ਟ੍ਰੇਡ ਤੇ ਇੰਡਸਟਰੀ ਸੈੱਲ ਦੀ ਪ੍ਰਧਾਨ ਹੈ ਨੀਨਾ ਮਿੱਤਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਟ੍ਰੇਡ ਅਤੇ ਇੰਡਸਟਰੀ ਸੈਲ ਦੀ ਪ੍ਰਧਾਨ ਨੀਨਾ ਮਿੱਤਲ ਵਾਸੀ ਰਾਜਪੁਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅੱਜ ਉਨ੍ਹਾਂ ਦੇ ਨਾਮ ਦੇ ਐਲਾਨ ਤੋਂ ਬਾਅਦ ਨੀਨਾ ਮਿੱਤਲ ਨੂੰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ।
ਇੱਕਤਰ ਵੇਰਵਿਆਂ ਅਨੁਸਾਰ 3 ਸਤੰਬਰ 1971 ਨੂੰ ਬੁਢਲਾਡਾ ਜ਼ਿਲ੍ਹਾ ਮਾਨਸਾ ਵਿਖੇ ਜਨਮੀ ਨੀਨਾ ਮਿੱਤਲ ਪਿਛਲੇ ਕਾਫ਼ੀ ਸਮੇਂ ਤੋਂ ਆਤਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਇਕਨੋਮਿਕਸ ਅਤੇ ਪੋਲੀਟਿਕਲ ਨਾਲ ਕੀਤੀ ਹੋਈ ਹੈ। ਨੀਲਾ ਮਿੱਤਲ ਅਨੁਸਾਰ ਉਹ ਆਮ ਆਦਮੀ ਪਾਰਟੀ ਦੀ ਸਾਲ 2016 ਵਿੱਚ ਮਹਿਲਾ ਵਿੰਗ ਦੀ ਜੋਨ ਕੁਆਰਡੀਨੇਟਰ ਵੀ ਰਹਿ ਚੁੱਕੀ ਹੈ ਅਤੇ ਸਾਲ 2017 ਵਿੱਚ ਸਟੇਟ ਵਾਇਸ ਪ੍ਰਧਾਨ ਵੀ ਰਹਿ ਚੁੱਕੀ ਹੈ। ਮੌਜੂਦਾ ਸਮੇਂ ਉਹ ਆਮ ਆਦਮੀ ਪਾਰਟੀ ਦੇ ਟ੍ਰੇਡ ਅਤੇ ਇੰਡਸਟਰੀ ਸੈਲ ਦੀ ਪ੍ਰਧਾਨ ਹਨ। ਨੀਨਾ ਮਿੱਤਲ ਦਾ ਦਿੱਲੀ ਵਿਖੇ ਵੀ ਆਪਣਾ ਮਕਾਨ ਹੈ ਅਤੇ ਉਹ ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਡਟੀ ਰਹੀ ਹੈ। ਰਾਜਪੁਰਾ ਵਾਸੀ ਨੀਨਾ ਮਿੱਤਲ ਦਾ ਚੰਗਾ ਕਾਰੋਬਾਰ ਹੈ ਅਤੇ ਪਿਛਲੇ ਦਿਨਾਂ ਤੋਂ ਉਸ ਨੂੰ ਟਿਕਟ ਮਿਲਣ ਦੀ ਚਰਚਾ ਸੀ, ਜੋਂ ਕਿ ਅੱਜ ਐਲਾਨ ਤੋਂ ਬਾਅਦ ਸੱਚ ਹੋ ਗਈ। ਨੀਨਾ ਮਿੱਤਲ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕਾਫ਼ੀ ਸਮੇਂ ਤੋਂ ਲੱਗੀ ਹੋਈ ਸੀ ਅਤੇ ਹਾਈਕਮਾਂਡ ਦਾ ਟਿਕਟ ਦੇਣ ਦੇ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਜ਼ਿਲ੍ਹੇ ਵਿੱਚ ਕਾਫ਼ੀ ਸਮੇਂ ਤੋਂ ਵਿਚਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਲੋਕ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਟਿਕਟ ਦੀ ਰੇਸ ਵਿੱਚ ਕਰਨਲ ਭਲਿੰਦਰ ਸਮੇਤ ਕਈ ਹੋਰ ਦਾਅਵੇਦਾਰਾਂ ਵੱਲੋਂ ਆਪਣੀਆਂ ਅਰਜ਼ੀਆਂ ਦਿੱਤੀਆਂ ਗਈਆਂ ਸਨ, ਪਰ ਹਾਈਕਮਾਂਡ ਵੱਲੋਂ ਪ੍ਰਨੀਤ ਕੌਰ, ਸੁਰਜੀਤ ਸਿੰਘ ਰੱਖੜਾ ਅਤੇ ਡਾ. ਗਾਂਧੀ ਦੇ ਮੁਕਾਬਲੇ ਨੀਨਾ ਮਿੱਤਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।