ਰਾਤ ਦੀ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਦਿੱਤਾ ਧਰਨਾ

Farmers,, Power, Supply

ਬਿਜਲੀ ਸਪਲਾਈ ਦਿਨ ਵੇਲੇ ਕਰਨ ਦੀ ਮੰਗ

ਮਾਨਸਾ (ਸੁਖਜੀਤ ਮਾਨ) | ਖੇਤੀ ਮੋਟਰਾਂ ‘ਤੇ ਪਿਛਲੇ ਕੁੱਝ ਦਿਨਾਂ ਤੋਂ ਸਿਰਫ ਰਾਤ ਸਮੇਂ ਹੀ ਬਿਜਲੀ ਸਪਲਾਈ ਹੋਣ ਤੋਂ ਕਿਸਾਨ ਅੱਕ ਗਏ ਹਨ ਕਿਸਾਨਾਂ ਦਾ ਤਰਕ ਹੈ ਕਿ ਇਸ ਵੇਲੇ ਕਣਕ ਦੀ ਫਸਲ ਨੂੰ ਕਰੀਬ ਆਖਰੀ ਪਾਣੀ ਲੱਗ ਰਹੇ ਹਨ ਜੋ ਹੁਣ ਪੂਰੀ ਚੌਕਸੀ ਵਰਤ ਕੇ ਲਾਉਣੇ ਪੈ ਰਹੇ ਹਨ ਪਰ ਰਾਤ ਸਮੇਂ ਬਿਜਲੀ ਆਉਣ ਕਾਰਨ ਸਮੱਸਿਆਵਾਂ ਵਧ ਰਹੀਆਂ ਹਨ ਕਿਸਾਨਾਂ ਨੇ ਬਿਜਲੀ ਸਪਲਾਈ ਦਿਨ ਵੇਲੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਕਿਯੂ ਉਗਰਾਹਾਂ ਦੀ ਬਲਾਕ ਮਾਨਸਾ ਦੀ ਕਮੇਟੀ ਦੀ ਅਗਵਾਈ ‘ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਐਕਸੀਅਨ ਦਫ਼ਤਰ ਮਾਨਸਾ ਅੱਗੇ ਧਰਨਾ ਵੀ ਲਾਇਆ
ਇਸ ਧਰਨੇ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਹਰ ਸਰਕਾਰੀ ਮਹਿਕਮਾ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ ਕਿਸਾਨ ਆਗੂ ਨੇ ਕਿਹਾ ਕਿ ਕਹਿਣ ਨੂੰ ਤਾਂ ਕਿਸਾਨਾਂ ਨੂੰ ਅੰਨ੍ਹਦਾਤਾ ਜਾਂ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ਪਰ ਹਰ ਪੱਖ ਤੋਂ ਜਿੰਨ੍ਹਾਂ ਠਿੱਠ ਕਿਸਾਨਾਂ ਨੂੰ ਕੀਤਾ ਜਾਂਦਾ ਹੈ ਕਿਸੇ ਨੂੰ ਹੋਰ ਨਹੀਂ ਉਨ੍ਹਾਂ ਦੱਸਿਆ ਕਿ ਬਿਜਲੀ ਮਹਿਕਮੇ ਦੇ ਕਾਗਜਾਂ ਵਿੱਚ ਤਾਂ ਬਕਾਇਦਾ ਸਡਿਊਲ ਸਮਾਂ ਬਿਜਲੀ ਸਪਲਾਈ ਲਈ ਬਣਿਆ ਹੋਇਆ ਹੈ ਜਿਸ ਵਿੱਚ ਦਿਨ ਅਤੇ ਰਾਤ ਦੇ ਗਰੁੱਪਾਂ ਵਿੱਚ ਖੇਤੀ ਲਈ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਸਪਲਾਈ ਦੇਣ ਸਮੇਂ ਅਜਿਹਾ ਨਹੀਂ ਕਿਉਂਕਿ ਪਿਛਲੇ 15 ਦਿਨਾਂ ਤੋਂ ਦਿਨ ਵੇਲੇ ਬਿਜਲੀ ਸਪਲਾਈ ਬੰਦ ਕਰਕੇ ਰਾਤ ਨੂੰ ਹੀ ਦਿੱਤੀ ਜਾ ਰਹੀ ਹੈ ਜਿਸ ਦਾ ਕੋਈ ਸਮਾਂ ਵੀ ਨਿਸਚਿਤ ਨਹੀਂ ਉਨ੍ਹਾਂ ਆਖਿਆ ਕਿ ਹੁਣ ਕਣਕਾਂ ਨੂੰ ਦੋ ਆਖਰੀ ਪਾਣੀ ਪੂਰੀ ਚੌਕਸੀ ਨਾਲ ਦੇਣ ਦੀ ਲੋੜ ਹੈ ਇਸੇ ਤਰ੍ਹਾਂ ਮਿਰਚਾਂ ਸਮੇਤ ਹੋਰ ਸਬਜੀਆਂ ਵੱਡੀ ਪੱਧਰ ਤੇ ਕਿਸਾਨਾਂ ਨੇ ਬੀਜੀਆਂ ਹੋਈਆਂ ਹਨ ਇਹਨਾਂ ਨੂੰ ਵੀ ਸਿਰਫ ਲੋੜ ਅਨੁਸਾਰ ਦਿਨ ਵੇਲੇ ਪਾਣੀ ਦਿੱਤਾ ਜਾ ਸਕਦਾ ਹੈ ਕਈ ਵਾਰ ਵੱਧ ਪਾਣੀ ਦੇਣ ਨਾਲ ਫਸਲਾਂ ਨੁਕਸਾਨੀਆਂ ਜਾਂਦੀਆਂ ਹਨ ਇਸ ਲਈ ਖੇਤੀ ਲਈ ਦਿਨ ਵੇਲੇ ਮੋਟਰਾਂ ਚਲਾਉਂਣੀਆਂ ਫਾਇਦੇਬੰਦ ਹਨ ਪਰ ਬਿਜਲੀ ਮਹਿਕਮਾ ਉੱਕਾ ਹੀ ਕਿਸਾਨਾਂ ਵੱਲ ਧਿਆਨ ਨਹੀਂ ਦੇ ਰਿਹਾ ਕਿਸਾਨ ਆਗੂ ਨੇ ਮਹਿਕਮੇ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿਸਾਨਾਂ ਦੀਆਂ ਖੇਤੀ ਮੋਟਰਾਂ ਤੋਂ ਸਵਾਏ ਹੋਰ ਕਿਹੜਾ ਅਦਾਰਾ ਹੈ ਜਿਸ ਨੂੰ ਦਿਨ ਵੇਲੇ ਸਪਲਾਈ ਬੰਦ ਕਰਕੇ ਰਾਤ ਨੂੰ ਸਪਲਾਈ ਹੁੰਦੀ ਹੋਵੇ ਮਾਨਸਾ ਬਲਾਕ ਦੇ ਪ੍ਰਧਾਨ ਜਗਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਰਜਾ ਮੁਕਤੀ ਤਾਂ ਕੀ ਦੇਣੀ ਸੀ ਸਗੋਂ ਖੇਤੀ ਮੋਟਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਦਿਨ ਵੇਲੇ ਦੇਣ ਵਿੱਚ ਵੀ ਨਾਕਾਮ ਰਹੀ ਹੈ ਇਸ ਮੌਕੇ ਮਹਿਕਮੇ ਦੇ ਸੁਪਰਡੈਂਟ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨਾਲ ਬਿਜਲੀ ਸਪਲਾਈ ਵਿੱਚ ਵਿਤਕਰੇਬਾਜੀ ਬੰਦ ਨਾ ਕੀਤੀ ਤਾਂ ਸੜਕ ਜਾਮ ਲਾਉਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ
ਇਸ ਮੌਕੇ ਲਾਭ ਸਿੰਘ ਖੋਖਰ ਕਲਾਂ, ਬਿੱਟੂ ਸਿੰਘ ਖੋਖਰ ਖੁਰਦ, ਭੋਲਾ ਸਿੰਘ ਮਾਖਾ, ਗੋਰਾ ਸਿੰਘ ਰਾਠੀ ਪੱਤੀ ਭੈਣੀ ਬਾਘਾ, ਮੇਜਰ ਸਿੰਘ ਠੂਠਿਆਂਵਾਲੀ,  ਮੱਖਣ ਸਿੰਘ ਹੀਰੇਵਾਲਾ, ਕਾਕਾ ਸਿੰਘ ਰਮਦਿੱਤੇਵਾਲਾ, ਨੈਬ ਸਿੰਘ ਔਤਾਂਵਾਲੀ ਅਤੇ ਬਲਕਰਨ ਸਿੰਘ ਡੇਲੂਆਣਾ ਆਦਿ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।