ਕਾਰ ਸੜਕ ਕੰਢੇ ਖੜ੍ਹੇ ਟਰਾਲੇ ਨਾਲ ਟਕਰਾਈ
ਮਾਛੀਵਾੜਾ ਸਾਹਿਬ (ਰਘਬੀਰ ਸਿੰਘ) । ਮਾਛੀਵਾੜਾ ਸਾਹਿਬ ਲਾਗੇ ਸਰਹਿੰਦ ਨਹਿਰ ਦੇ ਗੜੀ ਪੁਲ ਲਾਗੇ ਅੱਜ ਸਵੇਰੇ ਸੁਵੱਖਤੇ ਸੰਘਣੀ ਧੁੰਦ ਕਾਰਨ ਇੱਕ ਕਾਰ ਸੜਕ ਕੰਢੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ 42 ਸਾਲ ਵਾਸੀ ਗੰਗੂਵਾਲ ਤੇ ਰਿਸ਼ੀਪਾਲ ਸਿੰਘ 32 ਸਾਲ ਵਾਸੀ ਬਣੀ ਥਾਣਾ ਆਨੰਦਪੁਰ ਸਾਹਿਬ ਵਜੋਂ ਹੋਈ ਹੈ ਜਦੋਂਕਿ ਜ਼ਖਮੀਆਂ ਵਿੱਚ ਮ੍ਰਿਤਕ ਅਵਤਾਰ ਸਿੰਘ ਦੀ ਪਤਨੀ ਹਰਪਾਲ ਕੌਰ, ਸੱਸ ਗੁਰਮੀਤ ਕੌਰ ਤੇ ਪੁੱਤਰੀ ਸਹਿਜਲੀਨ ਸ਼ਾਮਲ ਹਨ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਕਾਰ ‘ਚੋਂ ਕੱਢਿਆ ਤੇ ਪੋਸਟਮਾਰਟਮ ਲਈ ਭੇਜਿਆ। ਜ਼ਖਮੀਆਂ ਨੂੰ ਮਾਛੀਵਾੜਾ ਸਾਹਿਬ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਆਪਣੇ ਦੋਸਤ ਰਿਸ਼ੀਪਾਲ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਪਿੰਡ ਗੰਗੂਵਾਲ ਤੋਂ ਲੁਧਿਆਣਾ ਵੱਲ ਕਾਰ ਰਾਹੀਂ ਆ ਰਿਹਾ ਸੀ। ਜਦੋਂ ਉਹ ਮਾਛੀਵਾੜਾ ਲਾਗੇ ਪਿੰਡ ਗੜੀ ਨਹਿਰ ਦੇ ਪੁਲ ਲਾਗੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਇਸ ਦਰਦਨਾਕ ਹਾਦਸੇ ਵਿੱਚ ਅਵਤਾਰ ਸਿੰਘ ਤੇ ਰਿਸ਼ੀਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਅਵਤਾਰ ਸਿੰਘ ਦੀ ਪਤਨੀ, ਸੱਸ ਅਤੇ ਪੁੱਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਾਛੀਵਾੜ ਸਾਹਿਬ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚੋਂ ਕੱਢਿਆ ਤੇ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭੇਜਿਆ। ਉੱਧਰ ਜਾਣਕਾਰੀ ਮਿਲੀ ਹੈ ਕਿ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ। ਪੁਲਿਸ ਮੁਤਾਬਕ ਟਰਾਲਾ ਮਾਲਕ ਮੌਕੇ ਤੋਂ ਫਰਾਰ ਹੈ ਤੇ ਉਸ ਦੀ ਪਛਾਣ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।