ਲੋਕ ਸਭਾ ਚੋਣਾਂ : ਰੈਲੀਆਂ ‘ਚ ਕਲਾਕਾਰ ਨਹੀਂ ਵਜਾਉਣਗੇ ਸਿਆਸੀ ਵਾਜੇ

Lok Sabha Elections, Artists, Rallies, Political

ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਭਾਅ ਕਾਰਨ ਮੱਧਮ ਪਈ ਸਮਾਗਮਾਂ ਦੀ ਸੰਭਾਵਨਾ

ਅਸ਼ੋਕ ਵਰਮਾ, ਬਠਿੰਡਾ

ਸਿਆਸੀ ਪੱਖ ਤੋਂ ਅਹਿਮ ਮੰਨੇ ਜਾਂਦੇ ਮਾਲਵੇ ਖਿੱਤੇ ‘ਚ ਐਤਕੀਂ ਵੋਟਰ ਪੰਜਾਬੀ ਕਲਾਕਾਰਾਂ ਦੀਆਂ ਸਿਆਸੀ ਪੇਸ਼ਕਾਰੀਆਂ ਤੋਂ ਮਹਿਰੂਮ ਰਹਿਣਗੇ ਖਰਚੇ ਦੇ ਪੱਖ ਤੋਂ ਸਖਤੀ ਨੇ ਸਿਆਸੀ ਲੋਕਾਂ ਦੇ ਪਹਿਲਾਂ ਹੀ ਵਾਜੇ ਵਜਾਏ ਪਏ ਹਨ, ਉੱਪਰੋਂ ਚੋਣ ਕਮਿਸ਼ਨ ਨੇ ਪ੍ਰੋਗਰਾਮਾਂ ਦੇ ਭਾਅ ਤੈਅ ਕਰ ਦਿੱਤੇ ਹਨ ਜਿਸ ਕਰਕੇ ਅਜਿਹੇ ਸਮਾਗਮਾਂ ਦੀ ਸੰਭਾਵਨਾ ਮੱਧਮ ਪੈ ਗਈ ਹੈ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਮੁਕਾਮੀ ਕਲਾਕਾਰਾਂ ਲਈ ਪ੍ਰਤੀ ਪ੍ਰੋਗਰਾਮ 30 ਹਜ਼ਾਰ ਰੁਪਏ ਦਾ ਖਰਚਾ ਤੈਅ ਕੀਤਾ ਗਿਆ ਹੈ ਜਦੋਂਕਿ ਨਾਮੀ ਕਲਾਕਾਰਾਂ ਲਈ ਇਹੋ ਦਰ ਦੋ ਲੱਖ ਰੁਪਏ ਹੋਵੇਗੀ ਹੈ ਇਸ ਤੋਂ ਬਿਨਾਂ ਲੋਕਾਂ ਦੇ ਬੈਠਣ ਲਈ ਦਰੀਆਂ, ਕੁਰਸੀਆਂ, ਸਾਊਂਡ ਅਤੇ ਰੈਲੀ ‘ਚ ਟਹਿਲ ਸੇਵਾ ਦੇ ਖਰਚੇ ਵੱਖਰੇ ਹਨ

