ਹੁਣ ਕੋਈ ਵੀ ਤਬਾਦਲਾ ਕਰਨ ਤੋਂ ਪਹਿਲਾਂ ਲੈਣੀ ਪਵੇਗੀ ਚੋਣ ਕਮਿਸ਼ਨ ਦੀ ਮਨਜ਼ੂਰੀ
ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਦੇ ਚੁੱਕੀ ਐ ਅੰਡਰਟੇਕਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਹੁਣ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਤਬਾਦਲਾ ਨਹੀਂ ਹੋ ਸਕੇਗਾ, ਕਿਉਂਕਿ ਹੁਣ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਇਹ ਅਧਿਕਾਰ ਖੋਹ ਲਏ ਹਨ। ਜੇਕਰ ਪੰਜਾਬ ਸਰਕਾਰ ਕਿਸੇ ਅਧਿਕਾਰੀ ਦਾ ਤਬਾਦਲਾ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਕਾਰਨ ਦੱਸਣ ਦੇ ਨਾਲ ਹੀ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਿਖਤ ਰੂਪ ਵਿੱਚ ਚੋਣ ਕਮਿਸ਼ਨ ਨੂੰ ਅੰਡਰਟੇਕਿੰਗ ਵੀ ਦੇ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਹੇਠਲੇ ਪੱਧਰ ਦੇ ਅਧਿਕਾਰੀ, ਜਿਨ੍ਹਾਂ ਦੀ ਡਿਊਟੀ ਚੋਣ ਪ੍ਰਕਿਰਿਆ ਵਿੱਚ ਨਹੀਂ ਲੱਗੀ ਹੈ, ਉਨ੍ਹਾਂ ਦੇ ਤਬਾਦਲੇ ਪੰਜਾਬ ਸਰਕਾਰ ਚੋਣ ਕਮਿਸ਼ਨ ਦੀ ਜਾਣਕਾਰੀ ਵਿੱਚ ਲੈ ਕੇ ਆਉਂਦੇ ਹੋਏ ਚੋਣ ਜ਼ਾਬਤਾ ਲੱਗਣ ਤੱਕ ਕਰ ਸਕਦੀ ਹੈ। ਇਸ ਸਬੰਧੀ ਅਧਿਕਾਰਤ ਪੁਸ਼ਟੀ ਮੁੱਖ ਚੋਣ ਅਧਿਕਾਰੀ ਕਰੁਣਾ ਐਸ ਰਾਜੂ ਵੱਲੋਂ ਵੀ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਆਦੇਸ਼ ਜਾਰੀ ਕੀਤੇ ਸਨ ਕਿ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਦੇ ਜਿਹੜੇ ਵੀ ਤਬਾਦਲੇ ਕਰਨੇ ਹਨ, ਉਸ ਨੂੰ 20 ਫਰਵਰੀ ਤੱਕ ਮੁਕੰਮਲ ਕਰ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਲਿਖਤੀ ਰੂਪ ਵਿੱਚ ਅੰਡਰਟੇਕਿੰਗ ਸੂਬਾ ਸਰਕਾਰ ਨੂੰ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਕਾਂਗਰਸ ਸਰਕਾਰ ਵਲੋਂ ਤਬਾਦਲੇ ਕਰਨ ਵਿੱਚ ਕੁਝ ਦੇਰੀ ਕੀਤੀ ਗਈ ਹੈ ਅਤੇ ਤੈਅ ਸੀਮਾ ਤੋਂ ਬਾਅਦ ਵੀ ਤਬਾਦਲੇ ਕੀਤੇ ਗਏ ਹਨ ਪਰ 25 ਫਰਵਰੀ ਤੱਕ ਪੰਜਾਬ ਸਰਕਾਰ ਨੇ ਆਪਣੇ ਸਾਰੇ ਤਬਾਦਲੇ ਦੇ ਕੰਮ ਨੂੰ ਨਿਪਟਾਉਂਦੇ ਹੋਏ ਚੋਣ ਕਮਿਸ਼ਨ ਨੂੰ ਅੰਡਰਟੇਕਿੰਗ ਦੇ ਦਿੱਤੀ ਹੈ।
