ਚੱਟੋ ਉਪਾਧਿਆਏ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਕੀਤੇ ਸਵਾਲ
ਨਾਭਾ (ਤਰੁਣ ਕੁਮਾਰ ਸ਼ਰਮਾ) । ਨਾਭਾ ਵਿਖੇ ਪੁੱਜੇ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੇ ਵੱਖ ਵੱਖ ਅਪਰਾਧਾਂ ਵਿੱਚ ਸਿਆਸਤਦਾਨਾਂ ਤਾਂ ਸ਼ਾਮਲ ਹਨ ਹੀ ਬਲਕਿ ਪੁਲਿਸ ਵੀ ਸ਼ਾਮਲ ਹੈ, ਫਿਰ ਚਾਹੇ ਅਪਰਾਧ ਲੁੱਟ ਖੋਹ ਦਾ ਹੋਵੇ ਜਾਂ ਵਿੱਤੀ ਪੱਧਰ ਦੇ ਹੋਣ ਜਾਂ ਹੋਰ ਕਿਸਮ ਦੇ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕਾਂਗਰਸੀ ਵਿਧਾਇਕ ਵੀ ਕਰ ਰਹੇ ਹਨ। ਜੀਰੇ ਦੇ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਹੈ ਕਿ ਮਾਫੀਆ ਸਰਗਰਮ ਹੈ ਅਤੇ ਪੁਲਿਸ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਚੱਟੋਉਪਦਿਆਏ ਦੀ ਰਿਪੋਰਟ ਤੋ ਸਾਫ ਹੈ ਕਿ ਡਰੱਗ ਮਨੀ ਟ੍ਰੇਲ ਦਾ ਪੈਸਾ ਡੀਜ਼ੀਪੀ ਤੱਕ ਵੀ ਪੁੱਜਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ‘ਸਿਟ’ ਨੇ ਵੀ ਕਈ ਸਿਆਸੀ ਆਗੂਆਂ ਵੱਲ ਇਸ਼ਾਰਾ ਕੀਤਾ ਸੀ ਜਿਨ੍ਹਾਂ ਸੰਬੰਧੀ ਰਿਪੋਰਟ ਪੇਸ਼ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਅਤੇ ਕਾਕਾ ਰਣਦੀਪ ਸਿੰਘ ਨੇ ਕਹਿ ਦਿੱਤਾ ਹੈ ਕਿ ਸੂਬੇ ਵਿੱਚ ਨਸ਼ਾ ਅਜੇ ਬੰਦ ਨਹੀਂ ਹੋਇਆ ਹੈ ਅਤੇ ਡਰੱਗ ਮਾਫੀਆ ਅਜੇ ਵੀ ਸਰਗਰਮ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਵੱਡੀਆਂ ਖ਼ਬਰਾਂ ਹੇਠ ਇਹ ਮੁੱਦੇ ਦਬ ਜਾਂਦੇ ਹਨ ਜਦਕਿ ਅਜੇ ਤੱਕ ਕੋਈ ਵੀ ਵੱਡਾ ਮਗਰਮੱਛ ਜਾਂ ਤਸਕਰ ਕਾਬੂ ਨਹੀ ਕੀਤਾ ਗਿਆ ਹੈ ਜਦਕਿ ਸੂਬੇ ਵਿੱਚ ਅੱਜ ਵੀ ਹਰ ਰੋਜ਼ ਕਿਸੇ ਨਾ ਕਿਸੇ ਥਾਂ ਨਸ਼ੇ ਕਾਰਨ ਨੌਜਵਾਨ ਆਪਣੇ ਜੀਵਨ ਤੋ ਹੱਥ ਧੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।