ਸਾਂਝਾ ਅਧਿਅਪਕ ਮੋਰਚਾਂ ਵੱਲੋਂ ਸ਼ੇਰਾ ਵਾਲਾ ਗੇਟ ਤੱਕ ਰੋਸ ਮਾਰਚ, ਆਗੂਆਂ ਨੇ ਸਿੱਖਿਆ ਮੰਤਰੀ ਤੇ ਸਰਕਾਰ ‘ਤੇ ਵਿੰਨ੍ਹੇ ਨਿਸ਼ਾਨੇ | Patiala News
ਪਟਿਆਲਾ (ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ਪੰਜ ਅਧਿਆਪਕ ਆਗੂਆਂ ਦੀ ਨੌਕਰੀ ਤੋਂ ਕੀਤੀ ਛੁੱਟੀ ਦੀ ਅੱਗ ਸਰਕਾਰੀ ਸਕੂਲਾਂ ਵਿੱਚ ਵੀ ਪੁੱਜ ਗਈ ਹੈ। ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਅਧਿਆਪਕਾਂ ਦੇ ਹੱਕ ਵਿੱਚ ਅਤੇ ਸਰਕਾਰ ਵਿਰੁੱਧ ਨਾਅਰੇ ਬੁਲੰਦ ਕਰਨ ਲੱਗੇ ਹਨ। ਅੱਜ ਸਰਕਾਰੀ ਸਕੂਲ ਕਕਰਾਲਾ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਰਕਾਰ ਵੱਲੋਂ ਟਰਮੀਨੇਟ ਕੀਤੇ ਗਏ ਅਧਿਆਪਕਾਂ ਦੇ ਆਰਡਰਾਂ ਦੀ ਕਾਪੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। (Patiala News)
ਇੱਧਰ ਦੂਜੇ ਬੰਨੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਸ਼ਾਮ ਨੂੰ ਪਟਿਆਲਾ ਵਿਖੇ ਵੀ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ‘ਚ ਭਾਂਜੜ ਮੱਚੀ ਰਹੀ। ਜਾਣਕਾਰੀ ਅਨੁਸਾਰ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਐੱਸਐੱਸਏ/ਰਮਸਾ ਅਧਿਅਪਕਾਂ ਦਾ ਛਿੜਿਆ ਸੰਘਰਸ਼ ਇੱਕ ਵਾਰ ਸਿੱਖਿਆ ਮੰਤਰੀ ਦੇ ਭਰੋਸੇ ਤੋਂ ਬਾਅਦ ਮੁੜ ਭਖ ਗਿਆ ਹੈ। ਉਂਜ ਸਿੱਖਿਆ ਮੰਤਰੀ ਵੱਲੋਂ ਖੁਦ ਧਰਨੇ ‘ਚ ਪੁੱਜ ਕੇ ਸਾਰੀਆਂ ਟਰਮੀਨੇਸ਼ਨਾਂ, ਬਦਲੀਆਂ ਤੇ ਹੋਰ ਮੰਗਾਂ ਸਬੰਧੀ ਖੁੱਲ੍ਹੇ ਮੰਚ ਤੋਂ ਵਾਪਸ ਲੈਣ ਦੀ ਗੱਲ ਆਖੀ ਗਈ ਸੀ, ਪਰ ਅੱਜ ਪੰਜ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਭਰਤ ਕੁਮਾਰ, ਹਰਵਿੰਦਰ ਰੱਖੜਾ, ਦੀਦਾਰ ਮੁੱਦਕੀ ਤੇ ਹਰਜੀਤ ਜੀਦਾ ਨੂੰ ਟਰਮੀਨੇਟ ਕਰਨ ਤੋਂ ਬਾਅਦ ਇਸ ਦਾ ਵਿਰੋਧ ਸਰਕਾਰੀ ਸਕੂਲਾਂ ‘ਚ ਵੀ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : Big Update : ਭਾਰਤ-ਪਾਕਿਸਤਾਨ ਸਰਹੱਦ ’ਤੇ ਰੀਟਰੀਟ ਸਮਾਰੋਹ ਦੇ ਸਮੇਂ ’ਚ ਬਦਲਾਅ
ਐੱਸਐੱਸਏ ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ ਨੂੰ ਸਿੱਖਿਆ ਵਿਭਾਗ ਵੱਲੋਂ ਨੌਕਰੀ ਤੋਂ ਕੱਢਣ ਤੋਂ ਬਾਅਦ ਸਰਕਾਰੀ ਸਕੂਲ ਕਕਰਾਲਾ ਵਿਖੇ ਸਟਾਫ਼ ਤੇ ਵਿਦਿਆਥੀਆਂ ਵੱਲੋਂ ਆਰਡਰ ਦੀ ਕਾਪੀ ਸਾੜ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿÎਦਿਆਰਥੀਆਂ ਨੇ ਨਾਅਰੇ ਮਾਰਦਿਆਂ ਸਰਕਾਰ ਤੋਂ ਆਪਣੇ ਅਧਿਆਪਕਾਂ ਨੂੰ ਵਾਪਸ ਦੇਣ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਉਨ੍ਹਾਂ ਦੇ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ।
