ਪੰਜਾਬ ‘ਚ ਵੱਡੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਬਣਾ ਰਹੇ ਸਨ ਯੋਜਨਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਅੱਜ ਸਮਾਜ ਵਿਰੋਧੀ ਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪੰਜਾਬ ‘ਚ ਵੱਡੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਮਿਲੀ ਵਿਸ਼ੇਸ਼ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈੱਲ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਅੰਮ੍ਰਿਤਸਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਦੀ ਮੁੱਢਲੀ ਜਾਂਚ ਅਨੁਸਾਰ ਅਜਨਾਲਾ ਦੇ ਬਲਜੀਤ ਸਿੰਘ, ਗੁਰਦੁਆਰਾ ਬਾਬਾ ਬਕਾਲਾ ਦੇ ਜਗਦੇਵ ਸਿੰਘ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਪਾਸੋਂ .32 ਬੋਰ ਦੇ ਦੋ ਪਿਸਟਲਾਂ ਸਮੇਤ 3 ਮੈਗਜ਼ੀਨਾਂ ਅਤੇ 14 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਹਨਾਂ ਅੱਗੇ ਕਿਹਾ ਕਿ ਬਲਜੀਤ ਸਿੰਘ, ਜਗਦੇਵ ਸਿੰਘ ਅਤੇ ਮਨਜੀਤ ਸਿੰਘ ਵੱਖ-ਵੱਖ ਕੱਟੜਪੰਥੀ ਜਥੇਬੰਦੀਆਂ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਵਿਚ ਕੱਟੜਪੰਥੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਇਹ ਤਿੰਨੋ ਸੋਸ਼ਲ ਮੀਡੀਆ ਜ਼ਰੀਏ ਇੱਕ-ਦੂਜੇ ਦੇ ਸੰਪਰਕ ਵਿਚ ਆਏ ਤੇ ਧਾਰਮਿਕ ਮਾਮਲਿਆਂ ਨਾਲ ਜੁੜੇ ਵਿਅਕਤੀਆਂ ਤੇ ਹਿੰਦੂ ਸ਼ਿਵ ਸੈਨਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਉਹਨਾਂ ਦੱਸਿਆ ਕਿ ਦੋਸ਼ੀਆਂ ਨੇ ਇਹ ਹਥਿਆਰ ਇੰਦੌਰ, ਮੱਧ ਪ੍ਰਦੇਸ਼ ਤੋਂ ਖਰੀਦੇ ਸਨ। ਉਹਨਾਂ ਅੱਗੇ ਕਿਹਾ ਬਰਾਮਦ ਕੀਤੇ ਹਥਿਆਰਾਂ ਦੇ ਅਸਲ ਮੂਲ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਪਲਾਇਰ ਦੀ ਪਛਾਣ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਗਰੁੱਪ ਦੇ ਨੈੱਟਵਰਕ ਤੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਇਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਦੋਸ਼ੀਆਂ ਨੂੰ ਕੱਟੜਪੰਥੀ ਜਥੇਬੰਦੀਆਂ ਦੁਆਰਾ ਫੰਡ ਦੇ ਕੇ ਕੰਮ ਕਰਵਾਏ ਜਾ ਰਹੇ ਸਨ। ਇਸ ਤੋਂ ਇਲਾਵਾ, ਗ੍ਰਿਫਤਾਰ ਮੁਲਜ਼ਮਾਂ ਦੇ ਭਾਰਤੀ ਅਤੇ ਵਿਦੇਸ਼ੀ ਸੰਪਰਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਐੱਸਐੱਸਓਸੀ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਆਰਮਸ ਐਕਟ ਦੀ ਧਾਰਾ 25 ਤਹਿਤ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