ਮੱਧ ਪ੍ਰਦੇਸ਼ ‘ਚ ਦੋ ਘੰਟਿਆਂ ‘ਚ 10 ਫੀਸਦੀ ਵੋਟਿੰਗ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ‘ਚ ਸੱਤ ਸੰਸਦੀ ਖੇਤਰਾਂ ‘ਚ ਅੱਜ ਸਵੇਰੇ ਸੱਤ ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਮਤਦਾਨ ਸ਼ੁਰੂ ਹੋ ਗਿਆ। ਸ਼ੁਰੂਆਤੀ ਦੋ ਘੰਟਿਆਂ ‘ਚ ਔਸਤਨ 10 ਫੀਸਦੀ ਵੋਟਿੰਗ ਹੋਈ। ਸ਼ਾਮ ਛੇ ਵਜੇ ਤੱਕ ਇੱਕ ਕਰੋੜ 19 ਲੱਖ ਤੋਂ ਜ਼ਿਆਦਾ ਵੋਟਰ ਵੋਟ ਪਾ ਸਕਣਗੇ। ਮਤਦਾਨ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲਾਇਨਾਂ ਦੇਖੀਆਂ ਜਾ ਰਹੀਆਂ ਹਨ। ਖਜੁਰਾਹੋ, ਟੀਕਮਗੜ, ਸਤਨਾ, ਰੀਵਾ, ਹੋਸ਼ੰਗਾਬਾਦ, ਦਮੋਹ ਅਤੇ ਬੈਤੂਲ ਸੰਸਦੀ ਸੀਟ ਲਈ ਮਤਦਾਨ ਹੋ ਰਿਹਾ ਹੈ।
ਕੁੱਲ ਪੰਦਰਾਂ ਹਜ਼ਾਰ ਦੋ ਸੌ ਚਾਲੀ ਮਤਦਾਨ ਕੇਂਦਰਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਰਾਹੀਂ ਵੋਟਿੰਗ ਹੋਵੇਗੀ ਅਤੇ ਸਾਰੇ 110 ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਬੰਦ ਹੋ ਜਾਵੇਗੀ। ਇਸ ਗੇੜ ‘ਚ ਟੀਕਮਗੜ (ਅਜਾ) ਖੇਤਰ ‘ਚ ਕੇਂਦਰੀ ਮੰਤਰੀ ਵਰਿੰਦਰ ਕੁਮਾਰ (ਭਾਜਪਾ) ਦੀ ਪ੍ਰਤਿਸ਼ਠਾ ਦਾਅ ‘ਤੇ ਲੱਗੀ ਹੈ। ਉਹਨਾਂ ਦਾ ਮੁਕਾਬਲਾ ਕਾਂਗਰਸ ਦੀ ਕਿਰਨ ਅਹਿਵਾਰ ਨਾਲ ਹੈ। ਇਸ ਤੋਂ ਇਲਾਵਾ ਦਮੋਹ ‘ਚ ਸਾਬਕਾ ਕੇਂਦਰੀ ਮੰਤਰੀ ਪ੍ਰਹਲਾਦ ਪਟੇਲ (ਭਾਜਪਾ) ਦਾ ਸਾਹਮਣਾ ਕਾਂਗਰਸ ਦੇ ਪ੍ਰਤਾਪ ਸਿੰਘ ਲੋਧੀ ਨਾਲ ਹੈ।
ਹੋਸ਼ੰਗਾਬਾਦ ‘ਚ ਭਾਜਪਾ ਦੇ ਵਰਤਮਾਨ ਸਾਂਸਦ ਰਾਵ ਉਦੈਪ੍ਰਤਾਪ ਸਿੰਘ ਅਤੇ ਕਾਂਗਰਸ ਦੇ ਸ਼ੈਲੇਂਦਰ ਆਹਮੋ ਸਾਹਮਣੇ ਹਨ। ਸਤਨਾ ‘ਚ ਮੌਜ਼ੂਦਾ ਸਾਂਸਦ ਗਣੇਸ਼ ਸਿੰਘ ਨੂੰ ਕਾਂਗਰਸ ਦੇ ਰਾਜਾਰਾਮ ਤ੍ਰਿਪਾਠੀ ਤੋਂ ਸਿੱਧ ਚੁਣੌਤੀ ਮਿਲ ਰਹੀ ਹੈ। ਖਜੁਰਾਹੋ ‘ਚ ਭਾਜਪਾ ਦੇ ਪ੍ਰਦੇਸ਼ ਮਹਾਂ ਮੰਤਰੀ ਵੀਡੀ ਸ਼ਰਮਾ ਅਤੇ ਕਾਂਗਰਸ ਦੀ ਕਵਿਤਾ ਸਿੰਘ ਦਰਮਿਆਨ ਰੋਚਕ ਮੁਕਾਬਲਾ ਹੈ। ਰੀਵਾ ‘ਚ ਭਾਜਪਾ ਦੇ ਜਨਾਰਦਨ ਮਿਸ਼ਰਾ ਅਤੇ ਕਾਂਗਰਸ ਦੇ ਸਿਧਾਰਥ ਤਿਵਾੜੀ ਅਤੇ ਬੈਤੂਲ ‘ਚ ਭਾਜਪਾ ਦੇ ਦੁਰਗਾਦਾਸ ਤੜਕੇ ਅਤੇ ਕਾਂਗਰਸ ਦੇ ਨੌਜਵਾਨ ਨੇਤਾ ਰਾਮੂ ਟੇਕਾਮ ਦਰਮਿਆਨ ਟੱਕਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।