ਅਧਿਆਪਕ ਆਗੂਆਂ ਦੀ ਛੁੱਟੀ ਆਉਣ ਵਾਲੇ ਦਿਨਾਂ ਅੰਦਰ ਸਰਕਾਰ ਲਈ ਸਿਰਦਰਦੀ ਖੜ੍ਹੀ ਕਰ ਸਕਦੀ ਹੈ, ਕਿਉਂਕਿ ਪਟਿਆਲਾ ਵਿਖੇ ਸ਼ਾਮ ਪੰਜ ਵਜੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਮੋਰਚੇ ਨਾਲ ਜੁੜੇ ਅਧਿਆਪਕਾਂ ਵੱਲੋਂ ਆਪਣਾ ਰੋਸ ਮਾਰਚ ਨਹਿਰੂ ਪਾਰਕ ਤੋਂ ਸ਼ੁਰੂ ਕਰਦਿਆਂ ਸ਼ਾਮ ਨੂੰ ਸ਼ੇਰਾ ਵਾਲਾ ਗੇਟ ਵਿਖੇ ਧਰਨਾ ਠੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਆਪਕਾਂ ਨਾਲ ਸਾਏ ਦੀ ਤਰ੍ਹਾਂ ਚੱਲ ਰਹੀ ਸੀ, ਕਿਉਂਕਿ ਪੁਲਿਸ ਨੂੰ ਡਰ ਸੀ ਕਿ ਕਿਤੇ ਅਧਿਆਪਕ ਮੁੜ ਮੋਤੀ ਮਹਿਲਾਂ ਅੱਗੇ ਨਾ ਪੁੱਜ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ।
ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ
ਪੁਸ਼ਪਿੰਦਰ ਹਰਪਾਲਪੁਰ, ਵਿਕਰਮ ਦੇਵ ਸਿੰਘ, ਕਰਮਿੰਦਰ ਸਿੰਘ, ਸੰਦੀਪ ਰਾਜਪੁਰਾ, ਪਰਮਵੀਰ ਸਿੰਘ, ਕੁਲਦੀਪ ਪਟਿਆਲਵੀ, ਅਤਿੰਦਰਪਾਲ ਘੱਗਾ, ਕਪੂਰ ਸਿੰਘ, ਅਮਨਦੀਪ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਗੈਰ ਜਿੰਮੇਵਾਰਾਨਾ ਰਵੱਈਆ ਅਪਣਾਉਂਦਿਆਂ ਡੇਢ ਮਹੀਨਾ ਬੀਤਣ ਦੇ ਬਾਵਜ਼ੂਦ ਆਪਣੇ ਕਿਸੇ ਵੀ ਐਲਾਨ ਨੂੰ ਪੂਰਾ ਨਹੀਂ ਕੀਤਾ, ਸਗੋਂ ਵਾਅਦਾ ਖਿਲਾਫੀ ਕਰਦਿਆਂ ਬੀਤੇ ਦਿਨੀਂ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਨ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ। (Patiala News)
ਲੋਹੜੀ ਵਾਲੇ ਦਿਨ ਸਾਰੀਆਂ ਮੁਅੱਤਲੀਆਂ ਰੱਦ ਕਰਕੇ ਅਧਿਆਪਕਾਂ ਨੂੰ ਲੋਹੜੀ ਦੇ ਤੋਹਫੇ ਦੇ ਰੂਪ ‘ਚ ਪ੍ਰਚਾਰਨ ਵਾਲੇ ਆਪਣੇ ਬਿਆਨ ਤੋਂ ਪਲਟੀ ਮਾਰਦਿਆਂ ਅੱਜ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸੰਘਰਸ਼ਾਂ ‘ਚ ਹਿੱਸਾ ਲੈਣ ਕਾਰਨ ਬਰਖਾਸਤ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਹਨ। ਅਧਿਆਪਕ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮਨਜੂਰਸ਼ੁਦਾ ਛੁੱਟੀ ਵਾਲੇ ਅਧਿਆਪਕਾਂ ਦੇ ਧਰਨੇ ‘ਚ ਹਿੱਸਾ ਲੈ ਕੇ ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰਕੇ ਅਧਿਆਪਕ ਆਗੂਆਂ ਦੀਆਂ ਕੀਤੀਆਂ ਬਰਖਾਤਗੀਆਂ ਸਰਕਾਰ ਦੀ ਤਾਨਸ਼ਾਹੀ ਦਾ ਸਿਖਰ ਹਨ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਵਾਅਦਾ ਖਿਲਾਫੀ ਦੇ ਵਿਰੋਧ ‘ਚ ਸਰਕਾਰ ਖਿਲਾਫ ਵਿਆਪਕ ਸੰਘਰਸ਼ ਵਿੱਢਿਆ ਜਾਵੇਗਾ ਤੇ ਇਸ ਦਾ ਸਿਆਸੀ ਖਮਿਆਜ਼ਾ ਭੁਗਤਨ ਲਈ ਸਰਕਾਰ ਤਿਆਰ ਰਹੇ।