ਕਾਂਗਰਸ ਤੇ ਆਪ ਨਹੀਂ ਜਾਰੀ ਕਰ ਰਹੇ ਲੋਕ ਸਭਾ ਚੋਣਾਂ ‘ਚ ਮਨੋਰਥ ਪੱਤਰ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਲੋਕ ਸਭਾ ਚੋਣਾਂ ਲਈ ‘ਸੰਕਲਪ’ ਨਹੀਂ ਲੈਣਗੀਆਂ, ਜਿਸ ਕਾਰਨ ਇਸ ਵਾਰ ਉਹ ਬਿਨਾਂ ਕੋਈ ਵਾਅਦਾ ਕੀਤੇ ਹੀ ਜਨਤਾ ਦੇ ਦਰਬਾਰ ਵਿੱਚ ਵੋਟਾਂ ਮੰਗਣ ਜਾਣਗੀਆਂ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਂਗ ਹੀ ਕਿਸੇ ਵੀ ਪਾਰਟੀ ਨੇ ਆਪਣੀ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ ਨਹੀਂ ਕੀਤਾ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਇਸ ਕਮੇਟੀ ਨੇ 5 ਤੋਂ ਜ਼ਿਆਦਾ ਮੀਟਿੰਗਾਂ ਕਰਦੇ ਹੋਏ ਲਗਭਗ ਆਪਣਾ ਚੋਣ ਮਨੋਰਥ ਪੱਤਰ ਮੁਕੰਮਲ ਕਰ ਲਿਆ ਹੈ, ਜਿਸ ਨੂੰ ਕਿ ਅਗਲੀਆਂ 2-3 ਮੀਟਿੰਗਾਂ ਵਿੱਚ ਆਖਰੀ ਰੂਪ ਦੇ ਦਿੱਤਾ ਜਾਏਗਾ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਵੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਪੰਜਾਬ ਵਿੱਚ ਐਲਾਨੇ ਤੇ ਅਣ-ਐਲਾਨੇ ਉਮੀਦਵਾਰ ਇਸ ਸਮੇਂ ਦਿਨ-ਰਾਤ ਇੱਕ ਕਰਦੇ ਹੋਏ ਜਨਤਾ ਦੇ ਦਰਬਾਰ ਵਿੱਚ ਮੱਥਾ ਟੇਕਦੇ ਹੋਏ ਹਾਜ਼ਰੀ ਲਗਵਾ ਰਹੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਹਰ ਪਾਰਟੀ ਦਾ ਉਮੀਦਵਾਰ ਵਾਅਦਿਆਂ ਦੀ ਟੋਕਰੀ ਲੈ ਕੇ ਜਾਣ ਦੀ ਬਜਾਇ ਖ਼ਾਲੀ ਹੱਥ ਹੀ ਵੋਟਰਾਂ ਦੇ ਦਰਵਾਜੇ ‘ਤੇ ਦਸਤਕ ਦੇ ਰਹੇ ਹਨ, ਜਿਸ ਦਾ ਕਾਰਨ ਹੈ ਕਿ ਕਿਸੇ ਵੀ ਪਾਰਟੀ ਨੇ ਵੋਟਰਾਂ ਨੂੰ ਵਾਅਦੇ ਕਰਨ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨਾ ਤਾਂ ਦੂਰ, ਇਸ ਮਨੋਰਥ ਪੱਤਰ ਨੂੰ ਤਿਆਰ ਕਰਨ ਵਾਲੀ ਕਮੇਟੀ ਦਾ ਗਠਨ ਤੱਕ ਨਹੀਂ ਕੀਤਾ ਹੈ, ਜਿਸ ਕਾਰਨ ਜਨਤਾ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਸਣੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਕੋਈ ਵੀ ਵਾਅਦਾ ਨਹੀਂ ਕਰਨਗੇ, ਜਿਸ ਨੂੰ ਕਿ ਬਾਅਦ ‘ਚ ਪੂਰਾ ਕਰਨਾ ਪਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।