ਮੁੱਖ ਚੋਣ ਅਧਿਕਾਰੀ ਕਰੁਣਾ ਐਸ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਆਪਣੀ ਕਾਰਵਾਈ ਸ਼ੁਰੂ ਕਰ ਚੁੱਕਾ ਹੈ ਅਤੇ ਹੁਣ ਤੋਂ ਬਾਅਦ ਪੰਜਾਬ ਸਰਕਾਰ ਕੋਈ ਵੀ ਤਬਾਦਲਾ ਨਹੀਂ ਕਰ ਸਕਦੀ ਹੈ ਹਾਲਾਂਕਿ ਛੋਟੇ ਮੋਟੇ ਤਬਾਦਲੇ ਕਰਨ ਦੀ ਫਿਲਹਾਲ ਇਜਾਜ਼ਤ ਸਰਕਾਰ ਕੋਲ ਰਹੇਗੀ ਪਰ ਵੱਡੇ ਪੱਧਰ ‘ਤੇ ਇਹ ਨਹੀਂ ਹੋ ਸਕਦਾ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਅੰਡਰਟੇਕਿੰਗ ਦੇ ਨਾਲ ਹੀ ਸਾਰੀ ਰਿਪੋਰਟ ਨੂੰ ਲੈ ਕੇ ਉਹ ਖ਼ੁਦ ਕੌਮੀ ਚੋਣ ਕਮਿਸ਼ਨ ਨੂੰ ਭੇਜ ਚੁੱਕੇ ਹਨ ਅਤੇ ਇਸ ਸਮੇਂ ਜਿਹੜੇ ਜਿਹੜੇ ਅਧਿਕਾਰੀ ਤੈਨਾਤ ਹਨ, ਉਨਾਂ ਦੀ ਸਾਰੀ ਜਾਣਕਾਰੀ ਚੋਣ ਕਮਿਸ਼ਨ ਕੋਲ ਹੈ ਅਤੇ ਹੁਣ ਇਹ ਅਧਿਕਾਰੀ ਚੋਣ ਕਮਿਸ਼ਨ ਲਈ ਹੀ ਕੰਮ ਕਰਨਗੇ।
15 ਮਾਰਚ ਤੱਕ ਨਹੀਂ ਲੱਗੇਗਾ ਚੋਣ ਜ਼ਾਬਤਾ
ਦੇਸ਼ ਭਰ ਵਿੱਚ ਆਮ ਚੋਣਾਂ ਸਬੰਧੀ ਚੋਣ ਜ਼ਾਬਤਾ 10 ਮਾਰਚ ਤੋਂ ਪਹਿਲਾਂ ਨਹੀਂ ਲੱਗੇਗਾ, ਕਿਉਂਕਿ ਚੋਣ ਕਮਿਸ਼ਨ ਦੇ ਸਾਰੇ ਅਧਿਕਾਰੀਆਂ ਵੱਲੋਂ ਦੇਸ਼ ਭਰ ਵਿੱਚ ਦੌਰਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਲਗਭਗ 10 ਮਾਰਚ ਦੇ ਕਰੀਬ ਹੀ ਇਹ ਦੌਰਾ ਕੀਤਾ ਜਾਵੇਗਾ। ਜਿਸ ਤੋਂ ਬਾਅਦ ਦਿੱਲੀ ਵਿਖੇ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਜਿਸ ਕਾਰਨ ਇਸ ਸਾਰੇ ਕੰਮ ਨੂੰ ਮੁਕੰਮਲ ਕਰਨ ਵਿੱਚ 15 ਮਾਰਚ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਦੱਸਿਆ ਜਾ ਰਿਹਾ ਹੈ ਕਿ ਆਮ ਚੋਣਾਂ ਲਈ ਜ਼ਾਬਤਾ 15 ਮਾਰਚ ਤੋਂ ਬਾਅਦ ਹੀ ਲੱਗੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।