬਾਹਰ, ਰਿਸ਼ਤੇਦਾਰਾਂ ਕੋਲ ਬਹੁਤਾ ਬੋਲਣਾ ਸੋਭਾ ਨਹੀਂ ਦਿੰਦਾ, ਚੁੱਪ ਸਾਡੀਆਂ ਕਈ ਕਮੀਆਂ ਢੱਕਦੀ, ਪਰਦੇ ਕੱਜਦੀ….! ਅਜ਼ਨਬੀਆਂ ਕੋਲ ਜਾਂ ਯਾਤਰਾ ਸਮੇਂ ਵੀ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ ਲੇਖਕ, ਕਲਾਕਾਰ, ਵਿਦਵਾਨ, ਮਨੋ-ਵਿਗਿਆਨੀ ਅਕਸਰ ਚੁੱਪ ਰਹਿੰਦੇ, ਤੇ ਚੁੱਪ ਦੇ ਸਾਗਰ ‘ਚ ਡੁਬਕੀ ਲਾ ਬੜਾ ਕੁਝ ਲੱਭ ਲੈਂਦੇ….!
ਪੜ੍ਹੇ ਜਾਣ ਤੋਂ ਪਹਿਲਾਂ ਪੁਸਤਕਾਂ ਚੁੱਪ ਹੁੰਦੀਆਂ, ਪੜ੍ਹਨ ਮਗਰੋਂ ਸਾਡੀ ਬੋਲਤੀ ਨੂੰ ਬੰਦ ਕਰਾ ਦਿੰਦੀਆਂ, ਸਾਨੂੰ ਚੁੱਪ ਰਹਿਣਾ ਸਿਖਾ ਦਿੰਦੀਆਂ…… ਚੰਗੀਆਂ ਕਿਤਾਬਾਂ ਅਕਲ ਦਿੰਦੀਆਂ, ਅਕਲ ਵਧੇਰੇ ਬੋਲਣ ਨਾਲੋਂ ਵਧੇਰੇ ਸੁਣਨਾ ਸਿਖਾਉਂਦੀ….!
ਚੁੱਪ ਸੋਚਣ ਲਈ ਮਜ਼ਬੂਰ ਕਰਦੀ, ਕਮੀਆਂ ਦੂਰ ਕਰਦੀ, ਸ਼ਬਦਾਂ, ਜਜ਼ਬਿਆਂ, ਅਹਿਸਾਸਾਂ ਤੇ ਭਾਵਨਾਵਾਂ ਨਾਲ ਭਰਪੂਰ ਕਰਦੀ….! ਸੋ, ਘੱਟ ਬੋਲਣਾ, ਵੱਧ ਸੁਣਨਾ ਸਿੱਖੋ, ਚੁੱਪ ਰਹਿਣਾ ਆਪੇ ਸਿੱਖ ਜਾਓਗੇ….!
ਪੁਰਾਣਾ ਸ਼ਹਿਰ ਕੋਟਕਪੂਰਾ (ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।