ਹੁਣ ਜਦੋਂ ਲੋਕ ਸਭਾ ਚੋਣਾਂ ‘ਚ ਥੋੜ੍ਹਾ ਸਮਾਂ ਬਾਕੀ ਹੈ ਪਰ ਸਿਆਸੀ ਧਿਰਾਂ ਨੇ ਹਾਲੇ ਤੱਕ ਪੰਜਾਬੀ ਕਲਾਕਾਰਾਂ  ਦੀ ਬੁਕਿੰਗ ਸ਼ੁਰੂ ਨਹੀਂ ਕੀਤੀ ਹੈ ਪਹਿਲਾਂ ਪੰਜਾਬੀ ਗਾਇਕਾਂ ਨੂੰ ਚੋਣਾਂ ਦੇ ਦਿਨਾਂ ‘ਚ ਵਿਹਲ ਨਹੀਂ ਮਿਲਦੀ ਸੀ ਜਦੋਂਕਿ ਨਾਮਵਰ ਕਲਾਕਾਰ ਤਾਂ ਚੋਣਾਂ  ਵਾਲਾ ਮੇਲਾ ਲੁੱਟਣ ‘ਚ ਮੋਹਰੀ ਹੁੰਦੇ ਸਨ ਕਲਾਕਾਰ ਇਸ ਗੱਲੋਂ ਦੁਖੀ ਹਨ ਕਿ ਉਨ੍ਹਾਂ ਨੂੰ ਸਿਆਸੀ ਬੁਕਿੰਗ ਵੀ ਨਹੀਂ ਮਿਲੀ ਹੈ ਅਤੇ ਗਰਮੀ ਤੇ ਚੋਣਾਂ ਕਾਰਨ ਦੋ-ਢਾਈ ਮਹੀਨੇ ਚੰਗਾ ਸੀਜ਼ਨ ਵੀ ਠੰਢਾ ਰਹਿਣ ਦੀ ਸ਼ੰਕਾ ਬਣ ਗਈ ਹੈ ਬਠਿੰਡਾ ਦੇ ਕੁਝ ਕਲਾਕਾਰਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਬੰਨ੍ਹ ਕੇ ਬਿਠਾਉਣ ਵਾਸਤੇ ਚੋਣ ਰੈਲੀਆਂ ‘ਚ ਚੰਗੇ ਕਲਾਕਾਰ ਸੱਦਣੇ ਸਿਆਸੀ ਧਿਰਾਂ ਦੀ ਮਜ਼ਬੂਰੀ ਹੁੰਦੀ ਸੀ ਪਰ ਹੁਣ ਉਹ ‘ਅੱਛੇ ਦਿਨ’ ਨਹੀਂ ਰਹੇ ਹਨ ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ‘ਚ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਵੱਡੀਆਂ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ ਪਰ ਹਾਲ ਦੀ ਘੜੀ ਕਿਸੇ ਵੀ ਸਿਆਸੀ ਪਾਰਟੀ ਨੇ ਗਾਇਕਾਂ ਤੱਕ ਪਹੁੰਚ ਨਹੀਂ ਕੀਤੀ ਹੈ ਮਸ਼ਹੂਰ ਲੋਕ ਗਾਇਕ ਕੁਲਵਿੰਦਰ ਬਿੱਲਾ ਦੇ ਪ੍ਰੋਗਰਾਮਾਂ ਦੀ ਦੇਖ-ਰੇਖ ਕਰਨ ਵਾਲੇ ਉਨ੍ਹਾਂ ਦੇ ਚਚੇਰੇ ਭਰਾ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਕੋਈ ਵੀ ਸਿਆਸੀ ਧਿਰ ਹਾਲੇ ਤੱਕ ਬੁਕਿੰਗ ਵਾਸਤੇ ਨਹੀਂ ਆਈ ਹੈ

 ਮੋਗਾ ਇਲਾਕੇ ਨਾਲ ਸਬੰਧਿਤ ਗਾਇਕਾ ਮੁਮਤਾਜ ਗਿੱਲ ਨੇ ਵੀ ਸਿਆਸੀ ਮੰਦੇ ਦੀ ਗੱਲ ਆਖੀ ਹੈ ਉਨ੍ਹਾਂ ਕਿਹਾ ਕਿ ਹੋਰ ਪ੍ਰੋਗਰਾਮ ਤੇ ਕਾਫੀ ਮਿਲੇ ਹਨ ਪਰ ਹਾਲ ਦੀ ਘੜੀ ਕੋਈ ਨੇਤਾ ਜਾਂ ਉਨ੍ਹਾਂ ਦਾ ਬੰਦਾ ਬੁਕਿੰਗ ਤਾਂ ਦੂਰ ਪੁੱਛ ਪੜਤਾਲ ਲਈ ਵੀ ਨਹੀਂ ਆਇਆ ਹੈ ਗਾਇਕ ਹੈਪੀ ਰੰਦੇਵ ਨੇ ਵੀ ਸਿਆਸੀ ਪਾਰਟੀਆਂ ਦੇ ਪ੍ਰੋਗਰਾਮ ਨਾ ਆਉਣ ਦੀ ਪੁਸ਼ਟੀ ਕੀਤੀ ਹੈ ਉਂਜ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਾਸਰਸ ਕਲਾਕਾਰ ਭਗਵੰਤ ਮਾਨ ਨੂੰ ਮੌਜਾਂ ਹਨ ਜਿਨ੍ਹਾਂ ਵੱਲੋਂ ਕਲਾਕਾਰ ਦੇ ਰੂਪ ‘ਚ ਪੰਜਾਬ ਦੇ ਸੰਜੀਦਾ ਮਸਲਿਆਂ ‘ਤੇ ਗੱਲਾਂ ਕਰਨ ਦੇ ਨਾਲ-ਨਾਲ ਵਿਰੋਧੀ ਧਿਰਾਂ ਨੂੰ ਤਿੱਖੀਆਂ ਚੋਭਾਂ ਵੀ ਲਾਈਆਂ ਜਾ ਰਹੀਆਂ ਹਨ ਕੁਝ ਕਲਾਕਾਰਾਂ ਨੇ ਕਿਸੇ ਕਿਸਮ ਦੇ ਸਿਆਸੀ ਪ੍ਰਚਾਰ ਤੋਂ ਦੂਰ ਰਹਿਣ ਦੀ ਗੱਲ ਕਹੀ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਹਮਾਇਤ ਦੇਕੇ ਉਹ ਪ੍ਰਸੰਸਕਾਂ ਦੀ ਨਰਾਜ਼ਗੀ ਸਹੇੜਣਾ ਨਹੀਂ ਚਾਹੁੰਦੇ

