ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਦੋਹਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਵਧਾਉਣ ‘ਤੇ ਜ਼ੋਰ
ਖੇਤੀਬਾੜੀ, ਜਲ ਪ੍ਰਬੰਧਨ ਅਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਕਰਨ ਬਾਰੇ ਵਿਚਾਰਾਂ
ਚੰਡੀਗੜ। ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਇਕ ਵਫਦ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫਦ ਦਾ ਸਵਾਗਤ ਕੀਤਾ ਅਤੇ ਦੋਹਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਵਧਾਉਣ ‘ਤੇ ਜ਼ੋਰ ਦਿੱਤਾ। ਇਸ ਵਫਦ ਵਿਚ ਕੈਲੀਫੋਰਨੀਆ ਵਿਧਾਨ ਸਭਾ ਦੇ 6 ਵਿਧਾਇਕਾਂ ਤੋਂ ਇਲਾਵਾ ਕੁਝ ਅਧਿਕਾਰੀ ਸ਼ਾਮਲ ਸਨ।
ਸਪੀਕਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਜਿਸ ਤਰਾਂ ਅਮਰੀਕਾ ਵਿਚ ਕੈਲੀਫੋਰਨੀਆ ਸੂਬਾ ਖੇਤੀਬਾੜੀ ਵਿਚ ਮੋਹਰੀ ਹੈ ਉਸੇ ਤਰਾਂ ਪੰਜਾਬ ਸੂਬਾ ਖੇਤੀਬਾੜੀ ਉਤਪਾਦਨ ਵਿਚ ਭਾਰਤ ਦਾ ਅੱਵਲ ਨੰਬਰ ਰਾਜ ਹੈ। ਉਨਾਂ ਕਿਹਾ ਕਿ ਦੋਹਾਂ ਰਾਜਾਂ ਨੂੰ ਖੇਤੀਬਾੜੀ ਅਤੇ ਜਲ ਪ੍ਰਬੰਧਨ ਵਰਗੇ ਮੁੱਦਿਆਂ ‘ਤੇ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ।ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੋਹਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨੂੰ ਸਮੇਂ-ਸਮੇਂ ‘ਤੇ ਇਕ ਦੂਜੇ ਦੇ ਦੇਸ਼ਾਂ ਦਾ ਦੌਰਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਕਾਸ ਅਤੇ ਤਰੱਕੀ ਦੇ ਨਾਲ-ਨਾਲ ਆਪਸੀ ਸਦਭਾਵਨਾ, ਸ਼ਾਂਤੀ ਅਤੇ ਪਿਆਰ ਦਾ ਆਦਾਨ-ਪ੍ਰਦਾਨ ਹੋ ਸਕੇ ਜਿਸ ਸਦਕਾ ਦੋਵਾਂ ਦੇਸ਼ਾਂ ਦੇ ਸਮਾਜਿਕ-ਰਾਜਸੀ ਰਿਸ਼ਤਿਆਂ ਵਿਚ ਹੋਰ ਸੁਧਾਰ ਆਵੇਗਾ।
ਸਪੀਕਰ ਨੇ ਖੇਤੀਬਾੜੀ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਸੰਖੇਪ ਵੇਰਵਾ ਵੀ ਦਿੱਤਾ। ਇਸ ਮੌਕੇ ਹਾਜ਼ਰ ਵਿਧਾਇਕ ਪਰਗਟ ਸਿੰਘ ਨੇ ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪੰਜਾਬ ਵਿਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਬਾਰੇ ਵਿਚਾਰ-ਚਰਚਾ ਵੀ ਕੀਤੀ। ਅਮਰੀਕੀ ਵਫਦ ਵੱਲੋਂ ਜਿੱਥੇ ਪੰਜਾਬ ਵਿਧਾਨ ਸਭਾ ਦੀ ਵਿਲੱਖਣ ਇਮਾਰਤ ਦੀ ਤਾਰੀਫ ਕੀਤੀ ਗਈ ਉੱਥੇ ਹੀ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀ ਵੀ ਜੰਮ ਕੇ ਸ਼ਲਾਘਾ ਕੀਤੀ। ਵਫਦ ਮੈਂਬਰਾਂ ਨੇ ਦੋਵਾਂ ਦੇਸ਼ਾਂ ਖਾਸ ਕਰ ਪੰਜਾਬ ਅਤੇ ਕੈਲੀਫੋਰਨੀਆ ਸੂਬਿਆਂ ਦੇ ਆਪਸੀ ਮਿਲਵਰਤਣ ‘ਤੇ ਜ਼ੋਰ ਦਿੱਤਾ ਅਤੇ ਉਮੀਦ ਪ੍ਰਗਵਾਈ ਕਿ ਭਵਿੱਖ ਵਿਚ ਦੋਵੇਂ ਸੂਬੇ ਮਿਲ ਕੇ ਕੁਝ ਖਾਸ ਖੇਤਰਾਂ ਵਿਚ ਆਪਸੀ ਸਹਿਯੋਗ ਕਰਨਗੇ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਧਾਨ ਸਭਾ ਦੇ ਵਫਦ ਦੀ ਅਗਵਾਈ ਵਿਧਾਇਕ ਅਸ਼ ਕਾਲੜਾ ਨੇ ਕੀਤੀ ਜਦਕਿ ਬਾਕੀ ਵਿਧਾਇਕਾਂ ਵਿਚ ਸੀਸੀਲੀਆ ਐਗੁਆਰ ਕੈਰੀ, ਰਿਚਰਡ ਬਲੂਮ, ਐਲੋਏਸ ਗੋਮਜ਼ ਰੇਜ਼, ਸ਼ੈਰੋਨ ਕੁਇਰਕ ਸਿਲਵਾ ਅਤੇ ਮਾਰ ਸਟੋਨ ਸ਼ਾਮਲ ਸਨ। ਇਸ ਤੋਂ ਇਲਾਵਾ ਪੰਜਾਬ ਦੇ ਵਿਧਾਇਕ ਪਰਗਟ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਅਤੇ ਸਪੀਕਰ ਦੇ ਸਕੱਤਰ ਰਾਮ ਲੋਕ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।