ਫਿਲਹਾਲ ਕੋਈ ਬੁਕਿੰਗ ਨਹੀਂ ਹੋਈ

ਪੰਜਾਬ ਦੇ ਇੱਕ ਹੋਰ ਸਿਰਮੌਰ  ਕਲਾਕਾਰ ‘ਰਣਜੀਤ ਬਾਵਾ’ ਦੇ ਮੈਨੇਜਰ ਡਿਪਟੀ ਵੋਹਰਾ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਨੇ ਵਿਦੇਸ਼ ਦਾ ਟੂਰ ਪ੍ਰੋਗਰਾਮ ਬਣਾਇਆ ਹੈ, ਜਿਸ ਕਰਕੇ ਉਹ ਫਿਲਹਾਲ ਕੋਈ ਬੁਕਿੰਗ ਨਹੀਂ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਕਲਾਕਾਰ ਤਾਂ ਸਭਨਾਂ  ਦੇ ਸਾਂਝੇ ਹੁੰਦੇ ਹਨ ਇਸ ਲਈ ਜੇ ਕਿਸੇ ਵੀ ਸਿਆਸੀ ਪਾਰਟੀ ਤਰਫੋਂ ਸੱਦਾ ਮਿਲਿਆ ਤਾਂ ਪ੍ਰੋਗਰਾਮ ਜ਼ਰੂਰ ਕਰਨਗੇ

ਸੋਸ਼ਲ ਮੀਡੀਆ ‘ਤੇ ਭੰਡੀ ਪ੍ਰਚਾਰ ਦਾ ਭੈਅ

ਮੰਨਿਆ ਜਾ ਰਿਹਾ ਹੈ ਕਿ ਕਲਾਕਾਰਾਂ ਅਤੇ ਨੇਤਾਵਾਂ ਨੂੰ ਸੋਸ਼ਲ ਮੀਡੀਆ ‘ਤੇ ਹੁੰਦੇ ਭੰਡੀ ਪ੍ਰਚਾਰ ਦਾ ਭੈਅ ਸਤਾ ਰਿਹਾ ਹੈ ਨੇਤਾਵਾਂ ਨੂੰ ਚਿੰਤਾ ਹੈ ਕਿ ਗਾਇਕੀ ਨੂੰ ਲੈਕੇ ਕਿਸੇ ਗੱਲ ਦਾ ਸੋਸ਼ਲ ਮੀਡੀਆ ਤੇ ‘ਧੂਤਕੜਾ’ ਪੈ ਗਿਆ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ ਇੱਕ ਨਾਮੀ ਕਲਾਕਾਰ ਨੇ ਆਫ ਦਾ ਰਿਕਾਰਡ ਮੰਨਿਆ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਿੰਨਾਂ ਮੰਨੇ ਪ੍ਰਮੰਨੇ ਕਲਾਕਾਰਾਂ ਨੇ ਤੱਤਕਾਲੀ ਪੰਜਾਬ ਸਰਕਾਰ ਦੇ ਸੋਹਲੇ ਗਾਏ ਸਨ, ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਨ੍ਹਾਂ ਦੇ ਬੋਲ ਜਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ ਸਨ

ਕਲਾਕਾਰਾਂ ਕੋਲ ਵੀ ਕੰਮ ਦੀ ਤੋਟ

ਲੋਕ ਗਾਇਕਾ ਸਵਰ ਕੋਮਲ ਦੇ ਸਹਿਯੋਗੀ ਰਜੇਸ਼ ਜੀਤ ਲੁਧਿਆਣਾ ਦਾ ਕਹਿਣਾ ਸੀ ਕਿ ਐਤਕੀਂ ਤਾਂ ਗਾਇਕੀ ਦਾ ਧੁਰਾ ਅਖਵਾਉਂਦੇ ਲੁਧਿਆਣਾ ਵਿੱਚ ਬੁਰਾ ਹਾਲ ਹੈ ਅਤੇ ਸਥਾਨਕ ਕਲਾਕਾਰਾਂ ਕੋਲ ਵੀ ਕੰਮ ਦੀ ਤੋਟ ਹੈ ਉਨ੍ਹਾਂ ਦੱਸਿਆ ਕਿ ਕੁਝ ਗਾਇਕਾਂ ਨੇ ਤਾਂ ਚੋਣਾਂ ਨਾਲ ਸਬੰਧਿਤ ਗੀਤ ਵੀ ਲਿਖ ਲਏ ਸਨ, ਜਿਨ੍ਹਾਂ ਦੀ ਹੁਣ ਵੁੱਕਤ ਪੈਂਦੀ ਦਿਖਦੀ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।